(ਸਮਾਜ ਵੀਕਲੀ)
ਖੇਡਾਂ ਦੇ ਮਹਾਂਕੁੰਭ ਦੇ ਤੌਰ ਤੇ ਜਾਣੀਆਂ ਜਾਂਦੀਆਂ ਉਲੰਪਿਕ ਖੇਡਾਂ ਕਿਸੇ ਜਾਣ-ਪਹਿਚਾਣ ਦੀਆਂ ਮਹੋਤਾਜ ਨਹੀਂ। ਪ੍ਰਾਚੀਨ ਉਲੰਪਿਕ ਖੇਡਾਂ ਦਾ ਪਹਿਲਾ ਅਧਿਕਾਰਿਕ ਆਯੋਜਨ 776 ਈਸਾ ਪੂਰਵ ਵਿੱਚ ਹੋਇਆ ਸੀ ਜਦਕਿ ਆਖ਼ਰੀ ਵਾਰ ਇਸਦਾ ਆਯੋਜਨ 394 ਈਸਵੀ ਵਿੱਚ ਹੋਇਆ। ਇਸਦੇ ਬਾਅਦ ਰੋਮ ਦੇ ਸਮਰਾਟ ਥਿਓਡੋਸਿਸ ਨੇ ਇਸਨੂੰ ਮੂਰਤੀ ਪੂਜਾ ਵਾਲਾ ਤਿਉਹਾਰ ਕਰਾਰ ਦੇਕੇ ਇਸ ਉੱਤੇ ਰੋਕ ਲਗਾ ਦਿੱਤੀ ਸੀ। 19ਵੀਂ ਸਦੀ ਵਿੱਚ ਪੁਰਾਤਨ ਕਾਲ ਦੀ ਇਸ ਮਹਾਂ ਖੇਡ ਪ੍ਰਤੀਯੋਗਤਾ ਦੀ ਪਰੰਪਰਾ ਨੂੰ ਸੁਰਜੀਤ ਕਰਨ ਦਾ ਸਿਹਰਾ ਫਰਾਂਸ ਦੇ ਬੈਰੋਂ ਪਿਅਰੇ ਡੀ ਕੁਵਰਟਿਨ ਨੂੰ ਜਾਂਦਾ ਹੈ। ਕੁਵਰਟਿਨ ਨੇ 1894 ਵਿੱਚ ਅੰਤਰਰਾਸ਼ਟਰੀ ਉਲੰਪਿਕ ਕਮੇਟੀ ਦਾ ਗਠਨ ਕੀਤਾ। ਕੁਵਰਟਿਨ ਮੰਨਦੇ ਸੀ ਕਿ ਖੇਡਾਂ ਯੁੱਧਾਂ ਨੂੰ ਟਾਲਣ ਦਾ ਸਭ ਤੋਂ ਵਧੀਆ ਸਾਧਨ ਸਾਬਤ ਹੋ ਸਕਦੀਆਂ ਹਨ।
18 ਜੂਨ 1894 ਨੂੰ, ਕੁਬਰਟਿਨ ਨੇ ਪੈਰਿਸ ਵਿੱਚ ਸੋਰਬਨੇ ਵਿੱਚ ਇੱਕ ਕਾਨਫਰੰਸ ਕੀਤੀ, ਜਿਸ ਵਿੱਚ ਉਸਨੇ 11 ਦੇਸ਼ਾਂ ਵਿੱਚੋਂ ਆਏ ਖੇਡ ਸੁਸਾਇਟੀਆਂ ਦੇ ਨੁਮਾਇੰਦਿਆਂ ਨੂੰ ਆਪਣੀਆਂ ਖੇਡਾਂ ਨਾਲ ਸੰਬੰਧਤ ਯੋਜਨਾਵਾਂ ਪੇਸ਼ ਕੀਤੀਆਂ। ਵਿਕੇਲਾਸ ਨੇ 23 ਜੂਨ ਨੂੰ ਅਧਿਕਾਰਤ ਤੌਰ ਤੇ ਉਲੰਪਿਕ ਖੇਡਾਂ ਦੇ ਸਥਾਨ ਲਈ ਐਥਨਜ਼ ਨੂੰ ਪ੍ਰਸਤਾਵਿਤ ਕੀਤਾ, ਕਿਉਂਕਿ ਯੂਨਾਨ (ਗ੍ਰੀਸ) ਓਲੰਪਿਕ ਦਾ ਅਸਲ ਘਰ ਸੀ, ਇਸ ਲਈ ਕਾਨਫਰੰਸ ਨੇ ਸਰਬਸੰਮਤੀ ਨਾਲ ਇਸ ਫੈਸਲੇ ਨੂੰ ਮਨਜ਼ੂਰੀ ਦੇ ਦਿੱਤੀ। ਵਿਕੇਲਾਸ ਨੂੰ ਅੰਤਰਰਾਸ਼ਟਰੀ ਓਲੰਪਿਕ ਕਮੇਟੀ (ਆਈ.ਓ.ਸੀ.) ਦਾ ਪਹਿਲਾ ਚੇਅਰਮੈਨ ਚੁਣਿਆ ਗਿਆ।
ਆਧੁਨਿਕ ਉਲੰਪਿਕ ਖੇਡਾਂ ਦਾ ਆਯੋਜਨ ਹਰ ਚਾਰ ਸਾਲਾਂ ਬਾਅਦ ਕੌਮਾਂਤਰੀ ਉਲੰਪਿਕ ਕਮੇਟੀ ਦੁਆਰਾ ਕੀਤਾ ਜਾਂਦਾ ਹੈ ਜਿਸ ਵਿੱਚ 200 ਤੋਂ ਵੱਧ ਦੇਸ਼ਾਂ ਦੇ ਖਿਡਾਰੀ ਹਿੱਸਾ ਲੈਂਦੇ ਹਨ। ਪਹਿਲੀਆਂ ਆਧੁਨਿਕ ਉਲੰਪਿਕ ਖੇਡਾਂ ਦੀ ਸ਼ੁਰੂਆਤ 6 ਅਪ੍ਰੈਲ ਤੋਂ 15 ਅਪ੍ਰੈਲ ਤੱਕ ਐਥਨਜ਼ (ਯੂਨਾਨ) ਵਿਖੇ 1896 ਨੂੰ ਸਿਰਫ਼ ਅਥਲੈਟਿਕਸ ਈਵੈਂਟਸ ਨਾਲ ਹੋਈ, ਜਿਸ ਵਿੱਚ 14 ਦੇਸ਼ਾਂ ਦੇ 241 ਪੁਰਸ਼ ਅਥਲੀਟਾਂ ਨੇ ਹਿੱਸਾ ਲਿਆ ਸੀ।
ਹਰ ਸਾਲ 23 ਜੂਨ ਨੂੰ 1948 ਤੋਂ ਕੌਮਾਂਤਰੀ ਉਲੰਪਿਕ ਦਿਵਸ ਦੇ ਤੌਰ ਤੇ ਮਨਾਇਆ ਜਾਣ ਲੱਗਾ ਅਤੇ ਇਸਦਾ ਮੁੱਖ ਮੰਤਵ ਖੇਡਾਂ ਵਿੱਚ ਅੰਤਰਰਾਸ਼ਟਰੀ ਪੱਧਰ ਤੇ ਹਰ ਉਮਰ ਵਰਗ ਅਤੇ ਲਿੰਗ ਦੇ ਲੋਕਾਂ ਦੀ ਸ਼ਮੂਲੀਅਤ ਨੂੰ ਹੱਲਾਸ਼ੇਰੀ ਦੇਣਾ ਸੀ। ਪਹਿਲੀ ਵਾਰ ਕੌਮਾਂਤਰੀ ਉਲੰਪਿਕ ਦਿਵਸ ਕੁੱਲ 9 ਦੇਸ਼ਾਂ ਜਿਹਨਾਂ ਵਿੱਚ ਆਸਟ੍ਰੇਲੀਆ, ਬੈਲਜੀਅਮ, ਕਨੇਡਾ, ਗ੍ਰੇਟ ਬ੍ਰਿਟੇਨ, ਯੂਨਾਨ, ਪੁਰਤਗਾਲ, ਸਵਿਟਜ਼ਰਲੈਂਡ, ਉਰੂਗਵੇ ਅਤੇ ਵੈਨਜ਼ੁਏਲਾ ਵਿਖੇ ਮਨਾਇਆ ਗਿਆ।
ਭਾਰਤ ਨੇ ਪਹਿਲੀ ਵਾਰ ਸਾਲ 1900 ਵਿੱਚ ਇੱਕ ਖਿਡਾਰੀ ਨੌਰਮਨ ਪ੍ਰਿਚਰਡ ਨਾਲ ਉਲੰਪਿਕ ਖੇਡਾਂ ਵਿੱਚ ਭਾਗ ਲਿਆ ਜਿਸਨੇ ਐਥਲੈਟਿਕਸ ਵਿੱਚ 2 ਸਿਲਵਰ ਮੈਡਲ ਜਿੱਤੇ। ਉਲੰਪਿਕ ਮਿਸ਼ਾਲ ਨੂੰ ਜਲਾਉਣ ਦੀ ਸ਼ੁਰੂਆਤ 1928 ਤੋਂ ਐਮਸਟਰਡਮ ਉਲੰਪਿਕ ਤੋਂ ਹੋਈ ਅਤੇ 1936 ਵਿੱਚ ਬਰਲਿਨ ਉਲੰਪਿਕ ਵਿੱਚ ਮਿਸ਼ਾਲ ਦੇ ਵਰਤਮਾਨ ਸਵਰੂਪ ਨੂੰ ਅਪਣਾਇਆ ਗਿਆ। ਓਲੰਪਿਕ ਖੇਡਾਂ ਦੇ ਸਵਾ ਸੌ ਸਾਲ ਦੇ ਇਤਿਹਾਸ ਵਿੱਚ ਅਥਲੈਟਿਕਸ ਮੁਕਾਬਲਿਆਂ ਦੀ ਵਧੇਰੇ ਮਹੱਤਤਾ ਰਹੀ ਹੈ ਕਿਉਂਕਿ ਅਥਲੈਟਿਕਸ ਵਿੱਚ ਨਵੇਂ ਉਲੰਪਿਕ ਤੇ ਵਿਸ਼ਵ ਰਿਕਾਰਡ, ਖਿਡਾਰੀਆਂ ਤੇ ਦਰਸ਼ਕਾਂ ਵਿੱਚ ਰੁਚੀ ਵਧਾਉਂਦੇ ਹਨ।
ਖੇਡਾਂ ਦੀ ਜੀਵਨ ਵਿੱਚ ਬਹੁਤ ਮਹੱਤਤਾ ਹੈ ਸੋ ਮਾਪਿਆਂ ਲਈ ਜ਼ਰੂਰੀ ਹੈ ਮੋਬਾਇਲਾਂ ਅਤੇ ਕੰਪਿਊਟਰਾਂ ਤੇ ਖੇਡਾਂ ਖੇਡਣ ਦੀ ਥਾਂ ਬੱਚਿਆਂ ਨੂੰ ਸਰੀਰਕ ਖੇਡਾਂ ਵੱਲ ਮੋੜਣਾ ਚਾਹੀਦਾ ਹੈ ਜਿਸ ਵਿੱਚ ਬੱਚਿਆਂ ਦਾ ਚੰਗੀ ਤਰ੍ਹਾਂ ਖੁੱਲ੍ਹਕੇ ਵਿਕਾਸ ਹੋ ਸਕੇ।
- ਗੋਬਿੰਦਰ ਸਿੰਘ ਢੀਂਡਸਾ
- ਪਿੰਡ ਤੇ ਡਾਕ. ਬਰੜ੍ਹਵਾਲ (ਧੂਰੀ)
- ਜ਼ਿਲ੍ਹਾ ਸੰਗਰੂਰ (ਪੰਜਾਬ)
- ਈਮੇਲ- [email protected]