“2050 ‘ਚ ਪਾਣੀ” (ਮਿੰਨੀ ਕਹਾਣੀ )

ਬੀਨਾ ਬਾਵਾ
(ਸਮਾਜ ਵੀਕਲੀ) 
 “ਮੰਮਾ,ਦਾਦਾ ਜੀ ਦਸਦੇ ਸੀ ਕਿ ਉਹਨਾਂ ਦੇ ਬਚਪਨ ਸਮੇਂ ਉਹ ਘਰ ਲੱਗੇ ਟਿਊਬ ਵੈੱਲ ਦੇ ਔਲੂ ਵਿੱਚ ਘੰਟਾ ਘੰਟਾ ਨਹਾਉਂਦੇ ਹੁੰਦੇ ਸੀ,ਆਂਢੀ  ਗੁਆਂਢੀ ਵੀ ਆ ਕੇ ਨਹਾ ਜਾਂਦੇ ਸੀ |”ਛੋਟੇ ਨਵਰੂਪ ਨੇ ਬੜੀ ਹੈਰਾਨੀ ਨਾਲ ਪੁੱਛਿਆ ਤਾਂ ਮੰਮੀ ਨੇ ਜੁਆਬ ਦਿੰਦਿਆਂ ਪੁੱਤ ਨੂੰ ਕਲਾਵੇ ਵਿੱਚ ਲੈ ਲਿਆ,”ਨਵੂ ਪੁੱਤ,ਉਦੋਂ ਹੁਣ ਵਾਂਗੂ ਪਾਣੀ ਬੋਤਲਾਂ ਚ ਥੋੜੀ ਵਿਕਦਾ ਸੀ,ਉਦੋਂ ਪਾਣੀ ਨੂੰ ਵੇਚਣਾ ਪਾਪ ਸਮਝਿਆ ਜਾਂਦਾ ਸੀ,ਥਾਂ ਥਾਂ ਛਬੀਲਾਂ ਲਗਦੀਆਂ ਸੀ,ਰਾਹਗੀਰਾਂ ਨੂੰ ਸਫ਼ਰ ਕਰਨਾ ਔਖਾ ਨੀਂ ਲੱਗਦਾ ਸੀ,ਖੁੱਲ੍ਹਾ ਪਾਣੀ ਹੁੰਦਾ ਸੀ….|”
“ਪਰ ਹੁਣ ਕਿਉਂ ਨੀਂ ਲੱਭਦਾ ਪਾਣੀ,ਕਿੱਥੇ ਚਲਾ ਗਿਆ?ਹੁਣ ਤੁਸੀ ਸਾਨੂੰ ਤਾਂ ਪਾਣੀ ਖਰੀਦ ਕੇ ਦਿੰਦੇ ਓ,ਪੀਣ ਲਈ ਵੀ ਤੇ ਨਹਾਉਣ ਧੋਣ ਲਈ ਵੀ,ਤੇ ਪਾਣੀ ਦਾ ਬਿਲ ਤਾਂ ਦੁੱਧ ਤੋਂ ਵੀ ਜ਼ਿਆਦਾ ਆਉਂਦੇ ਆਪਣਾ|”ਨਵੂ ਨੇ ਕਿਹਾ ਤਾਂ ਉਹਦੀ ਮੰਮੀ ਬੋਲੀ,”ਅੱਜ 2050 ਵਿੱਚ ਜਿਉਂ ਰਿਹਾਂ ਤੂੰ,ਤੇ ਅਸੀਂ ਪਿਛਲੇ ਕਈ ਦਹਾਕੇ ਇਹੀ ਸੁਣਦਿਆਂ ਕੱਢੇ ਕਿ ਪਾਣੀ ਬਚਾਓ,ਨਹੀਂ ਤਾਂ ਤਰਸੋਗੇ,ਪਰ ਅਸੀਂ ਮੂਰਖਾਂ  ਵਾਂਗ,ਗੱਡੀਆਂ ਧੋ-ਕਪੜੇ ਧੋ -ਛਿੱੜਕਾਅ ਕਰ -ਕਰ ਕੇ, ਸੱਚ ਹੀ ਪਾਣੀ ਮੁਕਾ ਤਾ ਤੇ ਹੁਣ ਪੀਣ-ਨਹਾਉਣ ਲਈ ਵੀ ਮੁੱਲ ਖਰੀਦਦੇ ਆਂ “ਕਹਿ ਕੇ ਨਵੂ ਦੀ ਮੰਮੀ ਅੱਖਾਂ ਪੂੰਝਦੀ ਫੇਰ ਕਹਿ ਲੱਗੀ,ਪੁੱਤ ਮੇਰਾ ਗਲਾ ਸੁੱਕ ਰਿਹਾ,ਪਾਣੀ ਦੀ ਘੁੱਟ ਦੇ ਮੈਨੂੰ “….
ਐਨ ਉਸੇ ਮੌਕੇ ਉਸ ਦੀ ਅੱਖ ਖੁੱਲ ਗਈ ਤੇ ਉਸਨੇ ਆਸੇ ਪਾਸੇ ਦੇਖਿਆ,ਉਸਦਾ ਨਵਜਨਮਿਆਂ ਪੁੱਤ ਉਸ ਕੋਲ ਸੁੱਤਾ ਪਿਆ ਸੀ,ਸ਼ੁਕਰ ਹੈ ਕਿ ਅਜੇ 2023 ਹੀ ਹੈ,ਤੇ ਇਹ ਇੱਕ ਸੁਪਨਾ ਹੀ ਸੀ |
ਸੁਪਨਾ ਸੱਚ ਨਾਂ ਹੋ ਜਾਵੇ,ਇਸ ਲਈ ਨਵੂ ਦੀ ਮੰਮੀ ਨੇ ਨਵੂ ਦੀ ਪੀੜ੍ਹੀ ਲਈ ਪਾਣੀ ਬਚਾਉਣ ਦਾ ਪ੍ਰਣ ਕੀਤਾ |
ਬੀਨਾ ਬਾਵਾ,ਲੁਧਿਆਣਾ 
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਮੈਨੂੰ ਪਤੈ…
Next articleਪੁਰਖੀ ਆਦਤਾਂ