ਜਲੰਧਰ /ਨਕੋਦਰ ( ਹਰਜਿੰਦਰ ਛਾਬੜਾ) (ਸਮਾਜਵੀਕਲੀ) : ਪੰਜਾਬ ਦੀ ਸਿਆਸਤ ‘ਚ ਸੁਖਦੇਵ ਸਿੰਘ ਢੀਡਸਾ ਇੱਕ ਅਜਿਹੇ ਸਿਆਸਤਦਾਨ ਵਜੋਂ ਵੇਖੇ ਜਾ ਰਹੇ ਨੇ ਜੋ 2022 ਦੇ ਸਿਆਸੀ ਸਮੀਕਰਨ ਨੂੰ ਆਪਣੇ ਬਲਬੂਤੇ ‘ਤੇ ਬਦਲ ਸਕਦੇ ਹਨ, ਕਿਉਂਕਿ ਚੁਣੌਤੀਆਂ ਜੋ ਆਉਣ ਵਾਲੇ ਸਮੇਂ ‘ਚ ਰਹਿਣ ਵਾਲੀਆਂ ਹਨ ਉਹ ਕਾਂਗਰਸ ਤੇ ਅਕਾਲੀ ਦਲ ਲਈ ਸਭ ਤੋਂ ਜ਼ਿਆਦਾ ਭਾਰੂ ਰਹਿਣਗੀਆਂ,
ਉਹ ਅਸੀ ਇਸ ਕਰਕੇ ਕਹਿ ਰਹੇ ਹਾਂ ਕਿ ਸੁਖਦੇਵ ਸਿੰਘ ਢੀਂਡਸਾ ਅਕਾਲੀ ਦਲ ਤੋਂ ਵੱਖ ਹੋ ਆਪਣਾ ਵੱਖਰਾ ਸ਼੍ਰੋਮਣੀ ਅਕਾਲੀ ਦਲ (ਡੈਮੋਕ੍ਰੇ਼ਟਿਕ) ਬਣਾ ਚੁੱਕੇ ਹਨ।
ਢੀਂਡਸਾ ਜਿਥੇ ਆਪਣੀ ਪਾਰਟੀ ਨਾਲ ਦਿੱਗਜ ਸਿਆਸਤਦਾਨਾਂ ਨੂੰ ਜੋੜ ਰਹੇ ਹਨ ਉਥੇ ਹੀ ਕਾਂਗਰਸ ਤੇ ਸ਼੍ਰੋਮਣੀ ਅਕਾਲੀ ਤੋਂ ਬਿਨਾਂ ਹੋਰ ਸਾਰੀਆਂ ਪਾਰਟੀਆਂ ਨਾਲ 2022 ਦੀਆਂ ਵਿਧਾਨ ਸਭਾ ਚੋਣਾਂ ਵੇਲੇ ਹੱਥ ਮਿਲਾਉਣ ਦੇ ਬਿਆਨ ਵੀ ਅਕਸਰ ਦਿੰਦੇ ਹਨ। ਹੁਣ ਇਹਨਾਂ ਬਿਆਨਾਂ ਤੋਂ ਬਾਅਦ ਕਈ ਤਰਾਂ ਦੇ ਕਿਆਸ ਲਗਾਏ ਜਾ ਰਹੇ ਹਨ ਕਿ ਢੀਂਡਸਾ ਆਖਰ ਅਜਿਹਾ ਕਿਹੜਾ ਪੰਜਾਬ ਦੀ ਸਿਆਸਤ ਚ ਧਮਾਕਾ ਕਰਨਗੇ ਜੋ ਦਿਲਚਸਪ ਰਹੇਗਾ?
2022 ਤੋਂ ਪਹਿਲਾਂ ਕੀ ਹੋਣਗੇ ਸਿਆਸੀ ਫੇਰਬਦਲ?
ਇਹ ਗੱਲ ਲੁਕਵੀਂ ਨਹੀਂ ਕਿ ਸੁਖਦੇਵ ਸਿੰਘ ਢੀਂਡਸਾ ਦੇ ਅਕਾਲੀ ਦਲ ਦੀ ਭਾਈਵਾਲ ਪਾਰਟੀ ਬੀਜੇਪੀ ਦੇ ਕਈ ਲੀਡਰਾਂ ਨਾਲ ਚੰਗੇ ਸਬੰਧ ਹਨ। ਪੰਜਾਬ ਦੇ ਸਿਆਸੀ ਗਲਆਰਿਆਂ ਚ ਚਰਚਾ ਇਹ ਵੀ ਹੈ ਕਿ ਭਾਰਤੀ ਜਨਤਾ ਪਾਰਟੀ 2022 ਲਈ ਪੰਜਾਬ ਚ ਚੋਣਾਂ ਆਪਣੇ ਆਪ ਨੂੰ ਮੂਹਰੇ ਲਗਾ ਕੇ ਲੜ ਸਕਦੀ ਹੈ।
ਜਿਸ ਕਰਕੇ ਪਾਰਟੀ ਪੰਜਾਬ ਪੱਧਰ ‘ਤੇ ਸਿੱਖ ਚਹਿਰਿਆਂ ਦੀ ਤਲਾਸ਼ ਚ ਹੈ,ਕਿਉਂਕਿ ਬੀਜੇਪੀ ਪੰਜਾਬ ਦੇ ਕਈ ਲੀਡਰ ਆਫ ਦਾ ਰਿਕਾਰਡ ਤੇ ਕਈ ਆਨ ਦਾ ਰਿਕਾਰਡ 117 ਚੋਂ 59 ਸੀਟਾਂ ਸਣੇ ਛੋਟੇ ਭਾਈ ਤੋਂ ਵੱਡੇ ਭਾਈ ਵਾਲੀ ਭੂਮਿਕਾ ਦਾ ਜ਼ਿਕਰ ਕਰ ਚੁੱਕੇ ਹਨ,ਜਿਹਨਾਂ ਗੱਲਾਂ ਦੇ ਪ੍ਰਤੱਖ ਨਤੀਜੇ ਵੀ ਸਾਹਮਣੇ ਆ ਚੁੱਕੇ ਹਨ ਉਦਹਾਰਨ ਦੇ ਤੌਰ ਤੇ ਹਰਿਆਣਾ ਵਿਧਾਨ ਸਭਾ ਚੋਣਾਂ 2019 ਤੇ ਦਿੱਲੀ ਵਿਧਾਨ ਸਭਾ ਚੋਣਾਂ 2020 ਹੈ ਜਿਥੇ ਅਕਾਲੀ ਦਲ (ਬਾਦਲ) ਆਪਣੀ ਸਾਥੀ ਪਾਰਟੀ BJP ਨਾਲ ਚੋਣਾਂ ਸੀਟਾਂ ਦੀ ਵੰਡ ‘ਤੇ ਨਹੀਂ ਲੜ ਸਕਿਆ। ਇਸ ਕਰਕੇ ਇਹਨਾਂ ਸਮੀਕਰਨਾਂ ਦਾ ਅਸਰ 2022 ਚ ਪੰਜਾਬ ‘ਤੇ ਵੇਖਣ ਨੂੰ ਜੇਕਰ ਮਿਲਦਾ ਤਾਂ ਨਤੀਜੇ ਵੱਖਰੇ ਹੀ ਹੋਣਗੇ।
ਕੀ 2022 ‘ਚ ਬਣੇਗਾ ਮਹਾਂ-ਗਠਜੋੜ?
ਧਾਰਮਿਕ ਤੇ ਸਿਆਸੀ ਹਲਾਤਾਂ ਨੂੰ ਵੇਖਦੇ ਹੋਏ ਜੇਕਰ ਸਿਆਸੀ ਪੜਚੋਲ ਕਰੀਏ ਤਾਂ 2022 ਤੋਂ ਪਹਿਲਾਂ ਵੱਡਾ ਗਠਜੋੜ ਬਣ ਸਕਦਾ ਹੈ, ਜੋ ਸਿਰਫ ਕਾਂਗਰਸ ਤੇ ਅਕਾਲੀ ਦਲ (ਬਾਦਲ) ਦੇ ਖਿਲਾਫ ਨਿੱਤਰ ਸਕਦਾ ਹੈ, ਹਾਂ ਪਰ ਇਸ ਗੱਲ ਨੂੰ ਅਣਗੋਲਿਆਂ ਨਹੀਂ ਕੀਤਾ ਜਾ ਸਕਦਾ ਕਿ ਸ਼੍ਰੋਮਣੀ ਅਕਾਲੀ ਦਲ ਸਰਕਾਰ ਨਾ ਹੋਣ ਦੇ ਬਾਵਜੂਦ 2019 ਦੀਆਂ ਲੋਕ ਸਭਾ ਚੋਣਾਂ ਚ ਤਕਰੀਬਨ 51 ਲੱਖ ਵੋਟ ਹਾਸਲ ਕਰ ਚੁੱਕਿਆ ।
ਜਦਕਿ ਸੱਤਾਧਾਰੀ ਕਾਂਗਰਸ ਤਕਰੀਬਨ 57 ਲੱਖ ਹਾਸਲ ਕਰ ਚੁੱਕੀ ਤੇ ਸਭ ਤੋਂ ਹੈਰਾਨੀ ਵਾਲੀ ਗੱਲ ਇਹ ਰਹੀ ਕਿ 2017 ਦੀਆਂ ਵਿਧਾਨ ਸਭਾ ਚੋਣਾਂ ਚ 23% ਤੱਕ ਵੋਟਾਂ ਦਾ ਸ਼ੇਅਰ ਹਾਸਲ ਕਰ ਚੁੱਕੀ ‘ਆਪ’ 2019 ਦੀਆਂ ਲੋਕ ਸਭਾ ਚੋਣਾਂ ਚ 7% ਫੀਸਦ ਤੱਕ ਸਿਮਟੀ। ਇਹਨਾਂ ਅੰਕੜਿਆਂ ਦੇ ਸਿਰ ਤੇ ਹੀ 2022 ਦੀ ਚੋਣਾਂ ਦਾ ਅਧਾਰ ਤਿਆਰ ਹੋਵੇਗਾ। ਬਾਕੀ 2022 ਦੀਆਂ ਦੀਆਂ ਚੋਣਾਂ ਚ ਹਾਲੇ ਕਾਫੀ ਸਮਾਂ ਪਿਆ ਜੋ ਹਾਲਾਤ ਨੂੰ ਬਦਲ ਸਕਦਾ ਹੈ।