HOME ਲੋਕ ਸਭਾ ਵਿੱਚ 22 ਭਾਸ਼ਾਵਾਂ ਨੂੰ ਮਿਲਿਆ ਮਾਣ, ਰਾਜ ਸਭਾ ਵਿੱਚ ਇੰਤਜਾਰ

ਲੋਕ ਸਭਾ ਵਿੱਚ 22 ਭਾਸ਼ਾਵਾਂ ਨੂੰ ਮਿਲਿਆ ਮਾਣ, ਰਾਜ ਸਭਾ ਵਿੱਚ ਇੰਤਜਾਰ

ਜਸਵੰਤ ਸਿੰਘ
   (ਸਮਾਜ ਵੀਕਲੀ)  ਭਾਰਤੀ ਸੰਸਦ ਦੀ ਚੋਥੀਂ ਲੋਕ ਸਭਾ ਦੇ ਪਹਿਲੇ ਇਜ਼ਲਾਸ ਵਿੱਚ 30 ਮਾਰਚ 1967 ਦਾ ਦਿਨ ਇਕ ਇਤਿਹਾਸਿਕ ਦਿਨ ਬਣ ਗਿਆ। ਜਿਸ ਦਿਨ ਭਾਰਤੀ ਸੰਸਦ ਦੇ 1950 ਵਿੱਚ ਸ਼ੁਰੂ ਹੋਣ ਤੋਂ 17 ਵਰ੍ਹਿਆਂ ਬਾਦ ਕਿਸੇ ਸੰਸਦ ਮੈਂਬਰ ਨੂੰ ਹਿੰਦੀ ਅਤੇ ਅੰਗਰੇਜ਼ੀ ਭਾਸ਼ਾ ਨੂੰ ਛੱਡ ਕੇ ਆਪਣੀ ਮਾਤ ਭਾਸ਼ਾ ਵਿੱਚ ਬੋਲਣ ਦੀ ਇਜਾਜ਼ਤ ਮਿਲੀ। ਸ਼ਿਮੋਗਾ (ਕਰਨਾਟਕ) ਲੋਕ ਸਭਾ ਹਲਕੇ ਦੇ ਸੰਸਦ ਮੈਂਬਰ ਜੇ. ਐਚ. ਪਟੇਲ (ਜੋ ਬਾਦ ਵਿੱਚ ਕਰਨਾਟਕ ਦੇ ਮੁੱਖ ਮੰਤਰੀ ਬਣੇ) ਨੂੰ ਕੰਨੜ ਭਾਸ਼ਾ ਵਿੱਚ ਆਪਣੀ ਗੱਲ ਲੋਕ ਸਭਾ ਵਿੱਚ ਰੱਖਣ ਦਾ ਹੱਕ ਪ੍ਰਾਪਤ ਹੋਇਆ। ਉਸ ਸਮੇਂ ਲੋਕ ਸਭਾ ਦੇ ਸਪੀਕਰ  ਨੀਲਮ ਸੰਜੀਵਾ ਰੇਡੀ  (ਜੋਂ ਬਾਦ ਵਿੱਚ ਭਾਰਤ ਦੇ ਰਾਸ਼ਟਰਪਤੀ ਬਣੇ) ਅਤੇ ਉਪ ਸਪੀਕਰ  ਰਘੁਨਾਥ ਕੇਸ਼ਵ ਖਾਦਿਲਕਰ (ਜੋਂ ਬਾਦ ਵਿੱਚ ਕੇਂਦਰੀ ਮੰਤਰੀ ਬਣੇ) ਸਨ।
ਮਾਰਚ 30, 1967 ਨੂੰ ਲੋਕ ਸਭਾ ਵਿੱਚ ਦੇਸ਼ ਵਿੱਚ ਅਨਾਜ ਦੀ ਸਥਿਤੀ ਬਾਰੇ ਚਰਚਾ ਚੱਲ ਰਹੀ ਸੀ। ਚਰਚਾ ਵਿੱਚ ਬੋਲਣ ਦੀ ਵਾਰੀ ਆਣ ਤੇ ਜੇ. ਐਚ. ਪਟੇਲ ਨੇ ਕੰਨੜ ਭਾਸ਼ਾ ਵਿੱਚ ਬੋਲਣ ਦੀ ਇਜਾਜ਼ਤ ਮੰਗੀ। ਇਸ ਤੇ ਲੋਕ ਸਭਾ ਵਿੱਚ ਹਿੰਦੀ ਅਤੇ ਅੰਗਰੇਜ਼ੀ ਭਾਸ਼ਾ ਨੂੰ ਛੱਡ ਕੇ ਕਿਸੀ ਹੋਰ ਭਾਸ਼ਾ ਵਿੱਚ ਬੋਲਣ ਤੇ ਵਾਦ – ਵਿਵਾਦ ਸ਼ੁਰੂ ਹੋ ਗਿਆ। ਜੇ. ਐਚ. ਪਟੇਲ ਨੇ ਸੰਵਿਧਾਨ ਦੇ ਅਨੁਛੇਦ 120 ਅਧੀਨ ਆਪਣੀ ਭਾਸ਼ਾ ਵਿੱਚ ਬੋਲਣ ਦਾ ਆਪਣਾ ਹੱਕ ਦੱਸਿਆ ਅਤੇ ਆਪਣੀ ਮੰਗ ਤੇ ਅੜੇ ਰਹੇ। (ਉਸ ਸਮੇਂ ਸੰਵਿਧਾਨ ਦੀ ਅੱਠਵੀਂ ਸੂਚੀ ਵਿੱਚ ਕੰਨੜ ਸਮੇਤ 14 ਭਾਸ਼ਾਵਾਂ ਸ਼ਾਮਲ ਸਨ) ਸਦਨ ਵਿੱਚ ਕੁਝ ਮੈਂਬਰ ਪਟੇਲ ਦੀ ਮੰਗ ਦੇ ਹੱਕ ਵਿੱਚ ਅਤੇ ਕੁਝ ਵਿਰੋਧ ਵਿੱਚ ਬਹਿਸ ਕਰਨ ਲੱਗ ਪਏ। ਇਸ ਵਿਵਾਦ ਵਿੱਚ ਇੱਕ ਮੈਂਬਰ ਨੂੰ ਸਦਨ ਤੋਂ ਬਾਹਰ ਭੇਜ ਦਿੱਤਾ ਗਿਆ, ਕੁਝ ਹੋਰ ਮੈਂਬਰ ਸਦਨ ਤੋਂ ਬਾਹਰ ਚਲੇ ਗਏ।
ਸਦਨ ਵਿੱਚ ਅਨੁਛੇਦ 120, ਬੋਲਣ ਤੋ ਪਹਿਲਾ ਲਿੱਖਤ ਵਿੱਚ ਹਿੰਦੀ ਜਾ ਅੰਗਰੇਜ਼ੀ ਭਾਸ਼ਾ ਵਿੱਚ ਭਾਸ਼ਣ ਦੀ ਕਾਪੀ ਪੇਸ਼ ਕਰਨੀ, ਨਿਯਮ 115, ਕੀ ਇਨ੍ਹਾਂ ਨੂੰ ਹਿੰਦੀ ਜਾ ਅੰਗਰੇਜ਼ੀ ਬੋਲਣੀ ਨਹੀਂ ਆਂਦੀ, ਵਿਵਸਥਾਵਾਂ, ਭਾਸ਼ਣ ਦਾ ਅਨੁਵਾਦ, ਅਨੁਵਾਦਕ, ਦੁਭਾਸ਼ਕ, ਸਮਕਾਲੀ ਵਿਆਖਿਆ, ਅਤੇ ਇੱਕੋ ਸਮੇਂ ਦੋਭਾਸ਼ੀਏ ਆਦਿ … ਕਈਂ ਮੁੱਦਿਆਂ ਤੇ ਬਹਿਸ ਅਤੇ ਚਰਚਾ ਹੋਈ।
ਬੰਬਈ ਪੂਰਬ ਲੋਕ ਸਭਾ ਹਲਕੇ ਤੋਂ ਸੰਸਦ ਮੈਂਬਰ ਜਾਰਜ ਫਰਨਾਂਡਿਸ (ਜੋਂ ਬਾਦ ਵਿੱਚ ਰੱਖਿਆ ਮੰਤਰੀ ਬਣੇ) ਜੋਂ ਮੰਗਲੌਰ (ਕਰਨਾਟਕ) ਦੇ ਰਹਿਣ ਵਾਲੇ ਸਨ ਅਤੇ ਕੰਨੜ ਸਮੇਤ ਦਸ ਭਾਸ਼ਾਵਾਂ ਜਾਣਦੇ ਸਨ (ਕੰਨੜ, ਕੋਂਕਣੀ, ਤੁਲੂ, ਅੰਗਰੇਜ਼ੀ, ਹਿੰਦੀ, ਮਰਾਠੀ, ਤਮਿਲ, ਮਲਿਆਲਮ, ਉਰਦੂ ਅਤੇ ਲੇਟਿਨ) ਨੇ ਕਿਹਾ ਕਿ ਮੈਂ ਇਨ੍ਹਾਂ ਦੇ ਭਾਸ਼ਣ ਦਾ ਅਨੁਵਾਦ ਕਰ ਦਿਆਗਾਂ। ਇਸ ਦੇ ਵਿਰੋਧ ਵਿੱਚ ਇੱਕ ਮੈਂਬਰ ਨੇ ਕਿਹਾ ਇਸ ਵਿੱਚ ਦੋਗੁਣਾ ਸਮਾਂ ਲੱਗੇਗਾ। ਇੱਕ ਮੈਂਬਰ ਨੇ ਕਿਹਾ ਕਿ 1400 ਭਾਸ਼ਾਵਾਂ ਹਨ ਕਿਸ ਕਿਸ ਨੂੰ ਇਜਾਜ਼ਤ ਦੇਵੋ ਗੇ।
ਸਪੀਕਰ ਸਾਹਿਬ ਨੇ ਕਿਹਾ ਕਿ ਮੈਂ ਇਹ ਭਾਸ਼ਾ ਸਮਝਦਾ ਹੈ।  ਜੇਕਰ ਕੋਈ ਗਲਤੀ ਹੋਈ ਮੈਂ ਉਸ ਨੂੰ ਦੇਖ਼ ਸਕਦਾ ਹਾਂ।
 ਉਨ੍ਹਾਂ ਨੂੰ ਬੋਲਣ ਦਿਓ।
ਇਸ ਤਰ੍ਹਾਂ ਇਜਾਜ਼ਤ ਮਿਲ ਗਈ ਅਤੇ ਜੇ. ਐਚ. ਪਟੇਲ ਨੇ  ਕੰਨੜ ਭਾਸ਼ਾ ਵਿੱਚ ਚਰਚਾ ਵਿੱਚ ਭਾਗ ਲਿਆ। ਇਸ ਤਰ੍ਹਾਂ ਸੰਸਦ ਵਿੱਚ ਖੇਤਰੀ ਭਾਸ਼ਾਵਾਂ ਵਿੱਚ ਬੋਲਣ ਦੀ ਆਰੰਭਤਾ ਹੋਈ।
ਉਸੇ ਦਿਨ ਚਿੰਗਲਪਟ (ਤਾਮਿਲਨਾਡੂ) ਲੋਕ ਸਭਾ ਹਲਕੇ ਤੋਂ ਸੰਸਦ ਮੈਂਬਰ ਚਿੱਟੀ ਬਾਬੂ ਨੂੰ ਵੀ ਤਮਿਲ ਭਾਸ਼ਾ ਵਿੱਚ ਬੋਲਣ ਦੀ ਇਜਾਜ਼ਤ ਮਿਲੀ।
ਸੰਵਿਧਾਨ ਦਾ ਅਨੁਛੇਦ 120:-  (1) ਭਾਗ 17 ਵਿੱਚ ਕਿਸੇ ਗੱਲ ਦੇ ਹੁੰਦਿਆਂ ਹੋਇਆਂ ਵੀ, ਪਰ ਅਨੁਛੇਦ 348 ਦੇ ਉਪਬੰਧਾਂ ਦੇ ਤਾਬੇ, ਸੰਸਦ  ਵਿੱਚ ਕਾਰਜ  ਹਿੰਦੀ ਵਿੱਚ ਜਾਂ ਅੰਗਰੇਜ਼ੀ ਵਿੱਚ ਕੀਤਾ ਜਾਵੇਗਾ :
 ਪਰੰਤੂ ਰਾਜ ਸਭਾ ਦੇ ਸਭਾਪਤੀ ਜਾਂ ਲੋਕ ਸਭਾ ਦੇ ਸਪੀਕਰ, ਜਾਂ ਉਸ ਵਜੋਂ ਕਾਰਜ ਕਰਨ ਵਾਲਾ ਵਿਅਕਤੀ, ਜਿਹੀ ਕਿ  ਸੂਰਤ ਹੋਵੇ, ਕਿਸੇ ਮੈਂਬਰ ਨੂੰ ਜੋ ਆਪਣਾ ਪ੍ਗਟਾਓ ਹਿੰਦੀ ਵਿੱਚ ਜਾਂ ਅੰਗਰੇਜ਼ੀ ਵਿੱਚ ਚੰਗੀ ਤਰ੍ਹਾਂ ਨਹੀਂ ਕਰ ਸਕਦਾ ਸਦਨ ਨੂੰ ਆਪਣੀ ਮਾਤ-ਭਾਸ਼ਾ ਵਿੱਚ ਸੰਬੋਧਨ ਕਰਨ ਦੀ ਇਜਾਜ਼ਤ ਦੇ ਸਕੇਗਾ।
 ਭਾਰਤੀ ਸੰਵਿਧਾਨ ਦੀ ਅੱਠਵੀਂ ਅਨੁਸੂਚੀ [ਅਨੁਛੇਦ 344(1) ਅਤੇ 351] ਵਿੱਚ ਦਰਜ ਭਾਸ਼ਾਵਾਂ:- 1. ਅਸਾਮੀ, 2. ਬੰਗਾਲੀ, 3. ਗੁਜਰਾਤੀ, 4. ਹਿੰਦੀ, 5. ਕੰਨੜ, 6. ਕਸ਼ਮੀਰੀ,  7. ਮਲਿਆਲਮ, 8. ਮਰਾਠੀ, 9. ਓਡੀਆ, 10. ਪੰਜਾਬੀ, 11. ਸੰਸਕ੍ਰਿਤ,  12. ਤਮਿਲ, 13. ਤੇਲਗੂ, 14. ਉਰਦੂ, 15.ਸਿੰਧੀ [ਸੰਵਿਧਾਨ (ਇੱਕੀਵੀ ਤਰਮੀਮ) ਐਕਟ 1967 ਧਾਰਾ 2 ਦੁਆਰਾ ਜੋੜਿਆ ਗਿਆ (10.04.1967 ਤੋਂ ਲਾਗੂ)] 16. ਕੋਂਕਣੀ, 17. ਮਨੀਪੁਰੀ, 18. ਨੇਪਾਲੀ [ਤਿੰਨੋ ਭਾਸ਼ਾਵਾਂ ਨੂੰ {ਸੰਵਿਧਾਨ (ਇੱਕਤਰਵੀਂ ਤਰਮੀਮ) ਐਕਟ 1992 ਦੀ ਧਾਰਾ 2 ਦੁਆਰਾ ਜੋੜਿਆ ਗਿਆ (31.08.1992 ਤੋਂ ਪ੍ਰਭਾਵੀ)}] 19. ਬੋਡੋ, 20. ਡੋਗਰੀ, 21. ਮੈਥਲੀ, 22. ਸੰਥਾਲੀ [ਚਾਰੋ ਭਾਸ਼ਾਵਾਂ ਨੂੰ {ਸੰਵਿਧਾਨ (ਬੰਨਵੀਂ ਤਰਮੀਮ) ਐਕਟ 2003 ਦੀ ਧਾਰਾ 2 ਦੁਆਰਾ ਜੋੜਿਆ ਗਿਆ (07.01.2004 ਤੋਂ ਪ੍ਰਭਾਵੀ)}]
ਹੁਣ ਸੰਵਿਧਾਨ ਦੀ ਅੱਠਵੀਂ ਅਨੁਸੂਚੀ ਵਿੱਚ 22 ਭਾਸ਼ਾਵਾਂ ਹਨ। ਦੇਸ਼ ਦੇ ਨਾਗਰਿਕਾਂ ਵਲੋਂ ਹੋਰ ਭਾਸ਼ਾਵਾਂ ਨੂੰ ਵੀਂ ਅੱਠਵੀਂ ਅਨੁਸੂਚੀ ਵਿੱਚ ਸ਼ਾਮਲ ਕਰਨ ਦੀਆਂ ਮੰਗਾਂ ਹੁੰਦਿਆਂ ਰਹਿੰਦੀਆਂ ਹਨ।
ਹਰ ਜੀਵ ਨੂੰ ਆਪਣੀ ਮਾਂ ਅਤੇ ਮਾਂ ਬੋਲੀ ਬਹੁਤ ਪਿਆਰੀ ਹੁੰਦੀ ਹੈ। ਭਾਸ਼ਾ ਦਾ ਕਾਰਜ ਭਾਵਾਂ ਅਤੇ ਵਿਚਾਰਾਂ  ਦਾ ਸੰਚਾਰ ਕਰਨਾ ਹੈ। ਇਕ ਕਥਨ ਹੈ ਕਿ ਹਰ ਬਾਰਾਂ ਕੋਹਾਂ ਤੇ  ਬੋਲੀ ਬਦਲ ਜਾਂਦੀ ਹੈ। ਹਰ ਵਿਅਕਤੀ ਆਪਣੀ ਗੱਲ ਦਾ ਪ੍ਰਗਟਾਵਾ ਆਪਣੀ ਮਾਤ ਭਾਸ਼ਾ ਵਿੱਚ ਸਭ ਤੋਂ ਵਧੀਆ ਕਰ ਸਕਦਾ ਹੈ ਅਤੇ ਆਪਣੀ ਮਾਤ ਭਾਸ਼ਾ ਵਿੱਚ ਸਮਝ ਸਕਦਾ ਹੈ। ਭਾਰਤੀ ਸੰਵਿਧਾਨ ਦੇ ਅਨੁਛੇਦ 120 ਵਿੱਚ ਵੀ ਆਪਣੀ ਮਾਤ ਭਾਸ਼ਾ ਵਿੱਚ ਸੰਬੋਧਨ ਦੀ ਇਜਾਜ਼ਤ ਦਿੱਤੀ ਗਈ ਹੈ। ਸੰਸਦ ਵਿੱਚ ਮੈਂਬਰਾ ਵਲੋਂ ਆਪਣੀ ਮਾਤ ਭਾਸ਼ਾ ਵਿੱਚ ਸੰਬੋਧਨ ਕਰਨ ਅਤੇ ਸੁਣਨ ਦੀਆਂ ਮੰਗਾਂ ਹੁੰਦੀਆਂ ਰਹੀਆਂ ਹਨ, ਇਸ ਕੰਮ ਲਈ ਸਰਕਾਰਾਂ ਵਲੋਂ ਸਮੇਂ-ਸਮੇਂ ਤੇ ਕੋਸ਼ਿਸਾਂ ਵੀ ਕੀਤੀਆਂ ਜਾਂਦੀਆਂ ਰਹੀਆਂ ਹਨ।
ਸੰਸਦ ਵਿੱਚ ਸਮਕਾਲੀ ਵਿਆਖਿਆ ਸੇਵਾਵਾਂ ਦੇ ਵਿਭਾਗ ਵੱਲੋਂ ਸੰਸਦ ਮੈਂਬਰਾਂ ਵੱਲੋਂ ਕੀਤੇ ਗਏ ਸੰਬੋਧਨਾਂ ਨੂੰ ਦੂਸਰੀਆਂ ਭਾਸ਼ਾਵਾਂ ਵਿੱਚ ਬਦਲ ਕੇ ਇੱਕੋ ਸਮੇਂ (ਸਮਕਾਲੀ) ਦੂਸਰੇ ਮੈਂਬਰਾਂ ਦੀ ਮਨਪਸੰਦ ਭਾਸ਼ਾ ਵਿੱਚ ਪਹੁੰਚਾਣ ਦਾ ਕੰਮ ਕੀਤਾ ਜਾਂਦਾ ਹੈ।
ਸਮਕਾਲੀ ਵਿਆਖਿਆ (ਇੱਕ ਵਿਅਕਤੀ ਦੇ ਸ਼ਬਦਾਂ ਦਾ ਅਸਲ-ਸਮੇਂ ਵਿੱਚ ਕਿਸੇ ਹੋਰ ਭਾਸ਼ਾ ਵਿੱਚ ਅਨੁਵਾਦ/ਵਿਆਖਿਆ ਕਰਨਾ ਹੈ) ਦਾ ਪ੍ਰਬੰਧ ਸ਼ੁਰੂ ਸ਼ੁਰੂ ਵਿੱਚ ਕੇਵਲ ਹਿੰਦੀ ਅਤੇ ਅੰਗਰੇਜ਼ੀ ਭਾਸ਼ਾ ਤੱਕ ਹੀ ਸੀਮਿਤ ਸੀ। ਹਿੰਦੀ ਅਤੇ ਅੰਗਰੇਜ਼ੀ ਭਾਸ਼ਾ ਤੋਂ ਇਲਾਵਾ ਕਿਸੀ ਦੂਸਰੀ ਭਾਸ਼ਾ ਵਿੱਚ ਸੰਬੋਧਨ ਕਰਨ ਲਈ ਸੰਸਦ ਮੈਂਬਰਾਂ ਨੂੰ ਪਹਿਲੇ ਲਿੱਖਤ ਵਿੱਚ ਸੂਚਨਾ ਦੇਣੀ ਪੈਂਦੀ ਸੀ ਤਾਂ ਕਿ ਉਸ ਭਾਸ਼ਾ ਦੇ ਵਿਆਖਿਆਕਾਰ/ਦੋਭਾਸ਼ੀਏ ਦਾ ਇੰਤਜਾਮ ਕੀਤਾ ਜਾ ਸਕੇ ਅਤੇ ਉਹ ਵਿਆਖਿਆਕਾਰ ਭਾਸ਼ਾ ਬਦਲ ਕੇ ਦੂਜੇ ਮੈਂਬਰਾਂ ਤੱਕ ਪੁਹੰਚਾ ਸਕੇ। ਇਸ ਨਾਲ ਸੰਸਦ ਮੈਂਬਰਾਂ ਕੋਲ ਦੋ ਦੀ ਜਗ੍ਹਾ ਤਿੰਨ ਭਾਸ਼ਾਵਾਂ [ਮੂਲ ਸੰਬੋਧਨ ਦੀ ਭਾਸ਼ਾ (ਫਲੋਰ ਭਾਸ਼ਾ), ਹਿੰਦੀ ਅਤੇ ਅੰਗਰੇਜ਼ੀ] ਵਿੱਚ ਸੁਣਨ ਦੀ ਸਹੂਲਤ ਹੋ ਗਈ। ਪਰ ਜਿਹੜੇ ਸੰਸਦ ਮੈਂਬਰ ਇਹ ਤਿੰਨੋ ਭਾਸ਼ਾਵਾਂ ਨਹੀਂ ਜਾਣਦੇ ਸੀ, ਉਨ੍ਹਾਂ ਦੀ ਦਿਕੱਤ ਉਵੇਂ ਦੀ ਉਵੇਂ ਹੀ ਬਣੀ ਰਹੀ। ਸੰਸਦ ਮੈਂਬਰਾਂ ਵੱਲੋਂ ਅੱਠਵੀ ਅਨੁਸੂਚੀ ਦੀਆਂ ਸਾਰੀਆਂ 22 ਭਾਸ਼ਾਵਾਂ ਵਿੱਚ ਇਕੋ ਸਮੇਂ ਸਮਕਾਲੀ ਵਿਆਖਿਆ ਦੀ ਸਹੂਲਤ ਦੀ ਮੰਗ ਹੁੰਦੀ ਰਹੀ ਤਾਂ ਕਿ ਸੰਸਦ ਵਿੱਚ ਹੋ ਰਹੇ ਸੰਬੋਧਨ ਨੂੰ ਹਰ ਮੈਂਬਰ ਆਪਣੀ ਭਾਸ਼ਾ ਵਿੱਚ ਸੁਣ ਕੇ ਸਮਝ ਸਕੇ ਅਤੇ ਆਪਣੇ ਸੰਬੋਧਨ ਨੂੰ ਆਪਣੀ ਮਾਤ ਭਾਸ਼ਾ ਵਿੱਚ ਕਹਿ ਸਕੇ।
ਸਰਕਾਰ ਵੱਲੋਂ ਸੰਸਦ ਵਿੱਚ 22 ਭਾਸ਼ਾਵਾਂ ਦੀ ਸਮਕਾਲੀ ਵਿਆਖਿਆ ਲਈ 2019  ਵਿੱਚ ਵਿਸ਼ੇਸ਼ ਉਪਰਾਲਾ ਕੀਤਾ ਗਿਆ ਤਾਂ ਕਿ ਇੱਕੋ ਸਮੇਂ ਇੱਕ ਵਿਅਕਤੀ ਦੁਆਰਾ ਆਪਣੀ ਭਾਸ਼ਾ ਵਿੱਚ ਬੋਲਣ ਅਤੇ ਦੂਜਿਆਂ ਵੱਲੋਂ ਆਪਣੀ ਭਾਸ਼ਾ ਵਿੱਚ ਸੁਣਨ ਦੀ ਸਹੂਲਤ ਹੋ ਸਕੇ। ਇਸ ਦਾ ਕੰਮ ਆਰੰਭਿਆ ਗਿਆ ਅਤੇ ਇਸ ਕੰਮ ਨੂੰ ਸਿਰੇ ਚਾੜ੍ਹਨ ਲਈ ਇਸ ਦੀ ਜਿੰਮੇਵਾਰੀ ਸੰਸਦ ਵਿੱਚ ਸਮਕਾਲੀ ਵਿਆਖਿਆ ਸੇਵਾਵਾਂ ਵਿਭਾਗ ਨੂੰ  ਅਤੇ ਹੋਰ ਵਿਭਾਗਾਂ ਨੂੰ ਸੌਪੀ ਗਈ।
ਇੱਕ ਸਮਕਾਲੀ ਵਿਆਖਿਆ ਪ੍ਰਣਾਲੀ ਇੱਕ ਸਪੀਕਰ ਦੇ ਸ਼ਬਦਾਂ ਦੇ ਅਸਲੀ ਸਮਾਂ (ਰੀਅਲ-ਟਾਈਮ), ਇੱਕੋ ਸਮੇਂ ਅਨੁਵਾਦ/ ਵਿਅਖਿਆ ਨੂੰ ਸਮਰੱਥ ਬਣਾਉਂਦੀ ਹੈ, ਜਿਸ ਨਾਲ ਇੱਕ ਸਰੋਤੇ ਨੂੰ ਸਪੀਕਰ ਦੇ ਪ੍ਰਵਾਹ ਵਿੱਚ ਰੁਕਾਵਟ ਦੇ ਬਿਨਾਂ ਉਹਨਾਂ ਦੀ ਪਸੰਦੀਦਾ ਭਾਸ਼ਾ ਵਿੱਚ ਸੰਦੇਸ਼ ਸੁਣਨ ਦੀ ਸਹੂਲਤ/ਆਗਿਆ ਮਿਲਦੀ ਹੈ। ਸਿਸਟਮ ਵਿੱਚ ਆਮ ਤੌਰ ‘ਤੇ ਸਪੀਕਰ ਅਤੇ ਦੁਭਾਸ਼ੀਏ(ਦੁਭਾਸ਼ਾਕ) ਲਈ ਮਾਈਕ੍ਰੋਫ਼ੋਨ, ਦੁਭਾਸ਼ੀਏ ਲਈ ਸਾਊਂਡਪਰੂਫ਼ ਬੂਥ, ਅਨੁਵਾਦਿਤ/ਵਿਆਖਿਆਤ ਆਡੀਓ/(ਆਵਾਜ਼) ਸੁਣਨ ਲਈ ਸਰੋਤਿਆਂ ਦੇ ਮੈਂਬਰਾਂ ਲਈ ਹੈੱਡਫ਼ੋਨ, ਅਤੇ ਆਡੀਓ ਨੂੰ ਦੁਭਾਸ਼ੀਏ ਤੋਂ ਸਰੋਤਿਆਂ ਤੱਕ ਪਹੁੰਚਾਉਣ ਲਈ ਇੱਕ ਪ੍ਰਸਾਰਣ ਵਿਧੀ (ਜਿਵੇਂ ਇਨਫਰਾਰੈੱਡ ਜਾਂ ਵਾਈ-ਫਾਈ ਆਦਿ) ਸ਼ਾਮਲ ਹੁੰਦੇ ਹਨ। ਇਹ ਪ੍ਰਣਾਲੀਆਂ ਅੰਤਰਰਾਸ਼ਟਰੀ ਕਾਨਫਰੰਸਾਂ, ਸੰਸਦ, ਵਿਧਾਨ ਸਭਾਵਾਂ, ਬਹੁ-ਭਾਸ਼ਾਈ ਮੀਟਿੰਗਾਂ, ਅਤੇ ਹੋਰ ਸਮਾਗਮਾਂ ਲਈ ਜ਼ਰੂਰੀ ਹਨ ਜਿੱਥੇ ਸਹਿਜ, ਅੰਤਰ-ਭਾਸ਼ਾਈ ਸੰਚਾਰ ਜ਼ਰੂਰੀ ਹੈ।
ਸਮਕਾਲੀ ਵਿਆਖਿਆ ਦੀ ਆਰੰਭਤਾ ਦਾ ਇਤਿਹਾਸ:-
ਸਮਕਾਲੀ ਵਿਆਖਿਆ ਦੀ ਵਿਆਪਕ ਵਰਤੋਂ ਨੂਰਮਬਰਗ ਟ੍ਰਾਇਲਸ (1945-1946) ਤੋਂ ਸ਼ੁਰੂ ਹੋਈ, ਹਾਲਾਂਕਿ ਇਸਦੀ ਨੀਂਹ 1930 ਦੇ ਦਹਾਕੇ ਵਿੱਚ ਰੱਖੀ ਗਈ ਸੀ, ਇਸਦੀ ਨਿਸ਼ਚਤ ਵਿਹਾਰਕ ਵਰਤੋਂ 1945-1946 ਵਿੱਚ ਨੂਰਮਬਰਗ ਟਰਾਇਲਾਂ ਦੌਰਾਨ ਇਸ ਦੀ ਪ੍ਰਸਿੱਧੀ ਵਿੱਚ ਵਾਧਾ ਹੋਇਆ, ਦੂਜੇ ਵਿਸ਼ਵ ਯੁੱਧ ਦੀਆਂ ਸਹਿਯੋਗੀ ਫੌਜਾਂ ਦੁਆਰਾ ਫੌਜੀ ਟ੍ਰਿਬਿਊਨਲਾਂ ਦੀ ਇੱਕ ਲੜੀ ਵਿੱਚ ਇੱਕੋ ਸਮੇਂ ਵਿਆਖਿਆ ਲਈ ਮਾਡਲ ਸਥਾਪਤ ਕੀਤਾ ਗਿਆ। ਲੈਫਟੀਨੈਂਟ ਲਿਓਨ ਡੋਰਸਟੇਟ, ਟਰਾਇਲਾਂ ਦੇ ਮੁੱਖ ਪ੍ਰਬੰਧਕ ਨੇ ਸਮਕਾਲੀ ਵਿਆਖਿਆ/ਦੁਭਾਸ਼ੀਏ ਦੀਆਂ ਟੀਮਾਂ ਦੀ ਅਗਵਾਈ ਕੀਤੀ, ਜਿਨ੍ਹਾਂ ਨੇ ਚਾਰ ਭਾਸ਼ਾਵਾਂ (ਜਰਮਨ, ਅੰਗਰੇਜ਼ੀ, ਫ੍ਰੈਂਚ ਅਤੇ ਰੂਸੀ) ਵਿੱਚ ਸੰਚਾਰ ਪ੍ਰਦਾਨ ਕੀਤਾ।
ਹਾਲਾਂਕਿ ਅੰਡਰਲਾਈੰਗ ਸੰਕਲਪ ਅਤੇ ਸ਼ੁਰੂਆਤੀ ਉਪਕਰਣ 1920 ਵਿੱਚ ਐਡਵਰਡ ਫਾਈਲਨ ਅਤੇ ਐਲਨ ਗੋਰਡਨ ਫਿਨਲੇ ਦੁਆਰਾ ਵਿਕਸਤ ਕੀਤੇ ਗਏ ਸਨ। ਸਮਕਾਲੀ ਦੁਭਾਸ਼ੀਏ/ਵਿਆਖਿਆਕਾਰੀ ਉਪਕਰਣਾਂ ਦੇ ਪਹਿਲੇ ਸੈੱਟ ਦੀ ਖੋਜ ਐਡਵਰਡ ਫਾਈਲਨ ਦੁਆਰਾ ਕੀਤੀ ਗਈ ਸੀ। ਉਸਦਾ ਪੇਟੈਂਟ, 1926 ਵਿੱਚ ਰਜਿਸਟਰਡ ਹੋਇਆ ਸੀ, ਬਾਅਦ ਵਿੱਚ IBM ਦੁਆਰਾ ਪ੍ਰਾਪਤ ਕੀਤਾ ਗਿਆ ਸੀ।)
ਫਾਈਲਨ ਨੇ ਅਸਲ-ਸਮੇਂ ਦੀ ਵਿਆਖਿਆ ਲਈ ਵਿਚਾਰ ਦੀ ਕਲਪਨਾ ਕੀਤੀ, ਅਤੇ ਫਿਨਲੇ ਦੇ ਨਾਲ, “ਫਾਇਲੇਨ-ਫਿਨਲੇ ਸਮਕਾਲੀ ਅਨੁਵਾਦਕ” ਦਾ ਵਿਕਾਸ ਕੀਤਾ। ਜਦੋਂ ਕਿ ਤਕਨਾਲੋਜੀ ਪਹਿਲਾਂ ਮੌਜੂਦ ਸੀ, ਨੂਰਮਬਰਗ ਟਰਾਇਲਾਂ ਨੇ ਵੱਡੀਆਂ, ਬਹੁ-ਭਾਸ਼ਾਈ ਘਟਨਾਵਾਂ ਲਈ ਇੱਕੋ ਸਮੇਂ ਦੀ ਵਿਆਖਿਆ ਦੀ ਪ੍ਰਭਾਵਸ਼ੀਲਤਾ ਦਾ ਪ੍ਰਦਰਸ਼ਨ ਕੀਤਾ,
ਜਿਸ ਨਾਲ 1947 ਵਿੱਚ ਸੰਯੁਕਤ ਰਾਸ਼ਟਰ ਦੀਆਂ ਸਾਰੀਆਂ ਛੇ ਸਰਕਾਰੀ ਭਾਸ਼ਾਵਾਂ (ਅਰਬੀ, ਚੀਨੀ, ਅੰਗਰੇਜ਼ੀ, ਫ੍ਰੈਂਚ, ਰੂਸੀ, ਸਪੈਨਿਸ਼) ਦੁਆਰਾ ਇਸਨੂੰ ਅਪਣਾਇਆ ਗਿਆ ਅਤੇ ਅੰਤਰਰਾਸ਼ਟਰੀ ਸੰਚਾਰ ਲਈ ਇੱਕ ਮਿਆਰ ਵਜੋਂ ਇਸਦੀ ਸਥਾਪਨਾ ਕੀਤੀ ਗਈ।
ਭਾਰਤੀ ਸੰਸਦ ਦੀ ਲੋਕ ਸਭਾ ਵਿੱਚ 22 ਭਾਸ਼ਾਵਾਂ ਲਈ ਸਮਕਾਲੀ ਵਿਆਖਿਆ/ਦੁਭਾਸ਼ੀਏ ਦੀ ਆਰੰਭਤਾ ਲਈ ਕੰਮ ਸ਼ੁਰੂ ਹੋ ਚੁੱਕਿਆ ਸੀ। ਹਰ ਭਾਸ਼ਾ ਵਿੱਚ 5-5 ਸਲਾਹਕਾਰ ਸਮਕਾਲੀ ਵਿਆਖਿਆਕਾਰਾਂ (ਸਲਾਹਕਾਰ ਦੁਭਾਸ਼ੀਏ/ਦੁਭਾਸ਼ਾਕਾਂ ਨੂੰ ਰੱਖਣ ਦਾ ਕੰਮ  ਕੀਤਾ ਗਿਆ ਅਤੇ ਉਨ੍ਹਾਂ ਦੀ ਸਿਖਲਾਈ ਦਾ ਕੰਮ ਕੀਤਾ ਗਿਆ। ਬੁਨਿਆਦੀ ਢਾਂਚੇ ਅਤੇ ਤਕਨਾਲੋਜੀ ਨਾਲ ਸਬੰਧਤ ਕੰਮ ਪੂਰੇ ਕੀਤੇ ਗਏ।
ਭਾਰਤੀ ਸੰਸਦ ਦੇ ਸਰਦ ਰੁੱਤ ਇਜ਼ਲਾਸ 2023 ਵਿੱਚ ਲੋਕ ਸਭਾ ਵਿੱਚ ਸਮਕਾਲੀ ਵਿਆਖਿਆ ਦਾ ਕੰਮ ਅੱਠਵੀਂ ਅਨੁਸੂਚੀ ਵਿੱਚ ਸ਼ਾਮਲ 22 ਭਾਸ਼ਾਵਾਂ ਵਿੱਚੋਂ 10 ਭਾਸ਼ਾਵਾਂ (1. ਅਸਾਮੀ, 2. ਬੰਗਾਲੀ, 3. ਗੁਜਰਾਤੀ, 4. ਕੰਨੜ,  5. ਮਲਿਆਲਮ, 6. ਮਰਾਠੀ, 7. ਓਡੀਆ, 8. ਪੰਜਾਬੀ, 9 ਤਮਿਲ, 10. ਤੇਲਗੂ) ਵਿੱਚ ਆਰੰਭ ਹੋ ਗਿਆ। 31.01.2025 ਨੂੰ 6 ਹੋਰ ਭਾਸ਼ਾਵਾਂ (11. ਬੋਡੋ,  12. ਡੋਗਰੀ, 13. ਮੈਥਲੀ, 14. ਮਨੀਪੁਰੀ, 15. ਸੰਸਕ੍ਰਿਤ, 16. ਉਰਦੂ) ਸ਼ਾਮਿਲ ਹੋ ਗਈਆਂ। 17.07.2025 ਨੂੰ 2 ਹੋਰ ਭਾਸ਼ਾਵਾਂ (17. ਨੇਪਾਲੀ, 18. ਸਿੰਧੀ)  ਵੀ ਸ਼ਾਮਿਲ ਹੋ ਗਈਆਂ। 18.08.2025 ਨੂੰ  3 ਹੋਰ ਭਾਸ਼ਾਵਾਂ (19. ਕਸ਼ਮੀਰੀ, 20. ਕੋਂਕਣੀ, 21. ਸੰਥਾਲੀ) ਨੂੰ  ਵੀ ਸ਼ਾਮਿਲ ਕਰ ਲਿਆ ਗਿਆ। 22. ਹਿੰਦੀ ਅਤੇ 23. ਅੰਗਰੇਜ਼ੀ ਵਿੱਚ ਪਹਿਲਾ ਤੋਂ ਹੀ ਚੱਲ ਰਿਹਾ ਸੀ।
ਇਸ ਤਰ੍ਹਾਂ ਭਾਰਤ ਦੇ ਸੰਵਿਧਾਨ ਦੀ 8ਵੀਂ ਅਨੁਸੂਚੀ ਵਿੱਚ ਸ਼ਾਮਿਲ ਸਾਰੀਆਂ 22 ਭਾਸ਼ਾਵਾਂ ਵਿੱਚ ਸਮਕਾਲੀ ਵਿਆਖਿਆ ਆਰੰਭ ਹੋਣ ਨਾਲ ਸੰਸਾਰ ਵਿੱਚ ਭਾਰਤ ਦੀ ਲੋਕ ਸਭਾ ਨੇ ਇਕ ਇਤਿਹਾਸ ਰੱਚ ਦਿੱਤਾ।
ਸੰਸਦ ਦੀ ਕਾਰਵਾਈ ਨੂੰ ਸਮਕਾਲੀ ਵਿਆਖਿਆਂਵਾਂ ਨਾਲ ਸੰਸਾਰ ਦੇ ਲੋਕਾਂ ਤੱਕ ਪਹੁੰਚਾਉਣ ਦਾ ਕੰਮ ਸੰਸਦ ਟੀਵੀ ਵੱਲੋਂ ਕੀਤਾ ਜਾਂ ਰਿਹਾ ਹੈ।
ਭਾਰਤੀ ਸੰਸਦ ਦੀ ਰਾਜ ਸਭਾ ਵਿੱਚ ਅੱਜੇ ਵੀ ਹਿੰਦੀ ਅਤੇ ਅੰਗਰੇਜ਼ੀ ਭਾਸ਼ਾ ਤੋਂ ਇਲਾਵਾ ਕਿਸੀ ਹੋਰ ਭਾਸ਼ਾ ਵਿੱਚ ਸੰਬੋਧਨ ਕਰਨ ਲਈ ਸੰਸਦ ਮੈਂਬਰਾਂ ਨੂੰ ਪਹਿਲੇ ਲਿੱਖਤ ਵਿੱਚ ਸੂਚਨਾ ਦੇਣੀ ਪੈਂਦੀ ਹੈ ਤਾਂ ਕਿ ਉਸ ਭਾਸ਼ਾ ਦੇ ਵਿਆਖਿਆਕਾਰ/ਦੋਭਾਸ਼ੀਏ ਦਾ ਇੰਤਜਾਮ ਕੀਤਾ ਜਾ ਸਕੇ ਅਤੇ ਉਹ ਵਿਆਖਿਆਕਾਰ ਭਾਸ਼ਾ ਬਦਲ ਕੇ ਦੂਜੇ ਮੈਂਬਰਾਂ ਤੱਕ ਪੁਹੰਚਾ ਸਕਣ। ਰਾਜ ਸਭਾ ਵਿੱਚ ਤਿੰਨ ਭਾਸ਼ਾਵਾਂ (ਮੂਲ ਸੰਬੋਧਨ ਦੀ ਭਾਸ਼ਾ (ਫਲੋਰ ਭਾਸ਼ਾ), ਹਿੰਦੀ ਅਤੇ ਅੰਗਰੇਜ਼ੀ) ਵਿੱਚ ਸੁਣਨ ਦੀ ਸਹੂਲਤ ਹੈ। ਆਸ ਹੈ ਕਿ ਰਾਜ ਸਭਾ ਵਿੱਚ ਵੀ 22 ਭਾਸ਼ਾਵਾਂ ਵਿੱਚ ਸਮਕਾਲੀ ਵਿਆਖਿਆ ਸ਼ੁਰੂ ਹੋ ਜਾਵੇਗੀ।
ਭਾਰਤੀ ਸੰਸਦ ਦੀ ਲੋਕ ਸਭਾ ਵਿੱਚ 22 ਭਾਸ਼ਾਵਾਂ ਦੀ ਸਮਕਾਲੀ ਵਿਆਖਿਆ ਸ਼ੁਰੂ ਹੋਣ ਨੂੰ ਗਿਨੀਜ਼ ਬੁੱਕ ਆਫ ਰਿਕਾਰਡ ਵਿੱਚ ਵੀ ਥਾਂ ਮਿਲਣੀ ਚਾਹੀਦੀ ਹੈ।
ਲੇਖਕ:- ਜਸਵੰਤ ਸਿੰਘ
9996650048
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous article” ਏਕ ਪੇੜ ਮਾਂ ਕੇ ਨਾਮ ” ਪ੍ਰੋਜੈਕਟ ਤਹਿਤ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਗੰਭੀਰਪੁਰ ਲੋਅਰ ਨੂੰ ਪ੍ਰਾਪਤ ਹੋਇਆ ਪ੍ਰਸ਼ੰਸਾ – ਪੱਤਰ * ਸਕੂਲ ਦੇ ਵਿਦਿਆਰਥੀਆਂ ਨੂੰ ਨਿਰੰਤਰ ਵਾਤਾਵਰਨ ਸੰਭਾਲ ਪ੍ਰਤੀ ਜਾਗਰੂਕ ਕੀਤਾ ਜਾ ਰਿਹਾ – ਈਕੋ ਕਲੱਬ ਇੰਚਾਰਜ
Next articleਸ. ਜਸਵਿੰਦਰ ਸਿੰਘ ਢਿੱਲੋਂ ਮੈਮੋਰੀਅਲ ਵੈਲਫ਼ੇਅਰ ਸੁਸਾਇਟੀ ਪੰਜਾਬ ਵੱਲੋਂ ਖ਼ੂਨਦਾਨ ਕੈਂਪ 21,22 ਤੇ 23 ਸਤੰਬਰ ਨੂੰ ਲਗਾਏ ਜਾ ਰਹੇ।