23 ਸਾਲਾ ਕਿਸਾਨ ਪ੍ਰੀਤਪਾਲ ਸਿੰਘ ਖੇਤਾਂ ’ਚ ਬਿਨਾ ਅੱਗ ਲਗਾਏ ਉੱਨਤ ਖੇਤੀ ਦੀ ਬਣਿਆ ਮਿਸਾਲ

ਹੁਸ਼ਿਆਰਪੁਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਜ਼ਿਲ੍ਹੇ ਦੇ ਪਿੰਡ ਚੱਕ ਬਾਮੂ ਦੇ ਨਿਵਾਸੀ 23 ਸਾਲਾ ਕਿਸਾਨ ਪ੍ਰੀਤਪਾਲ ਸਿੰਘ ਨੇ 70 ਏਕੜ ਜ਼ਮੀਨ ਵਿਚ ਖੇਤੀ ਦਾ ਅਨੌਖਾ ਢੰਗ ਅਪਨਾਇਆ ਹੈ, ਜਿਸ ਵਿਚੋਂ ਜ਼ਿਆਦਾਤਰ ਜ਼ਮੀਨ ਉਹ ਠੇਕੇ ’ਤੇ ਲੈ ਕੇ ਬਗੈਰ ਪਰਾਲੀ ਨੂੰ ਅੱਗ ਲਗਾਏ ਫਸਲ ਬੀਜਦਾ ਹੈ। ਉਸ ਦੀ ਖਾਸ ਗੱਲ ਇਹ ਹੈ ਕਿ ਉਹ ਪਿਛਲੇ 4 ਸਾਲਾ ਤੋਂ ਬਿਨਾ ਪਰਾਲੀ ਜਲਾਏ ਖੇਤਾਂ ਵਿਚ ਝੋਨੇ ਦੀ ਕਟਾਈ ਉਪਰੰਤ ਕਣਕ ਦੀ ਬੀਜਾਈ ਕਰਦਾ ਆ ਰਿਹਾ ਹੈ। ਇਸ ਲਈ ਉਹ ਝੋਨੇ ਦੀ ਰਹਿੰਦ-ਖੂਹੰਦ ਨੂੰ ਹਟਾਏ ਬਿਨਾ ਸਿੱਧੇ ਉਸ ’ਤੇ ਕਣਕ ਦੇ ਬੀਜ ਦਾ ਛਿੜਕਾਅ ਕਰਦਾ ਹੈ ਅਤੇ ਫਿਰ ਕਟਰ ਦੀ ਮਦਦ ਨਾਲ ਬੀਜਾਈ ਕਰਦਾ ਹੈ। ਪ੍ਰੀਤਪਾਲ ਸਿੰਘ ਦਾ ਕਹਿਣਾ ਹੈ ਕਿ ਇਸ ਢੰਗ ਨਾਲ ਨਾ ਕੇਵਲ ਖੇਤਾਂ ਵਿਚ ਨਦੀਨ ਘੱਟ ਹੁੰਦੀ ਹੈ ਬਲਕਿ ਫ਼ਸਲ ਦਾ ਉਤਪਾਦਨ ਵੀ ਰਵਾਇਤੀ ਖੇਤੀ ਦੇ ਮੁਕਾਬਲੇ ਬਿਹਤਰ ਹੁੰਦਾ ਹੈ। ਇਸ ਦੇ ਨਾਲ ਹੀ ਖੇਤੀ ਦੀ ਲਾਗਤ ਵਿਚ ਵੀ ਕਮੀ ਆਉਂਦੀ ਹੈ। ਬਾਕੀ 34 ਏਕੜ ਵਿਚ ਜਿਥੇ ਝੋਨੇ ਦੀ ਪਰਾਲੀ ਨੂੰ ਜਲਾਉਣ ਦੀ ਜ਼ਰੂਰਤ ਮਹਿਸੂਸ ਹੁੰਦੀ ਸੀ, ਉਹ ਸੁਪਰ ਸੀਡਰ ਤਕਨੀਕ ਦਾ ਇਸਤੇਮਾਲ ਕਰ ਰਿਹਾ ਹੈ। ਇਸ ਤਕਨੀਕ ਦੀ ਸਹਾਇਤਾ ਨਾਲ ਉਹ ਬਿਨਾ ਪਰਾਲੀ ਜਲਾਏ ਕਣਕ ਦੀ ਬੀਜਾਈ ਸਫ਼ਲਤਾਪੂਰਵਕ ਕਰ ਰਿਹਾ ਹੈ। ਪ੍ਰੀਤਪਾਲ ਸਿੰਘ ਕੁਦਰਤੀ ਖੇਤੀ ਦਾ ਪੱਕਾ ਸਮਰਥਕ ਹੈ। ਉਹ 10 ਏਕੜ ਜ਼ਮੀਨ ਵਿਚ ਸਬਜ਼ੀਆਂ ਦੀ ਖੇਤੀ ਕਰਦਾ ਹੈ ਅਤੇ ਨਾਲ ਹੀ ਡੇਅਰੀ ਦਾ ਕਿੱਤਾ ਵੀ ਕਰਦਾ ਹੈ। ਉਸ ਦਾ ਮੰਨਣਾ ਹੈ ਕਿ ਕੁਦਰਤੀ ਖੇਤੀ ਨਾਲ ਨਾ ਕੇਵਲ ਜ਼ਮੀਨ ਦੀ ਉਪਜਾਊ ਸ਼ਕਤੀ ਬਰਕਰਾਰ ਰਹਿੰਦੀ ਹੈ, ਬਲਕਿ ਵਾਤਾਵਰਣ ਦੀ ਵੀ ਰਾਖੀ ਹੁੰਦੀ ਹੈ। ਉਨ੍ਹਾਂ ਦੀ ਮਿਹਨਤ ਅਤੇ ਸੂਝਬੂਝ ਦੇ ਚੱਲਦਿਆਂ ਉਸ ਨੇ ਆਪਣੇ ਖੇਤਾਂ ਵਿਚ ਗੰਨੇ ਦੀ ਰਹਿੰਦ-ਖੂਹੰਦ ਦਾ ਵੀ ਉਪਯੋਗ ਕਰਨਾ ਸ਼ੁਰੂ ਕੀਤਾ ਹੈ। ਗੰਨੇ ਦੀ ਬਚੀ ਹੋਈ ਸਮੱਗਰੀ ਨੂੰ ਇਕਠਾ ਕਰਕੇ ਮਲਚਿੰਗ ਦੇ ਰੂਪ ਵਿਚ ਵਰਤੋਂ ਕਰਦੇ ਹਨ, ਜਿਸ ਨਾਲ ਮਿੱਟੀ ਦੀ ਨਮੀ ਬਣੀ ਰਹਿੰਦੀ ਹੈ ਅਤੇ ਖੇਤਾਂ ਦੀ ਉਪਜਾਊ ਸ਼ਕਤੀ ਵਿਚ ਸੁਧਾਰ ਹੁੰਦਾ ਹੈ। ਪ੍ਰੀਤਪਾਲ ਸਿੰਘ ਆਪਣੇ ਖੇਤੀ ਤਜ਼ਰਬੇ ਦੂਜੇ ਕਿਸਾਨਾਂ ਨਾਲ ਵੀ ਸਾਂਝੇ ਕਰ ਰਿਹਾ ਹੈ। ਉਹ ਕਿਸਾਨਾਂ ਨੂੰ ਕੁਦਰਤੀ ਖੇਤੀ ਦੇ ਫਾਇਦੇ ਦੱਸ ਰਿਹਾ ਹੈ ਅਤੇ ਉਨ੍ਹਾਂ  ਨੂੰ ਇਸ ਦਿਸ਼ਾ ਵਿਚ ਕਦਮ ਵਧਾਉਣ ਲਈ ਪ੍ਰੇਰਿਤ ਕਰ ਰਿਹਾ ਹੈ। ਉਸ ਦਾ ਮੰਨਣਾ ਹੈ ਕਿ ਮਿਹਨਤ ਅਤੇ ਸੂਝਬੂਝ ਨਾਲ ਖੇਤੀ ਅਤੇ ਸਹਾਇਕ ਧੰਦਿਆਂ ਦਾ ਸਹੀ ਤਾਲਮੇਲ ਹੀ ਖੇਤੀ ਨੂੰ ਸਫ਼ਲ ਬਣਾ ਸਕਦਾ ਹੈ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous article‘ਖੇਡਾਂ ਵਤਨ ਪੰਜਾਬ ਦੀਆਂ’ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਦਾ ਲੋਕ ਸਭਾ ਮੈਂਬਰ ਚੱਬੇਵਾਲ ਨੇ ਕੀਤਾ ਉਦਘਾਟਨ, ਕਿਹਾ ਖੇਡਾਂ ਦੇ ਵਿਕਾਸ ਲਈ ਸਰਕਾਰ ਨਹੀਂ ਛੱਡ ਰਹੀ ਕੋਈ ਕਮੀ
Next article68ਵੀਆਂ ਪੰਜਾਬ ਰਾਜ ਅੰਤਰ ਜਿਲ੍ਹਾ ਸਕੂਲ਼ ਖੇਡਾਂ ਤਹਿਤ  ਫੁੱਟਬਾਲ ਟੂਰਨਾਮੈਂਟ ਨਵਾਂਸਹਿਰ ਵਿਖੇ ਸੁਰੂ