
(ਸਮਾਜ ਵੀਕਲੀ) 29 ਮਈ 2022 ਪੰਜਾਬੀ ਸੰਗੀਤ ਦੇ ਸਫ਼ਿਆ ਉੱਤੇ ਲਿਖੀ ਹੋਈ ਇੱਕ ਐਸੀ ਮਨਹੂਸ ਤਰੀਖ਼ ਹੈ ਜੋ ਪੰਜਾਬੀਆਂ ਦੇ ਦਿਲਾਂ ਅੰਦਰ ਨਾਸੂਰ ਬਣ ਰਸ਼ਦੀ ਰਹਿੰਦੀ ਹੈ। ਸਿੱਧੂ ਮੂਸੇ ਵਾਲੇ ਨੂੰ ਭਾਵੇਂ 4-5 ਸਾਲ ਦਾ ਵਾਕਫਾ ਹੋ ਚਲਿਆ ਹੈ ਇਸ ਦੁਨੀਆ ਤੋਂ ਗਏ ਨੂੰ ਪਰ ਉਸਦਾ ਨਾਂ ਉਸੇ ਪੀਚ ਤੇ ਬਰਕਰਾਰ ਕੇ ਜਿੱਥੇ ਉਹ ਛੱਡ ਕੇ ਗਿਆ ਸੀ।ਅੱਜ ਵੀ ਪੰਜਾਬੀਆਂ ਦੇ ਦਿਲਾਂ ਅੰਦਰ ਧੜਕਦਾ ਨਜ਼ਰ ਆ ਰਿਹਾ ਹੈ। ਅਨਜਾਣ ਦਹਿਸ਼ਤਗਰਦਾਂ ਨੇ ਢਲਦੀ ਸ਼ਾਮ ਦੇ ਨਾਲ ਪੰਜਾਬ ਦੇ ਉਭਰਦੇ ਹੋਏ ਟੇਲੈਂਟ ਨੂੰ ਸਦਾ ਲਈ ਅਸਤ ਕਰ ਦਿੱਤਾ । ਜਵਾਹਰਕੇ ਪਿੰਡ ਦੀ ਧਰਤੀ ਨੂੰ ਖੂਨ ਨਾਲ ਰੰਗ ਕੇ ਉਨ੍ਹਾਂ ਆਪਣੀ ਅਨਪੜ੍ਹਤਾ ਤੇ ਮੂਰਖਤਾ ਦਾ ਜਸ਼ਨ ਮਨਾਇਆ। ਇਹ ਕੋਈ ਆਮ ਘਟਨਾ ਜਾਂ ਰੰਜਿਸ਼ ਨਹੀਂ ਸੀ ਬਲਕਿ ਇੱਕ ਸੋਚੀ ਸਮਝੀ ਏਜੰਸੀਆਂ ਦੀ ਕੋਝੀ ਚਾਲ ਸੀ ਜਿਸਨੇ ਪੰਜਾਬ ਦੀ ਤਰੱਕੀ ਦੇ ਸੂਰਜ ਨੂੰ ਸਦਾ ਲਈ ਹਨੇਰੇ ਵਿੱਚ ਧੱਕ ਦਿੱਤਾ। ਸਿੱਧੂ ਮੂਸੇ ਵਾਲੇ ਇੱਕ ਗਾਇਕ ਜਾ ਹਿੱਪ ਹੌਫ ਰੈਪਰ ਹੀ ਨਹੀਂ ਸੀ ਬਲਕਿ ਨਵੇਂ ਯੁੱਗ ਦੀ ਤਰੱਕੀ ਦਾ ਸੁਨਹਿਰਾ ਇਤਿਹਾਸ ਸੀ ਜਿਸ ਨੇ 21ਵੀਂ ਸਦੀ ਦੇ ਨੌਜਵਾਨ ਸਰੋਤਿਆਂ ਨੂੰ ਆਪਣੀ ਕਲਾ ਨਾਲ ਜੋੜ ਕੇ ਕਿਰਤ ਦੇ ਰਾਹ ਤੋਰਿਆ।ਆਪਣੇ ਗਾਣਿਆਂ ਵਿੱਚ ਹਥਿਆਰਾਂ ਤੇ ਮਾਰਧਾੜ ਦੀਆਂ ਗੱਲਾਂ ਕਰਨ ਵਾਲਾ ਸਿੱਧੂ ਮੂਸੇ ਵਾਲੇ ਆਮ ਪਰਿਵਾਰ ਚ ਜਨਮਿਆਂ ਕਿਸਾਨੀ ਨਾਲ ਜੁੜਿਆ ਟਿੱਬਿਆਂ ਦਾ ਪੁੱਤ ਸੀ। ਜਿਸ ਦਾ ਜਨਮ ਮਾਨਸਾ ਜ਼ਿਲ੍ਹੇ ਦੇ ਪਿੰਡ ਮੁਸੇ ਦੇ ਰਹਿਣ ਵਾਲੇ ਪਿਤਾ ਬਲਕੌਰ ਸਿੰਘ ਤੇ ਮਾਤਾ ਚਰਨ ਕੌਰ ਦੀ ਕੁੱਖੋਂ 11 ਜੂਨ 1993 ਨੂੰ ਹੋਇਆ। ਸਮਾਜਿਕ ਰਸਮਾਂ ਅਨੁਸਾਰ ਮਾਂਪਿਆਂ ਨੇ ਇਸ ਦਾ ਸ਼ੁਭਦੀਪ ਸਿੰਘ ਨਾਂ ਦਾ ਨਾਮਕਰਨ ਕੀਤਾ। ਪਿੰਡ ਦੀਆਂ ਗਲੀਆਂ ਚ ਖੇਡ ਕੁੱਦ ਕੇ ਜਵਾਨ ਹੋਏ ਸ਼ੁਭਦੀਪ ਨੇ ਮਾਨਸਾ ਦੇ ਸਕੂਲਾਂ ਤੋਂ ਮੁੱਢਲੀ ਪੜ੍ਹਾਈ ਅਤੇ ਲੁਧਿਆਣਾ ਦੇ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਤੋਂ ਗ੍ਰੈਜੂਏਸ਼ਨ ਦੀ ਸਿੱਖਿਆ ਪ੍ਰਾਪਤ ਕਰਨ ਤੋਂ ਬਾਅਦ ਉਹ ਸੁਨਹਿਰੇ ਭਵਿੱਖ ਲਈ ਕੈਨੇਡਾ ਚਲਾ ਗਿਆ ਇੱਥੇ ਰਹਿੰਦਿਆਂ ਹੀ ਉਸਨੇ ਸੰਗੀਤ ਦੀ ਸ਼ੁਰੂਆਤ ਕੀਤੀ। ਸ਼ੁਭਦੀਪ ਨੂੰ ਬਚਪਨ ਤੋਂ ਹੀ ਗਾਉਣ ਦਾ ਸ਼ੌਕ ਸੀ ਉਸਨੇ ਬਾਲ ਉਮਰ ਵਿੱਚ ਮਾਨਸਾ ਪੜਦਿਆਂ ਪੰਜਾਬ ਸਰਕਾਰ ਦੇ ਅਦਾਰੇ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ ਵਲੋਂ ਕਰਵਾਏ ਜਾਂਦੇ ਸਾਹਿਤ ਸਿਰਜਣ ਮੁਕਾਬਲੇ ਦੀ ਗਾਇਨ ਵੰਨਗੀ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ। ਵਿਦੇਸ਼ੀ ਗਾਇਕ ਟੂਪਾਕ ਦੇ ਗਾਣਿਆਂ ਤੋਂ ਪ੍ਰਭਾਵਿਤ ਹੋਣ ਵਾਲੇ ਸਿੱਧੂ ਮੁਸੇ ਵਾਲੇ ਨੇ ਉਸ ਦੇ ਸੰਗੀਤਕ ਧੁੰਨ ਨੂੰ ਆਪਣੀ ਗਾਇਕੀ ਵਿੱਚ ਸ਼ਾਮਲ ਕਰਕੇ ਉੱਚ ਪੱਧਰੀ ਨਾਮਣਾ ਖੱਟਿਆ। ਪਹਿਲਾਂ ਪਹਿਲ ਸਿੱਧੂ ਨੇ ਬਤੌਰ ਗੀਤਕਾਰ ਵਜੋਂ ਇਸ ਖੇਤਰ ਵਿੱਚ ਆਇਆ।ਜਿਸਦਾ ਲਿਖਿਆ ਪਹਿਲਾਂ ਗੀਤ “ਲਾਇਸੈਂਸ”
ਪੰਜਾਬੀ ਗਾਇਕ ਨਿੰਜੇ ਨੇ ਰਿਕਾਰਡ ਕਰਵਾਇਆ ਜੋ ਸਫਲਤਾ ਦੀਆਂ ਪੌੜੀਆਂ ਚੜ੍ਹਦਾ ਹੋਇਆ ਇੱਕ ਨਵੇਂ ਗੀਤਕਾਰ ਸਿੱਧੂ ਮੂਸੇ ਵਾਲੇ ਦੇ ਨਾਂ ਦੀ ਪਹਿਚਾਣ ਕਰਵਾ ਗਿਆ। ਉਸ ਤੋਂ ਬਾਅਦ ਸਿੱਧੂ ਨੇ “ਜੱਟ ਉਸ ਪਿੰਡ ਨੂੰ ਬਲੌਗ ਕਰਦਾ” ਤੇ “ਉੱਚੀਆਂ ਨੇ ਗੱਲਾਂ ਤੇਰੇ ਯਾਰ ਦੀਆਂ” ਵਰਗੇ ਸੁਪਰ ਡੁਪਰ ਹਿੱਟ ਗੀਤਾਂ ਨਾਲ ਬਤੌਰ ਗਾਇਕੀ ਵਿੱਚ ਪ੍ਰਵੇਸ਼ ਕੀਤਾ ਜਿਸ ਨੂੰ ਸਰੋਤਿਆਂ ਨੇ ਖਿੜੇ ਮਿੱਥੇ ਪ੍ਰਵਾਨ ਕਰਕੇ ਪ੍ਰਚਾਲਿਤ ਗਾਇਕੀ ਤੋਂ ਹੱਟ ਕੇ ਉਸਦੀ ਪ੍ਰਭਿਤਾ ਨੂੰ ਕਬੂਲਿਆ । ਸਿੱਧੂ ਨੇ ਸਰੋਤਿਆਂ ਦੀ ਨਬਜ਼ ਪਛਾਣਦਿਆਂ ਸੰਗੀਤ ਵਿੱਚ ਆਪਣੀ ਵਿਲੱਖਣ ਸ਼ੈਲੀ ਦਾ ਰੰਗ ਭਰਕੇ ਗਾਇਕੀ ਨੂੰ ਇੱਕ ਨਵੀਂ ਦਿਸ਼ਾ ਵੱਲ ਤੋਰਿਆ। ਸਿੱਧੂ ਦੀ ਕਲਮ ਚੋਂ ਉਪਜਣ ਵਾਲਾ ਹਰ ਇੱਕ ਗੀਤ ਜਿੱਥੇ ਮਕਬੂਲਤਾ ਨੂੰ ਹਾਸਲ ਕਰਨ ਲੱਗਾ ਉੱਥੇ ਹੀ ਉਹ ਸਮਾਜਿਕ ਚਣੌਤੀਆਂ ਨੂੰ ਜਨਮ ਦਿੰਦਾ ਹੋਇਆ ਵਿਵਾਦਿਤ ਘੇਰਿਆਂ ਚ ਘਿਰਨ ਲੱਗਾ। ਹੰਬਲ ਸੁਭਾਅ ਵਾਲਾ ਸਿੱਧੂ ਨਿਰਵਿਘਨ ਬੇਖੌਫ਼ ਹੋ ਆਪਣੇ ਗਾਣਿਆਂ ਦੀ ਸਿਰਜਣਾ ਕਰਦਾ ਗਿਆ। ਉਹ ਆਪਣੇ ਗੀਤਾਂ ਦੇ ਜ਼ਰੀਏ ਦੁਨੀਆ ਦੇ ਦੋਗਲੇ ਚਿਹਰਿਆਂ ਨੂੰ ਨੰਗਾ ਕਰਦਾ ਹੋਇਆ ਆਪਣੀ ਜੀਵਨ ਗਾਥਾ ਬਿਆਨਦਾ ਗਿਆ। ਪਿੰਡ ਦੀ ਭੋਂ ਤੋਂ ਜਨਮਿਆਂ ਸਿੱਧੂ ਦਾ ਗੀਤ ਸੰਗੀਤ ਦੇ ਬੁਰਜ਼ ਖ਼ਲੀਫ਼ੇ ਮੰਨੇ ਜਾਣ ਵਾਲੇ ਬਿਲਬੋਰਡ ਨੂੰ ਜਾ ਛੂਹਦਾ। ਸਿੱਧੂ ਆਪਣੀ ਕਲਮ ਅਤੇ ਅਵਾਜ਼ ਦੇ ਨਾਲ ਆਪਣੇ ਨਾਂ ਦੀ ਸਲਤਨਤ ਕਾਇਮ ਕਰਦਾ ਹੋਇਆ ਸੰਗੀਤਕ ਸਿੰਘਾਸਨ ਤੇ ਬਹਿ ਗਾਇਕੀ ਵਿੱਚ ਰਾਜ ਕਰਨ ਲੱਗਾ। ਦੇਸ਼ ਵਿਦੇਸ਼ ਵਿੱਚ ਬੈਠੇ ਸਭ ਗੋਰੇ-ਕਾਲੇ ਲੋਕ ਉਸ ਦੀ ਆਵਾਜ਼ ਦੇ ਦੀਵਾਨੇ ਹੋ ਤੁਰੇ। ਸਿੱਧੂ ਜਿੱਥੇ ਪੈਰ ਜਾ ਧਰਦਾ ਜਾਂ ਉਸ ਬਾਰੇ ਬੋਲਦਾ ਤਾਂ ਉਹ ਬਹੁਮੁੱਲੀ ਹੋ ਆਪਣੀ ਪ੍ਰਸਿੱਧੀ ਹਾਸਿਲ ਕਰ ਲੈਂਦੀ।ਜੋ ਵੀ ਸਿੱਧੂ ਦੇ ਸਪਰਸ਼ ਵਿੱਚ ਆਇਆ ਉਹ ਆਪਣੀ ਗੁਣਵੱਤਾ ਨੂੰ ਦਰਸਾਉਂਦੀ।ਜੇ ਸਿੱਧੂ ਨੂੰ ਅਸੀਂ ਪੰਜਾਬੀ ਗਾਇਕੀ ਦਾ ਪਾਰਸ ਕਹਿ ਦੇਈਏ ਤਾਂ ਇਸ ਵਿੱਚ ਕੋਈ ਅਤਿਕਥਨੀ ਨਹੀਂ ਹੋਵੇਗੀ ਕਿਉਂਕਿ ਸਿੱਧੂ ਨੇ ਜਿਸ ਗੀਤ ਜਾਂ ਗਾਇਕ ਨਾਲ ਆਪਣੀ ਆਵਾਜ਼ ਦਾ ਸੁਮੇਲ ਕੀਤਾ ਉਹ ਦਿਨਾਂ ਵਿੱਚ ਸਟਾਰ ਬਣਦਾ ਹੋਇਆ ਉੱਚਾ ਨਾਮਣਾ ਖੱਟਣ ਲੱਗਾ ਜਿਵੇਂ ਕਿ:- ਗੁਲਾਬ ਸਿੱਧੂ, ਪ੍ਰੇਮ ਢਿੱਲੋਂ, ਅਮ੍ਰਿਤ ਮਾਨ, ਬਿਗ ਬਰਡ,ਆਰ ਨੇਤ, ਜਸਵਿੰਦਰ ਬਰਾੜ ਤੇ ਲਾਭ ਹੀਰਾ ਵਰਗੇ ਅਨੇਕਾਂ ਹੋਰ ਕਲਾਕਾਰ। ਆਪਣੀ ਆਵਾਜ਼ ਅਤੇ ਸ਼ਬਦਾਂ ਦੇ ਨਾਲ ਸਮੇਂ ਤੇ ਸੱਚ ਦੀ ਸੱਟ ਮਾਰਨ ਵਾਲੇ ਸਿੱਧੂ ਮੂਸੇ ਵਾਲੇ ਨੇ ਆਪਣੀ ਕਲਾ ਦਾ ਅਜਿਹਾ ਜ਼ਲਜ਼ਲਾ ਲਿਆਂਦਾ ਕਿ ਉਸ ਨੇ ਸਭ ਕੁਝ ਆਪਣੇ ਵਿੱਚ ਸਮੇਟ ਲਿਆ। ਗਾਇਕੀ ਦੀਆਂ ਸ਼ਿਖਰਾਂ ਨੂੰ ਛੋਹਣ ਵਾਲਾ ਸਿੱਧੂ ਮੂਸੇ ਵਾਲਾ ਥੋੜ੍ਹੇ ਹੀ ਸਮੇਂ ਵਿੱਚ ਗੀਤਕਾਰ,ਕੰਪੋਜ਼ਰ, ਐਕਟਰ ਅਤੇ ਰਾਜਨੀਤਕ ਲੋਕਾਂ ਦੀ ਜ਼ਿੰਦਗੀ ਜਿਉਣ ਵਾਲਾ ਪਤਾ ਨਹੀਂ ਕਿਉਂ ਇੰਨ੍ਹੀਂ ਨਫ਼ਰਤ ਦਾ ਪਾਤਰ ਬਣਿਆ ਕਿ ਉਹ ਜਿਉਂ ਜਿਉਂ ਤਰੱਕੀ ਦੀ ਰਾਹੇ ਤੁਰਿਆ ਉਹ ਤਿਉਂ ਤਿਉਂ ਉਹ ਵਿਵਾਦਾਂ ਦੇ ਘੇਰੇ ਚੋਂ ਘਿਰਦਾ ਹੋਇਆ ਇੱਕ ਵਿਵਾਦਿਤ ਕਲਾਕਾਰ ਦੇ ਰੂਪ ਵਿੱਚ ਉਭਰ ਕੇ ਸਾਡੇ ਸਾਹਮਣੇ ਆਇਆ। ਆਖ਼ਰਕਾਰ 29 ਮਈ 2022 ਦਿਨ ਐਤਵਾਰ ਨੂੰ ਢਲਦੀ ਸ਼ਾਮ ਦੇ ਨਾਲ 5.30 ਦੇ ਕਰੀਬ ਆਪਣੇ ਹੀ ਮਾਨਸਾ ਜ਼ਿਲ੍ਹੇ ਦੇ ਪਿੰਡ ਜਵਾਹਰਕੇ ਵਿਖੇ ਦਹਿਸ਼ਤਗਰਦਾਂ ਹੱਥੋਂ ਮੌਤ ਦਾ ਸ਼ਿਕਾਰ ਹੋ ਗਿਆ। ਜਾਂਦਾ ਜਾਂਦਾ ਸਿੱਧੂ ਆਪਣੀ ਜਨਮ ਭੋਇੰ ਪਿੰਡ ਮੂਸੇ ਦੇ ਨਾਲ ਨਾਲ ਉਸ ਪਿੰਡ ਜਵਾਹਰਕੇ ਨੂੰ ਵੀ ਦੁਨੀਆ ਵਿੱਚ ਰੌਸ਼ਨ ਕਰ ਗਿਆ ਜਿੱਥੇ ਉਸ ਨਾਲ ਜ਼ਿੰਦਗੀ ਦਾ ਇਹ ਘਟਨਾਕ੍ਰਮ ਹੋਇਆ। 21ਵੀਂ ਸਦੀ ਦਾ ਇਹ ਸਮਰੱਥ ਗਵੱਈਆ ਸਿੱਧੂ ਮੁੱਸੇ ਵਾਲਾ ਅੱਜ ਭਾਵੇਂ ਸਰੀਰਕ ਤੌਰ ਤੇ ਸਾਡੇ ਵਿਚਕਾਰ ਮੌਜੂਦ ਨਹੀਂ ਪਰ ਉਹ ਆਪਣੀ ਕਲਾ ਦੇ ਜ਼ਰੀਏ ਸਾਡੇ ਵਿਚੋਂ ਵਿਚਰ ਰਿਹਾ ਹੈ। ਉਸ ਦਾ ਆਉਣ ਵਾਲਾ ਗੀਤ ਉਸ ਦੀ ਨਿਰਪੱਖਤਾ ਦਾ ਸਬੂਤ ਦਿੰਦਾ ਹੋਇਆ ਉਸਦੀ ਮੌਜੂਦਗੀ ਦਾ ਅਹਿਸਾਸ ਕਰਵਾ ਰਿਹਾ ਹੈ।
======================
ਸਰੂਪ ਸਿੰਘ, ਚੌਧਰੀ ਮਾਜਰਾ (ਨਾਭਾ)
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



