(ਸਮਾਜ ਵੀਕਲੀ) ਪੰਜਾਬੀ ਦੇ ਪ੍ਰਸਿੱਧ ਨਾਟਕਕਾਰ, ਕਹਾਣੀਕਾਰ, ਵਾਰਤਾਕਾਰ, ਰੇਖਾ ਚਿੱਤਰ ਲੇਖਕ, ਪੱਤਰਕਾਰ, ਨਾਵਲਕਾਰ ,ਨਾਟਕ ਦੇ ਖੋਜੀ, ਭਾਰਤੀ ਰੰਗ ਕਰਮੀ, ਨਾਟਕ ਨਿਰਦੇਸ਼ਕ, ਬਲਵੰਤ ਗਾਰਗੀ ਜੀ ਦਾ ਜਨਮ 4 ਦਸੰਬਰ 1916 ਨੂੰ ਪਿਤਾ ਸ਼ਿਵ ਚੰਦ ਅਤੇ ਮਾਤਾ ਪੁੰਨੀ ਜੀ ਦੇ ਘਰ ਨਹਿਰੀ ਕੋਠੀ ਸਹਿਣਾ ਜ਼ਿਲ੍ਹਾ ਬਠਿੰਡਾ (ਹੁਣ ਜ਼ਿਲ੍ਹਾ ਬਰਨਾਲਾ) ਵਿੱਚ ਹੋਇਆ। ਇਹਨਾਂ ਦੇ ਪਿਤਾ ਜੀ ਬਾਬੂ ਸ਼ਿਵ ਚੰਦ ਜੀ ਨਹਿਰੀ ਵਿਭਾਗ ਵਿੱਚ ਦੇ ਗੇਜ ਰੀਡਰ ਲੱਗੇ ਹੋਏ ਸਨ। ਪੰਜਾਬੀ ਸਾਹਿਤ ਜਗਤ ਵਿੱਚ ਬਲਵੰਤ ਗਾਰਗੀ ਜੀ ਦਾ ਨਾਂ ਪੰਜਾਬੀ ਦੇ ਪ੍ਰਸਿੱਧ ਲੇਖਕਾਂ ਸ਼ਿਵ ਕੁਮਾਰ ਬਟਾਲਵੀ, ਅੰਮ੍ਰਿਤਾ ਪ੍ਰੀਤਮ, ਨਾਨਕ ਸਿੰਘ ਦੇ ਨਾਲ ਬੜੇ ਆਦਰ ਨਾਲ ਲਿਆ ਜਾਂਦਾ ਹੈ ।ਮੁਢਲੀ ਵਿੱਦਿਆ ਬਲਵੰਤ ਗਾਰਗੀ ਜੀ ਨੇ ਪਿੰਡ ਸਹਿਣਾ ਤੋਂ ਪ੍ਰਾਪਤ ਕੀਤੀ। ਬਾਅਦ ਵਿੱਚ ਆਪ ਜੀ ਨੇ ਬੀ .ਏ. ਮਹਿੰਦਰਾ ਕਾਲਜ ਪਟਿਆਲਾ ਤੋਂ ਕੀਤੀ ,ਅਤੇ ਐਫ.ਸੀ. ਕਾਲਜ਼ ਲਾਹੌਰ ਤੋਂ ਰਾਜਨੀਤੀ ਸ਼ਾਸਤਰ ਦੀ ਐਮ.ਏ. ਅਤੇ ਅੰਗਰੇਜ਼ੀ ਦੀ ਐਮ.ਏ. ਕੀਤੀ। ਨਾਟਕ ਲਿਖਣ ਦੀ ਚੇਤਨਾ ਇਹਨਾਂ ਨੂੰ ਪ੍ਰੀਤ ਨਗਰ ਵਿੱਚ ਰਹਿੰਦੇ ਹੋਏ ਲੱਗੀ ।ਸ਼ੁਰੂ ਵਿੱਚ ਰੇਡੀਓ ਅਤੇ ਰੰਗ ਮੰਚ ਲਈ ਨਾਟਕ ਖੇਡੇ ।ਆਪ ਬਾਅਦ ਵਿੱਚ ਅਮਰੀਕਾ ਜਾ ਕੇ ਸਿਆਟਲ ਯੂਨੀਵਰਸਿਟੀ ਅਮਰੀਕਾ ਵਿੱਚ ਨਾਟਕਾਂ ਅਧਿਐਨ ਕੀਤਾ ਅਤੇ ਥੀਏਟਰ ਦੇ ਅਧਿਆਪਕ ਰਹੇ। ਪੰਜਾਬੀ ਪੰਜਾਬੀ ਨਾਟਕ ਵਿੱਚ ਨੌਰਾ ਰਿਚਰਡ ,ਗੁਰਸ਼ਰਨ ਭਾਜੀ, ਚਰਨ ਦਾਸ ਸਿੱਧੂ, ਸੰਤ ਸਿੰਘ ਸੇਖੋ ,ਈਸ਼ਵਰ ਚੰਦ ਨੰਦਾ, ਅਜਮੇਰ ਔਲਖ ,ਡਾਕਟਰ ਹਰਸ਼ਰਨ ਅਤੇ ਹੋਰ ਵੀ ਕਈ ਨਾਟਕ ਹੋਏ ਹਨ ਜਿੰਨਾਂ ਵਿੱਚ ਬਲਵੰਤ ਗਾਰਗੀ ਜੀ ਦਾ ਨਾ ਪ੍ਰਮੁੱਖ ਤੌਰ ਤੇ ਲਿਆ ਜਾਂਦਾ ਹੈ।
11 ਜੂਨ 1966 ਨੂੰ ਬਲਵੰਤ ਗਾਰਗੀ ਨੇ ਅਮਰੀਕਨ ਕੁੜੀ ਜੀਨੀ ਨਾਲ ਵਿਆਹ ਕਰਵਾ ਲਿਆ।
ਰਚਨਾਵਾਂ
ਆਪਨੇ 40 ਤੋਂ ਵੱਧ ਕਿਤਾਬਾਂ ਲਿਖੀਆਂ ਜਿਹਨਾਂ ਵਿੱਚ ਨਾਟਕ ਤਾਰਾ ਟੁੱਟਿਆ, ਲੋਹਾ ਕੁੱਟ, ਸੈਲ ਪੱਥਰ, ਵਿਸ਼ਵੇਦਾਰ, ਕੇਸਰੋ ,ਨਵਾਂ ਮੁੱਢ, ਘੁੱਗੀ, ਸੋਹਣੀ ਮਹੀਂਵਾਲ, ਕਣਕ ਦੀ ਬੱਲੀ, ਧੂਣੀ ਦੀ ਅੱਗ ,ਗਗਨ ਮੈ ਥਾਲੁ , ਸੁਲਤਾਨ ਰਜ਼ੀਆ, ਬਲਦੇ ਟਿੱਬੇ ,ਦੁੱਧ ਦੀਆਂ ਧਾਰਾਂ, ਪੱਤਣ ਦੀ ਬੇੜੀ, ਕੁਆਰੀ ਟੀਸੀ, ਸੌਂਕਣ, ਚਾਕੂ, ਪੱਤਰੇ ਬਾਜ਼, ਮਿਰਜ਼ਾ ਸਾਹਿਬਾ, ਅਭਿਸਰਕਾ ਆਦਿ ਪ੍ਰਮੁੱਖ ਨਾਟਕ ਹਨ ।
ਇਕਾਂਗੀ ਵਿੱਚ ਕੁਵਾਰੀ ਟੀਸੀ,ਦੋ ਪਾਸੇ, ਪੱਤਣ ਦੀ ਬੇੜੀ, ਦੁੱਧ ਦੀਆਂ ਧਾਰਾਂ ,ਸਰਬਤ ਦੀ ਕੁੱਟ, ਪੈਂਤਰੇਬਾਜ ,ਦਸਵੰਧ ਆਦਿ ਪ੍ਰਮੁੱਖ ਹਨ।
ਰੇਖਾ ਰੇਖਾ ਚਿੱਤਰ ਸਈਅਤ ਹੁਸਨ ਮੰਟੋ, ਰਜਿੰਦਰ ਸਿੰਘ ਬੇਦੀ ,ਸ਼ਿਵ ਕੁਮਾਰ ਬਟਾਲਵੀ ਬਾਰੇ ਬਹੁਤ ਮਕਬੂਲ ਹੋਏ ਹਨ।
ਵਾਰਤਕ ਨਿੰਮ ਦੇ ਪੱਤੇ ,ਸੁਰਮੇ ਵਾਲੀ ਅੱਖ ,ਕੌਡੀਆਂ ਵਾਲਾ ਸਾਧ, ਹੁਸੀਨ ਚਿਹਰੇ ਆਦਿ ਲਿਖੇ ਹਨ।
ਖੋਜ ਪੁਸਤਕਾਂ ਲੋਕ ਨਾਟਕ, ਰੰਗ ਮੰਚ ।
ਕਹਾਣੀ ਸੰਗ੍ਰਹਿ ਮਿਰਚਾਂ ਵਾਲਾ ਸਾਧ ,ਡੁੱਲੇ ਬੇਰ,
ਨਾਵਲ ਕੱਕਾ ਰੇਤਾ ਆਦਿ।
ਸਫ਼ਰਨਾਮਾ ਪਤਾਲ ਦੀ ਧਰਤੀ ਵੀ ਲਿਖਿਆ।
ਸਵੈ ਜੀਵਨੀ ਨੰਗੀ ਧੁੱਪ ਲਿੱਖੀ।
ਪਹਿਲਾ ਨਾਟਕ 1962 ਵਿੱਚ ਕਣਕ ਦੀ ਬੱਲੀ ਅਮਰੀਕਾ ਵਿੱਚ ਖੇਡਿਆ ।ਜਿਸ ਨੂੰ ਲੋਕਾਂ ਨੇ ਬਹੁਤ ਪਸੰਦ ਕੀਤਾ । ਉਸ ਤੋਂ ਬਾਅਦ ਆਪਣੇ ਰੂਸ ਪਲਾਨ ਖਾਸ ਦੇਸ਼ਾਂ ਵਿੱਚ ਵੀ ਨਾਟਕਾਂ ਦਾ ਲੋਹਾ ਮਨਵਾਇਆ।
ਪੁਰਸਕਾਰ-1958 -59 ਵਿੱਚ ਭਾਸ਼ਾ ਵਿਭਾਗ ਪੰਜਾਬ ਨੇ ਸ਼੍ਰੋਮਣੀ ਸਾਹਿਤਕਾਰ ਵਜੋਂ ਸਨਮਾਨਿਆ।
1972 ਵਿੱਚ ਭਾਰਤ ਸਰਕਾਰ ਨੇ ਪਦਮ ਸ਼੍ਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ।
1998 ਚ ਭਾਰਤੀ ਸੰਗੀਤ ਅਕੈਡਮੀ ਨੇ ਸਨਮਾਨਿਤ ਕੀਤਾ। ਬਲਵੰਤ ਗਾਰਗੀ ਜੀ ਦੀ ਇਹ ਖੂਬੀ ਸੀ, ਕਿ ਉਹ ਨਾਟਕ ਖੇਡਣ ਵੇਲੇ ਬਹੁਤ ਘੱਟ ਸਮਾਨ ਦੀ ਵਰਤੋਂ ਕਰਦਾ ਸੀ। ਠੇਠ ਮਲਵਈ ਬੋਲੀ ਵਿੱਚ ਉਸਨੇ ਨਾਟਕ ਲਿਖੇ ਅਤੇ ਬੇਬਾਕ ਲਿਖਣੀ ਲਿਖੀ। ਬਲਵੰਤ ਗਾਰਗੀ ਦੇ ਨਾਟਕਾਂ ਵਿੱਚ ਔਰਤ ਮਾਰਦ ਸੰਬੰਧ, ਪੂੰਜੀਵਾਦ, ਪੱਛਮੀ ਕਰਨ ,ਪੇਂਡੂ ਜੀਵਨ ਦੇ ਪੱਖ ਭਾਰੂ ਹਨ । ਉਹਨਾਂ ਦੇ ਨਾਟਕ ਦੇਖਦਾ ਹੋਇਆ ਦਰਸ਼ਕ ਨਾਟਕ ਖਤਮ ਹੋਣ ਤੋਂ ਬਾਅਦ ਵੀ ਮੁੱਦਤਾਂ ਤੱਕ ਯਾਦ ਰੱਖਦਾ ਹੈ ।ਉਨਾਂ ਨੇ ਅਗਾਂਹਵਧੂ ਵਧੂ ਸੋਚ ਤੇ ਨਾਟਕ ਲਿਖੇ। ਨਾਟਕਾਂ ਤੇ ਮਲਵਈ ਬੋਲੀ ਭਾਰੂ ਹੈ। ਪਿੰਡਾਂ ਦੇ ਕਹਿਣ ਵਾਲੇ ਦੀ ਦੁੱਖ ਤਕਲੀਫਾਂ ਤੋਂ ਭਲੀ ਜਾਣੂ ਸਨ।ਉਸ ਦੇ ਅਨੁਸਾਰ ਲਿਖਣਾ ਧਰਮ ਹੁੰਦਾ ਹੈ। ਲਿਖਣ ਨਾਲ ਤੁਸੀਂ ਫਲੱਰਟ ਨਹੀਂ ਕਰ ਸਕਦੇ, ਕਿ ਕਦੇ ਕਲਮ ਚੁੱਕੀ ਤੇ ਕੁਝ ਲਿਖ ਮਾਰਿਆ। ਮੈਂ ਸਵੇਰੇ ਤਖਤਪੋਸ਼ ਤੇ ਬਹਿ ਕੇ ਲਿਖਦਾ ਹਾਂ ਤੇ ਲਿਖਣ ਨਾਲ ਮੈਨੂੰ ਨਸ਼ਾ ਆਉਂਦਾ ਹੈ ।ਜਿਸ ਲੇਖਕ ਨੂੰ ਲਿਖਣ ਵਿੱਚ ਨਸ਼ਾ ਨਹੀਂ ਆਉਂਦਾ। ਉਹ ਲੇਖਕ ਨਹੀਂ ਹੁੰਦਾ। ਬਲਵੰਤ ਗਾਰਗੀ ਜੀ ਨੂੰ ਕਈ ਲੇਖਕ ਡਰਾਮੇਬਾਜ, ਆਸ਼ਕ ਮਜਾਜ਼, ਫਿਕਰੇ ਬਾਜ਼, ਫੈਸ਼ਨ ਬਾਜ ਅਤੇ ਝਗੜੇ ਬਾਜ਼ ਵੀ ਕਹਿੰਦੇ ਰਹੇ ਹਨ।
ਬਲਵੰਤ ਗਾਰਗੀ ਦੀ ਅੰਮ੍ਰਿਤਾ ਪ੍ਰੀਤਮ, ਰਜਿੰਦਰ ਸਿੰਘ ਬੇਦੀ, ਕਿਸ਼ਨ ,ਅਤੇ ਖੁਸਵੰਤ ਸਿੰਘ ਵਰਗੇ ਮਹਾਨ ਲੇਖਕਾਂ ਨਾਲ ਗੂੜੀ ਦੋਸਤੀ ਸੀ।
ਗਾਰਗੀ ਜੀ ਪਹਿਲਾਂ ਦਿੱਲੀ ਵਿੱਚ ਕਰਜਣ ਰੋਡ( ਹੁਣ ਗਾਂਧੀ ਮਾਰਗ ਰੋਡ) ਵਿੱਚ ਰਹਿੰਦੇ ਸਨ। ਬਾਅਦ ਵਿੱਚ ਆਪ ਮੁੰਬਈ ਜਾ ਵਸੇ। ਆਖਰੀ ਉਮਰ ਵਿੱਚ ਗਾਰਗੀ ਨੂੰ ਭੁੱਲਣ ਰੋਗ ਹੋ ਗਿਆ। ਜਿਸ ਰੋਗ ਨਾਲ ਪਿਛਲੀ ਸਾਰੀ ਯਾਦਾਸ਼ਤ ਖਤਮ ਹੋ ਜਾਂਦੀ ਹੈ ।ਆਦਮੀ ਕਿਸੇ ਨੂੰ ਸਿਆਣ ਨਹੀਂ ਸਕਦਾ। ਉਸ ਦੇ ਪੁੱਤ ਮਨੂ ਨੇ ਉਸਦੀ ਬਹੁਤ ਸੇਵਾ ਸੰਭਾਲ ਕੀਤੀ। ਅੰਤ 22 ਅਪ੍ਰੈਲ 2003 ਨੂੰ ਮਹਾਨ ਨਾਟਕਕਾਰ ਬਲਵੰਤ ਗਾਰਗੀ ਸਾਨੂੰ ਸਦਾ ਲਈ ਛੱਡ ਕੇ ਤੁਰ ਗਏ। 2016 ਵਿੱਚ ਗਾਰਗੀ ਜੀ ਦੀ ਵੱਡੇ ਪੱਧਰ ਤੇ ਜਨਮ ਸ਼ਤਾਬਦੀ ਮਨਾਈ ਗਈ। ਚਾਰ ਸਾਲ ਪਹਿਲਾਂ ਮੈਂ ਆਪਣੀ ਦੋਸਤ ਰੁਪਿੰਦਰ ਕੌਰ ਸਿੱਧੂ ਲੇਖਿਕਾ ਸਹਿਣਾ ਨਾਲ ਬਲਵੰਤ ਗਾਰਗੀ ਦੇ ਜਨਮ ਸਥਾਨ ਨਹਿਰੀ ਕੋਠੀ ਸਹਿਣਾ ਵਿੱਚ ਦਰਸ਼ਨ ਕਰਨ ਗਿਆ ਤਾਂ ਮੇਰਾ ਮਨ ਫਿੱਕਾ ਪੈ ਗਿਆ। ਕਿਉਂਕਿ ਉਹ ਇਮਾਰਤ ਡਿੱਗੀ ਹੋਈ ਹੈ। ਕੰਧਾਂ ਟੁੱਟੀਆਂ ਹੋਈਆਂ ਹਨ, ਕੰਧਾਂ ਦੀਆਂ ਤੇੜਾਂ ਵਿਚਕਾਰ ਦਰਖ਼ਤ ਉੱਗੇ ਹੋਏ ਹਨ ।ਘਾਹ ਫੂਸ ਕੰਡੇ ਉੱਗੇ ਹੋਏ ਹਨ। ਬੰਦੇ ਦੀ ਮਿਆਦ ਨਹੀਂ ਹੁੰਦੀ। ਪਰ ਇਹਨਾਂ ਚੀਜ਼ਾਂ ਦੀ ਮਿਆਦ ਹੁੰਦੀ। ਜੇਕਰ ਸਾਂਭੀਆਂ ਜਾਣ। ਹੁਣ ਪਤਾ ਲੱਗਿਆ ਹੈ ਕਿ ਬਲਵੰਤ ਗਾਰਗੀ ਟਰੱਸਟ ਸਹਿਣੇ ਵਾਲੇ ਇਸ ਮਹਾਨ ਲੇਖਕ ਦੇ ਜਨਮ ਸਥਾਨ ਦੀ ਸਾਂਭ ਸੰਭਾਲ ਕਰ ਰਹੇ ਹਨ ਬਹੁਤ ਵਧੀਆ ਗੱਲ ਹੈ। ਪੰਜਾਬ ਸਰਕਾਰ ਨੂੰ ਵੀ ਇਸ ਦੀ ਸਾਂਭ ਸੰਭਾਲ ਲਈ ਧਿਆਨ ਦੇਣਾ ਚਾਹੀਦਾ ਹੈ।
ਸ਼ੁਭ ਚਿੰਤਕ।
ਡਾਕਟਰ ਨਰਿੰਦਰ ਭੱਪਰ ਝਬੇਲਵਾਲੀ।
ਪਿੰਡ ਅਤੇ ਡਾਕਖਾਨਾ ਝਬੇਲਵਾਲੀ।
ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ।
6284145349
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj