ਸਨਅਤੀ ਸ਼ਹਿਰ ਦੇ ਲੋਕਾਂ ਲਈ ਮੁਸੀਬਤ ਬਣਾਇਆ ਬੁੱਢਾ ਦਰਿਆ ਦਾ ਖ਼ਤਰਾ ਹਾਲੇ ਵੀ ਬਰਕਰਾਰ ਹੈ, 24 ਘੰਟੇ ਬਾਅਦ ਵੀ ਬੁੱਢੇ ਦਰਿਆ ਦਾ ਪਾਣੀ ਹਾਲੇ ਘੱਟਿਆ ਨਹੀਂ ਹੈ, ਜਿਸ ਕਾਰਨ ਬੁੱਢੇ ਦਰਿਆ ਲਾਗੇ ਰਹਿਣ ਵਾਲੇ ਲੱਖਾਂ ਦੀ ਆਬਾਦੀ ਸਹਿਮੀ ਹੋਈ ਹੈ। ਸਤਲੁਜ ਵਿੱਚ ਪਾਣੀ ਵਧਿਆ ਹੋਣ ਕਾਰਨ ਬੀਤੇ ਦਿਨੀਂ ਬੁੱਢੇ ਦਰਿਆ ਦਾ ਪਾਣੀ ਸਨਅਤੀ ਸ਼ਹਿਰ ਦੇ ਕਈ ਇਲਾਕਿਆਂ ਵਿੱਚ ਵੜ ਗਿਆ ਸੀ। ਜਿਸ ਕਾਰਨ ਸ਼ਿਵਪੁਰੀ, ਨਿਉ ਕੁੰਦਨਪੁਰੀ ਤੇ ਢੋਕਾ ਮੁਹੱਲੇ ਦੀਆਂ ਸੜਕਾਂ ਪਾਣੀ ਨਾਲ ਭਰ ਗਈਆਂ ਤੇ ਕਈ ਲੋਕਾਂ ਦੇ ਘਰ ਵੀ ਬੁੱਢੇ ਦਰਿਆ ਦੇ ਪਾਣੀ ਨਾਲ ਭਰ ਗਏ ਸਨ। ਹੁਣ 24 ਘੰਟੇ ਬਾਅਦ ਵੀ ਬੁੱਢਾ ਦਰਿਆ ਖ਼ਤਰੇ ਦੇ ਨਿਸ਼ਾਨ ਤੋਂ ਉਪਰ ਚੱਲ ਰਿਹਾ ਹੈ, ਜਿਸ ਕਾਰਨ ਇਸਦੇ ਨਾਲ ਵੱਸੇ ਲੱਖਾਂ ਲੋਕਾਂ ਦੀਆਂ ਚਿੰਤਾਵਾਂ ਵਧੀਆਂ ਹੋਈਆਂ ਹਨ। ਦੱਸ ਦਈਏ ਕਿ ਬੁੱਢਾ ਦਰਿਆ ਸ਼ਹਿਰ ਦੇ 14 ਕਿੱਲੋਮੀਟਰ ਦੇ ਇਲਾਕੇ ਵਿੱਚੋਂ ਲੰਘਦਾ ਹੈ, ਬੁੱਢੇ ਦਰਿਆ ਵਿੱਚ ਸ਼ਹਿਰ ਦੇ ਸੈਂਕੜੇ ਇਲਾਕਿਆਂ ਦਾ ਸੀਵਰੇਜ ਦਾ ਪਾਣੀ ਡਿੱਗਦਾ ਹੈ, ਜੋ ਕਿ ਅੱਗੇ ਟਰੀਟਮੈਂਟ ਪਲਾਂਟ ਤੋਂ ਟਰੀਟ ਹੋ ਕੇ ਸਤਲੁਜ ਵਿੱਚ ਜਾਂਦਾ ਹੈ। ਹੁਣ ਸਤਲੁਜ ਵਿੱਚ ਪਾਣੀ ਦਾ ਪੱਧਰ ਵਧਿਆ ਹੋਣ ਕਾਰਨ ਬੁੱਢੇ ਦਰਿਆ ਦਾ ਪਾਣੀ ਵਾਪਸ ਸ਼ਹਿਰ ਵੱਲ ਆ ਰਿਹਾ ਹੈ, ਜਿਸ ਕਾਰਨ ਬੁੱਢੇ ਦਰਿਆ ਨੇੜੇ ਨੀਵੇਂ ਇਲਾਕਿਆਂ ਵਿੱਚ ਇਸਦਾ ਜ਼ਿਆਦਾ ਮਾਰ ਪਈ ਹੈ। ਇਸਦੇ ਨਾਲ ਸ਼ਹਿਰ ਵਿੱਚ ਕਈ ਪੁਆਇੰਟ ਅਜਿਹੇ ਹਨ ਜੋ ਕੱਚੇ ਹਨ, ਉਨ੍ਹਾਂ ਦੇ ਬਰਾਬਰ ਬੁੱਢੇ ਦਰਿਆ ਦਾ ਪਾਣੀ ਚੱਲ ਰਿਹਾ ਹੈ, ਜਿਸ ਕਾਰਨ ਉਥੇ ਦੇ ਲੋਕਾਂ ਦੀ ਚਿੰਤਾ ਵਧੀ ਹੋਈ ਹੈ। ਬੁੱਢੇ ਦਰਿਆ ਦਾ ਪਾਣੀ ਓਵਰ ਫਲੋਅ ਹੋ ਕੇ ਸ਼ਹਿਰ ਦੇ ਸ਼ਿਵਪੁਰੀ, ਮਾਧੋਪੁਰੀ, ਢੋਕਾ ਮੁਹੱਲਾ, ਕੁੰਦਨਪੁਰੀ, ਕਸ਼ਮੀਰ ਨਗਰ ਅਤੇ ਗੋਸ਼ਾਲਾ ਰੋਡ ’ਤੇ ਭਰ ਗਿਆ ਹੈ। ਹਾਲੇ ਵੀ ਬੁੱਢੇ ਦਰਿਆ ਵਿੱਚ ਪਾਣੀ ਦਾ ਪੱਧਰ ਘੱਟ ਨਹੀਂ ਹੋ ਰਿਹਾ ਹੈ। ਅਜਿਹੇ ਵਿੱਚ ਸ਼ਹਿਰ ਦੇ ਕਈ ਹੋਰ ਇਲਾਕਿਆਂ ਵਿੱਚ ਸੀਵਰੇਜ਼ ਦੀ ਸਮੱਸਿਆ ਸ਼ੁਰੂ ਹੋ ਗਏ ਹਨ। ਰਾਹੋਂ ਰੋਡ ਇਲਾਕੇ ਵਿੱਚ ਕਾਫ਼ੀ ਥਾਵਾਂ ’ਤੇ ਸੀਵਰੇਜ਼ ਜਾਮ ਹੋ ਚੁੱਕਿਆ ਹੈ। ਨਗਰ ਨਿਗਮ ਦੇ ਅਫ਼ਸਰ ਵੀ ਹੁਣ ਇੰਤਜ਼ਾਰ ਕਰ ਰਹੇ ਹਨ ਕਿ ਕਦੋਂ ਬੁੱਢੇ ਦਰਿਆ ਵਿੱਚ ਪਾਣੀ ਦਾ ਪੱਧਰ ਘੱਟੇ ਤਾਂ ਹੀ ਸ਼ਹਿਰ ਦੇ ਕਈ ਇਲਾਕਿਆਂ ਵਿੱਚ ਸੀਵਰੇਜ਼ ਜਾਮ ਦੀ ਸਮੱਸਿਆ ਦੂਰ ਹੋਵੇਗੀ। ਬੁੱਢੇ ਦਰਿਆ ਦੀ ਸਫ਼ਾਈ ਦੀ ਜਿੰਮੇਵਾਰੀ ਨਗਰ ਨਿਗਮ ਦੀ ਹੈ, ਹਰ ਸਾਲ ਮੌਨਸੂਨ ਤੋਂ ਪਹਿਲਾਂ ਕਰੋੜਾਂ ਰੁਪਏ ਖ਼ਰਚ ਕਰਕੇ ਨਗਰ ਨਿਗਮ ਸਿੰਜਾਈ ਵਿਭਾਗ ਤੋਂ ਸਫ਼ਾਈ ਕਰਵਾਉਂਦਾ ਹੈ। ਪਰ ਕਰੋੜਾਂ ਖ਼ਰਚਣ ਦੇ ਬਾਵਜੂਦ ਬੀਤੇ ਦਿਨੀਂ ਬੁੱਢੇ ਦਰਿਆ ਦਾ ਪਾਣੀ ਕਈ ਥਾਵਾਂ ਤੋਂ ਬਾਹਰ ਆ ਗਿਆ। ਉਧਰ, ਨਗਰ ਨਿਗਮ ਦੇ ਨਿਗਰਾਨ ਇੰਜਨੀਅਰ ਰਾਜਿੰਦਰ ਸਿੰਘ ਦਾ ਕਹਿਣਾ ਹੈ ਕਿ ਬੁੱਢੇ ਦਰਿਆ ਦਾ ਪਾਣੀ ਪੱਧਰ ਹਾਲੇ ਜ਼ਿਆਦਾ ਹੈ, ਜਿੱਥੇ ਵੀ ਖ਼ਤਰਨਾਕ ਪੁਆਇੰਟ ਹਨ ਉਥੇ ਅਫ਼ਸਰ ਨਜ਼ਰ ਰੱਖ ਰਹੇ ਹਨ, ਨਾਲ ਹੀ ਉਥੇ ਰੇਤ ਤੇ ਮਿੱਟੀ ਦੀਆਂ ਭਰੀਆਂ ਬੋਰੀਆਂ ਲਗਾਈਆਂ ਜਾ ਰਹੀਆਂ ਹਨ।
INDIA 24 ਘੰਟਿਆਂ ਮਗਰੋਂ ਵੀ ਨਹੀਂ ਘਟਿਆ ਬੁੱਢਾ ਦਰਿਆ ਦਾ ਪਾਣੀ