(ਸਮਾਜ ਵੀਕਲੀ)
ਬਾਬੇ ਬੁੱਲੇ ਨੇ ਕਿਹਾ ਸੀ ਛਿੰਝ ਪੈਣੀ
ਤੂੰ ਦਿੱਲੀ ਪੈਂਦੀ ਛਿੰਝ ਵੇਖ ਲੈ
ਵੇ ਹਾਕਮਾਂ, ਤੂੰ ਦਿੱਲੀ ਪੈਂਦੀ ਛਿੰਝ ਵੇਖ ਲੈ।
ਦਿੱਤੀ ਤੇਰੇ ਹੱਥ ਡੋਰ ਇਨ੍ਹਾਂ ਕਿਰਤੀ ਕਿਸਾਨਾਂ
ਉਹੀ ਬੈਠੇ ਦਰ ਤੇਰੇ ਦੇਖੇ ਸਾਰਾ ਹੀ ਜ਼ਮਾਨਾ
ਤੈਨੂੰ ਦਿਸਦਾ ਨਹੀਂ ਤਾਂ ਖੋਪੇ ਲਾਹ ਕੇ ਵੇਖ ਲੈ
ਵੇ ਹਾਕਮਾਂ, ਤੂੰ ਦਿੱਲੀ ਪੈਂਦੀ ਛਿੰਝ ਵੇਖ ਲੈ।
ਜ਼ੁਲਮ ਕਰਨ ਸਰਕਾਰਾਂ ਲੋਕੀ ਉੱਠ ਹੀ ਪੈਂਦੇ ਨੇ
ਸਾਡਾ ਹੱਕ ਸਾਨੂੰ ਦੇਹ ਲੋਕੀ ਇਹੋ ਹੀ ਕਹਿੰਦੇ ਨੇ
ਹੱਕਾਂ ਵਾਲੇ ਇਹ ਕੋਕੇ ਜੜਦੇ ਨੇ ਕਿੰਝ ਵੇਖ ਲੈ
ਵੇ ਹਾਕਮਾਂ, ਤੂੰ ਦਿੱਲੀ ਪੈਂਦੀ ਛਿੰਝ ਵੇਖ ਲੈ।
ਹੋਵੇ ਲੋਕ ਰਾਜ, ਲੋਕਾਂ ਦੀ ਕੋਈ ਗੱਲ ਨਾ ਸੁਣੇ
ਕਾਹਦਾ ਹਾਕਮ ਜੋ ਆਪ ਹੀ ਤਾਂ ਸਾਜਿਸ਼ਾ ਬੁਣੇ
ਸਾਡੀ ਨਿਮਰਤਾ ਤੇ ਆਪਣੀ ਤੂੰ ਹਿੰਢ ਵੇਖ ਲੈ
ਵੇ ਹਾਕਮਾਂ, ਤੂੰ ਦਿੱਲੀ ਪੈਂਦੀ ਛਿੰਝ ਵੇਖ ਲੈ।
ਗਦਰੀ ਬਾਬੇ, ਭਗਤ ਸਰਾਭੇ ਹੱਕ ਲੈਣ ਨੇ ਆਏ
ਆਜ਼ਾਦੀ ਲਈ ਲੜਨੇ ਵਾਲੇ ਜਾਪਣ ਕਿਉਂ ਪਰਾਏ
ਅਸੀਂ ਹਰਨਾਂ ਨੀ ਤੇਥੋਂ ਰੂਹ ਸਾਡੀ ਪਿੰਜ ਵੇਖ ਲੈ
ਵੇ ਹਾਕਮਾਂ, ਤੂੰ ਦਿੱਲੀ ਪੈਂਦੀ ਛਿੰਝ ਵੇਖ ਲੈ।
ਪਹਿਲਾਂ ਨੇ ਮਜ਼ਦੂਰ ਮਰੇ ਹੁਣ ਕਿਰਸਾਨਾਂ ਦੀ ਵਾਰੀ
ਬਹਿ ਕੇ ਕੁਰਸੀ ਦੇ ਉੱਤੇ ਕਿਉਂ ਮੱਤ ਜਾਂਦੀ ਮਾਰੀ
ਗੱਲ ਸਿੱਧੀ ਜਹੀ ਸਾਡੀ ਤੂੰ ਆਪਣੀ ਤੜਿੰਗ ਵੇਖ ਲੈ
ਵੇ ਹਾਕਮਾਂ, ਤੂੰ ਦਿੱਲੀ ਪੈਂਦੀ ਛਿੰਝ ਵੇਖ ਲੈ।
ਦਿੱਤਾ ਕਿਰਤੀ ਕਿਸਾਨਾਂ ਦਾ ਜੋ ਅੰਨ ਖਾ ਰਿਹੈਂ
ਪਿੰਡ ਮਾਰਨੇ ਦਾ ਜਿਹੜਾ ਸਾਨੂੰ ਡੰਨ ਲਾ ਰਿਹੈਂ
ਰਹੂ ਸਦਾ ਹੀ ਜੀਊਂਦਾ ਆ ਜਾ ਪਿੰਡ ਵੇਖ ਲੈ
ਵੇ ਹਾਕਮਾਂ, ਤੂੰ ਦਿੱਲੀ ਪੈਂਦੀ ਛਿੰਝ ਵੇਖ ਲੈ।
ਵੇ ਜ਼ਾਲਮਾਂ, ਤੂੰ ਦਿੱਲੀ ਪੈਂਦੀ ਛਿੰਝ ਵੇਖ ਲੈ।