Photo : ਸ਼੍ਰੀ ਅਮਰਨਾਥ ਯਾਤਰਾ ਸੰਬੰਧੀ ਵਿਚਾਰ ਸਾਂਝੇ ਕਰਦੇ ਹੋਏ ਮੰਡਲ ਦੇ ਚੇਅਰਮੈਨ ਓ.ਪੀ. ਕੁੰਦੀ, ਮੰਡਲ ਪ੍ਰਧਾਨ ਅਸ਼ੋਕ ਸੰਧੂ ਆਪਣੇ ਮੰਡਲ ਦੇ ਅਹੁਦੇਦਾਰਾਂ ਨਾਲ।
3 ਜੁਲਾਈ ਦਿਨ ਬੁੱਧਵਾਰ ਨੂੰ ਰਵਾਨਾ ਹੋਵੇਗੀ 14ਵੀਂ ਸਾਲਾਨਾ ਪਾਵਣ ਯਾਤਰਾ – ਓ.ਪੀ. ਕੁੰਦੀ
ਨੂਰਮਹਿਲ – (ਹਰਜਿੰਦਰ ਛਾਬੜਾ) ਆਤਮਾ ਨੂੰ ਪਰਮਾਤਮਾ ਦੇ ਸ਼ਾਖਸ਼ਾਤ ਦਰਸ਼ਨ ਕਰਵਾਉਣ ਵਾਲੀ, 13 ਸਾਲ ਤੋਂ ਲਗਾਤਾਰ ਪਰਿਵਾਰਕ ਮਾਹੌਲ ਅਤੇ ਅਨੁਸ਼ਾਸਨਾਤਮਿਕ ਸਲੀਕੇ ਨਾਲ ਪਾਵਣ ਅਤੇ ਪਵਿੱਤਰ ਸ਼੍ਰੀ ਅਮਰਨਾਥ ਜੀ ਦੀ ਪਾਵਣ ਯਾਤਰਾ ਕਰਵਾਉਣ ਵਾਲੀ ਇਲਾਕੇ ਦੀ ਇੱਕ ਮਾਤਰ ਅਤੇ ਮਸ਼ਹੂਰ ਸੰਸਥਾ ਜੈ ਸ਼ਿਵ ਸ਼ਕਤੀ ਸੇਵਾ ਮੰਡਲ ਨੂਰਮਹਿਲ ਦੀ ਇੱਕ ਵਿਸ਼ੇਸ਼ ਮੀਟਿੰਗ ਸ਼੍ਰੀ ਸੀਤਾ ਰਾਮ ਮੰਦਿਰ ਨੂਰਮਹਿਲ ਵਿੱਖੇ ਮੰਡਲ ਪ੍ਰਧਾਨ ਲਾਇਨ ਅਸ਼ੋਕ ਸੰਧੂ ਨੰਬਰਦਾਰ ਨੂਰਮਹਿਲ ਦੀ ਪ੍ਰਧਾਨਗੀ ਹੇਠ ਹੋਈ। ਮੰਡਲ ਦੇ ਅਹੁਦੇਦਾਰਾਂ ਨੇ ਦੱਸਿਆ ਕਿ ਇਸ ਵਾਰ 14ਵੀਂ ਸਾਲਾਨਾ ਪਾਵਣ ਬੱਸ ਯਾਤਰਾ 2019 ਮਾਡਲ ਦੀਆਂ ਏਅਰ ਕੰਡੀਸ਼ਨਡ, ਪੁਸ਼ਬੈਕ ਸੀਟਾਂ ਅਤੇ ਲੇਟੈਸਟ ਫੀਚਰਜ਼ ਵਾਲੀਆਂ ਬੱਸਾਂ ਵਿੱਚ ਹੋਵੇਗੀ। ਮੰਡਲ ਦੇ ਚੇਅਰਮੈਨ ਲਾਇਨ ਓ.ਪੀ. ਕੁੰਦੀ ਨੇ ਦੱਸਿਆ ਕਿ ਇਸ ਵਾਰ ਪਾਵਣ ਯਾਤਰਾ 3 ਜੁਲਾਈ ਦਿਨ ਬੁੱਧਵਾਰ ਨੂੰ ਮੰਦਿਰ ਸ਼੍ਰੀ ਬਾਬਾ ਭੂਤਨਾਥ ਨੂਰਮਹਿਲ ਦੇ ਦਰਬਾਰ ਵਿਚੋਂ ਸ਼ਾਮ 5 ਵਜੇ ਰਵਾਨਾ ਹੋਵੇਗੀ। ਮੰਡਲ ਦੀ ਵਿਸ਼ੇਸ਼ ਸਕੱਤਰ ਲਾਇਨ ਬਬਿਤਾ ਸੰਧੂ ਨੇ ਕਿਹਾ ਕਿ ਔਰਤਾਂ ਅਤੇ ਪਰਿਵਾਰ ਸਮੇਤ ਯਾਤਰਾ ਕਰਨ ਵਾਲਿਆਂ ਵਾਸਤੇ ਇੱਕ ਵੱਖਰੀ ਬੱਸ ਦਾ ਇੰਤਜ਼ਾਮ ਵਿਸ਼ੇਸ਼ ਤੌਰ ਤੇ ਕੀਤਾ ਗਿਆ ਹੈ। ਮੰਡਲ ਦੇ ਜਨਰਲ ਸਕੱਤਰ ਸ਼ਰਨਜੀਤ ਬਿੱਲਾ, ਸੀ. ਮੀਤ ਪ੍ਰਧਾਨ ਹਰੀਸ਼ ਮੈਹਨ ਗੋਗਾ, ਕੈਸ਼ੀਅਰ ਰਾਮ ਮੂਰਤੀ ਜਗਪਾਲ, ਪ੍ਰੈਸ ਸਕੱਤਰ ਅਨਿਲ ਸ਼ਰਮਾਂ, ਪੀ.ਆਰ.ਓ ਅਮਨ ਕੁਮਾਰ, ਐਗਜੈਕਟਿਵ ਮੈਂਬਰ ਵਰਿੰਦਰ ਕੋਹਲੀ, ਕੋਆਰਡੀਨੇਟਰ ਦਿਨਕਰ ਸੰਧੂ ਨੇ ਕਿਹਾ ਇਸ ਵਾਰ 111 ਯਾਤਰੀ ਸ਼੍ਰੀ ਹਿਮ ਸ਼ਿਵਲਿੰਗ ਸਵਰੂਪ ਦੇ ਪਾਵਣ ਦਰਸ਼ਨ ਕਰਨਗੇ, ਹਰ ਇੱਕ ਯਾਤਰੀ ਸਾਹਿਬਾਨ ਦਾ ਤਨ ਮਨ ਤੋਂ ਸਤਿਕਾਰ ਕੀਤਾ ਜਾਵੇਗਾ ਪਰ ਕਿਸੇ ਵੀ ਯਾਤਰੀ ਨੂੰ ਕਿਸੇ ਵੀ ਕਿਸਮ ਦਾ ਨਸ਼ਾ ਜਿਵੇਂ ਸ਼ਰਾਬ, ਸਿਗਰਟ ਆਦਿ ਕਰਨ ਜਾਂ ਫਿਰ ਅਨੁਸ਼ਾਸਨ ਭੰਗ ਕਰਨ ਆਗਿਆ ਨਹੀਂ ਦਿੱਤੀ ਜਾਵੇਗੀ। ਅਜਿਹੇ ਯਾਤਰੀ ਨਾਲ ਮੰਡਲ ਵੱਲੋਂ ਪੂਰੀ ਸਖ਼ਤੀ ਵਰਤੀ ਜਾਵੇਗੀ।
ਮੰਡਲ ਵੱਲੋਂ ਭਾਰਤ ਸਰਕਾਰ ਵੱਲੋਂ ਯਾਤਰਾ ਪਰਮਿਟ ਫੀਸ 50 ਤੋਂ 100 ਰੁਪਏ ਕਰਨ ਅਤੇ ਮੈਡੀਕਲ ਕਰਨ ਵਾਲੇ ਡਾਕਟਰਾਂ ਦੀ ਗਿਣਤੀ ਵਿੱਚ ਵੱਡੇ ਪੱਧਰ ਤੇ ਕਟੌਤੀ ਕਰਨ ਦੀ ਵੀ ਸਖ਼ਤ ਨਿਖੇਧੀ ਕੀਤੀ। ਮੰਡਲ ਦੇ ਅਹੁਦੇਦਾਰਾਂ ਨੇ ਕਿਹਾ ਕਿ ਇੱਕ ਸ਼੍ਰੀ ਅਮਰਨਾਥ ਯਾਤਰਾ ਹੀ ਹੈ ਜੋ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਮਜ਼ਬੂਤ ਕਰਨ ਲਈ ਹਰ ਸਾਲ ਆਪਣਾ ਵੱਡਾ ਯੋਗਦਾਨ ਪਾਉਂਦੀ ਹੈ, ਲਿਹਾਜ਼ਾ ਭਾਰਤ ਸਰਕਾਰ ਸ਼੍ਰੀ ਅਮਰਨਾਥ ਯਾਤਰੀਆਂ ਦੀ ਸੁਰੱਖਿਆ ਅਤੇ ਸਹੂਲਤਾਂ ਪ੍ਰਤਿ ਉੱਚਤਮ ਵਿਵਸਥਾ ਜਰੂਰ ਕਰੇ।