ਜਥੇਦਾਰ ਕੁਲਦੀਪ ਸਿੰਘ ਵਡਾਲਾ ਜੀ ਦੀ ਮੌਤ ਤੋਂ ਕੋਈ 6 ਕੁ ਮਹੀਨੇ ਪਹਿਲਾਂ ਉਨ੍ਹਾਂ ਨਾਲ ਹਿਜਰਤਨਾਮਾ -1947 ਸਬੰਧੀ ਮੁਲਾਕਾਤ ਕੀਤੀ ਸੀ। ਜੋ ਉਨ੍ਹਾਂ ਇੰਞ ਕਹਿ ਸੁਣਾਈ –
” ਬਰਖਰਦਾਰੋ, ਮੈਂ ਜਥੇਦਾਰ ਕੁਲਦੀਪ ਸਿੰਘ ਵਡਾਲਾ ਸਾਬਕਾ ਐੱਮ.ਐੱਲ.ਏ. ਹਲਕਾ ਨਕੋਦਰ ਤੋਂ ਬੋਲ ਰਿਹੈਂ। ਸਾਡਾ ਪਿਛਲਾ ਜੱਦੀ ਪਿੰਡ ਸਰੀਂਹ-ਨਕੋਦਰ ਆ। ਜੈਤੋ ਦੇ ਮੋਰਚੇ ਸਮੇਂ, ਜਥੇ ਨੂੰ ਸਾਡੇ ਬਾਬਾ ਜੀ ਸ.ਸਤਨਾਮ ਸਿੰਘ ਨੇ ਪਿੰਡ ਦੀ ਸੰਗਤ ਦੇ ਸਹਿਯੋਗ ਨਾਲ ਸਰੀਂਹ ਪਿੰਡ ’ਚ ਲੰਗਰ ਪਾਣੀ ਛਕਾਇਆ। ਸੰਤ ਭਾਗੋਵਾਲੀਏ ਵੀ ਜਥੇ ਦੇ ਨਾਲ ਸਨ। ਬਾਬਾ ਜੀ ਜਥੇ ਦੇ ਨਾਲ ਹੀ ਚਲੇ ਗਏ। ਤੇ ਜੈਤੋ ਦੇ ਮੋਰਚੇ ’ਚ ਸ਼ਹੀਦੀ ਪਾਈ। ਪਿਤਾ ਜੀ ਸ:ਰਘੂਨੰਦਨ ਸਿੰਘ ਜੀ ਉਸ ਵਕਤ ਲਾਇਲਪੁਰ ਵਿਖੇ ਬੀ.ਐੱਸ.ਸੀ. ਖੇਤੀਬਾੜੀ ਕਰਦੇ ਸਨ। ਹੋਰਾਂ ਨੂੰ ਗੋਰਾ ਸਰਕਾਰ ਨੇ ਬਾਬਾ ਜੀ ਵਲੋਂ ਜੈਤੋ ਦੇ ਜਥੇ ਨਾਲ ਦਿਖਾਈ ਹਮਦਰਦੀ ਦੇ ਇਵਜ ’ਚ ਮੁਲਤਾਨ ਅਤੇ ਬਾਅਦ ਵਿਚ ਰਾਵਲਪਿੰਡੀ ਦੀ ਜੇਲ ਵਿਚ ਭੇਜ ਦਿੱਤਾ।
ਸਾਡੀ ਉਧਰ ਰਿਹਾਇਸ਼ ਅਤੇ ਖੇਤੀਬਾੜੀ ਦਾ ਕਾਰੋਬਾਰ ਚੱਕ EB 327 ਤਹਿ: ਮਿਲਸ਼ੀ ਜ਼ਿਲਾ ਮੁਲਤਾਨ ਵਿਚ ਸੀ। ਚੌਧਰੀ ਠਾਕੁਰ ਦਾਸ ਪਿੰਡ ਦਾ ਜ਼ੈਲਦਾਰ ਹੁੰਦਾ ਸੀ। ਮੇਰਾ ਜਨਮ ਉਸੇ ਪਿੰਡ ’ਚ 1932 ਦਾ ਐ। ਮੇਰੇ ਚਾਚਾ ਜੀ ਸ. ਬਖਤਾਵਰ ਸਿੰਘ, ਜੋ ਕਿ ਸਾਡੇ ਵਾਂਗ ਹੀ 25 ਮੁਰੱਬਿਆਂ ਦੇ ਮਾਲਕ ਸਨ, ਸ: ਉਮਰਾਓ ਸਿੰਘ ਦੇ ਪਿਤਾ ਜੀ ਸਨ। ਉਹ ਵੀ ਇਲਾਕੇ ਭਰ ’ਚ ਚੰਗਾ ਅਸਰ ਰਸੂਖ ਰਖਦੇ ਸਨ। ਉਹ ਮੰਡੀ ਬੂਰੇਵਾਲ ’ਚ ਆਪਣੀ ਅਦਾਲਤ ਲਾਇਆ ਕਰਦੇ ਸਨ ।
ਜਦ ਰੌਲੇ ਪਏ ਤਾਂ ਆਲੇ-ਦੁਆਲੇ ਪਿੰਡਾਂ ਉਪਰ ਹਮਲੇ ਸ਼ੁਰੂ ਹੋਏ। ਭਲੇ ਮੁਸਲਮਾਨਾ ਦਾ ਜ਼ੋਰ ਕਰਕੇ ਉਨ੍ਹਾਂ ਦਾ ਬਹੁਤਾ ਦਬਦਬਾ ਸੀ ਪਰ ਸਾਡੇ ਪਰਿਵਾਰ ਦਾ ਜਿਥੇ ਰੋਅਬ ਸ਼ੋਅਬ ਕਾਫੀ ਸੀ, ਉਥੇ ਸਾਡੇ ਪਾਸ ਲਾਇਸੈਂਸੀ ਅਸਲਾ ਵੀ ਸੀ। ਸੋ ਸਾਡੇ ਪਿੰਡ ਉਪਰ ਹਮਲਾ ਨਹੀਂ ਹੋਇਆ। ਜਦ ਮਾਰਧਾੜ ਕਾਫੀ ਵਧ ਗਈ ਤਾਂ ਪਿੰਡ ਦੇ ਗੁਰਦੁਆਰੇ ਬਜ਼ੁਰਗਾਂ ਦਾ ‘ਕੱਠ ਹੋਇਆ। ਇਹ ਫੈਸਲਾ ਪਾਸ ਹੋਇਆ ਕਿ ਮਾਰਧਾੜ ਬਹੁਤੀ ਵਧ ਗਈ ਹੈ, ਸੋ ਪਿੰਡ ਛੱਡ ਜਾਣ ਵਿਚ ਹੀ ਭਲਾਈ ਹੈ। ਤਦੋਂ ਤੱਕ ਪਿੰਡ ਤੇ ਚੋਣਵੇਂ ਗਭਰੂਆਂ ਦਾ ਪਹਿਰਾ ਲਾ ਦਿੱਤਾ ਗਿਆ। ਤੀਜੇ ਦਿਨ ਸਾਰੇ ਹਿੰਦੂ-ਸਿੱਖਾਂ ਜ਼ਰੂਰੀ ਅਤੇ ਕੀਮਤੀ ਮਾਲ ਇਸਬਾਬ ਗੱਡਿਆਂ ਉਪਰ ਲੱਦ ਕੇ ਬੂਰੇਵਾਲ ਮੰਡੀ ਕੈਂਪ ਵਿਚ ਜਾ ਦਸਤਕ ਦਿੱਤੀ। ਬੂਰੇਵਾਲ ਮੰਡੀ ਤੋਂ ਹੀ ਉਮਰਾਓ ਸਿੰਘ ਦੇ ਸਹੁਰਾ ਸਹਿਬ ਸ:ਅਜੀਤ ਸਿੰਘ ਐੱਮ.ਐੱਲ.ਏ. ਸਨ। ਉਸ ਵਕਤ 500 ਰੁ: ਮਾਮਲਾ ਭਰਨ ਵਾਲਾ ਜਾਂ 5 ਮੁਰੱਬੇ ਜ਼ਮੀਨੀ ਮਾਲਕੀ ਵਾਲਾ ਹੀ ਐੱਮ.ਐੱਲ.ਏ. ਬਣ ਸਕਦਾ ਸੀ। ਸੋ ਤਦੋਂ ਉਸ ਨੇ ਵੀ ਜਿੱਥੇ ਕੈਂਪ ਵਿਚ ਰਫਿਊਜੀਆਂ ਦੀ ਸੇਵਾ ਸੰਭਾਲ ਦਾ ਖਾਸ ਧਿਆਨ ਰੱਖਿਆ ਉਥੇ ਦੂਰ-ਦੁਰਾਡੇ ਪਿੰਡਾਂ ਚੋਂ ਰਫਿਊਜੀਆਂ ਨੂੰ ਬਚਾ ਕੇ ਲਿਆਉਣ ’ਚ ਵੀ ਅਹਿਮ ਭੂਮਿਕਾ ਨਿਭਾਈ। ਕੁਝ ਕੁ ਦਿਨ ਦੀ ਖੱਜਲ ਖੁਆਰੀ ਤੋਂ ਬਾਅਦ ਮੰਡੀ ਤੋਂ 32 ਬੱਸਾਂ ਅਤੇ 500 ਗੱਡਿਆਂ ਦਾ ਕਾਫਲਾ ਫਾਜ਼ਿਲਕਾ ਸਰਹੱਦ ਤੋਂ ਉਰਾਰ ਹੋਇਆ।
ਅਸੀਂ ਬੱਚੇ, ਜਨਾਨੀਆਂ ਬੱਸਾਂ ’ਚ, ਬਾਪ ਗੱਡਿਆਂ ਦੇ ਕਾਫਲੇ ਨਾਲ ਅਤੇ ਸ: ਬਖਤਾਵਰ ਸਿੰਘ ਹੋਰੀਂ ਆਪਣੀ ਕਾਰ ਵਿਚ ਆਏ। ਰਸਤੇ ਵਿਚ ਢੇਰ ਦੁਸ਼ਵਾਰੀਆਂ, ਫਾਕੇ ਕੱਟੇ ਕਈ ਕਤਲੋ ਗਾਰਤ ਦੇ ਭਿਆਨਕ ਦਿਲ ਵਲੂੰਧਰਵੇਂ ਦਰਿਸ਼ ਵੀ ਦੇਖੇ। ਪਰ ਸਾਡੇ ਕਾਫਲੇ ਉਪਰ ਬਾਹਰੋਂ ਹਮਲਾ ਨਾ ਹੋਇਆ। 10 ਕੁ ਦਿਨਾਂ ਵਿਚ ਅਸੀਂ ਬਰਾਸਤਾ ਜਲੰਧਰ ਆਪਣੇ ਪਿੰਡ ਸਰੀਂਹ ਪਹੁੰਚ ਕੇ ਪਰਮਾਤਮਾ ਦਾ ਸ਼ੁਕਰ ਮਨਾਇਆ। ਕਿਉਂ ਜੋ ਮਾਲੀ ਨੁਕਸਾਨ ਭਲੇ ਸਾਰੇ ਦਾ ਸਾਰਾ ਹੋ ਗਿਆ ਪਰ ਆਈ ਉਸ ਪਰਲੋ ਅਤੇ ਪਲੇਗ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ -ਅਖੇ ਜਾਨ ਬਚੀ ਤੋ ਲਾਖੋਂ ਪਾਏ।
ਇਧਰ ਆ ਕੇ ਆਪਣੇ ਪਿੰਡ, ਸਰੀਂਹ ਵਿੱਚ ਕੁੱਝ ਸਮਾਂ ਰਹੇ। ਫਿਰ ਸਾਡੀ ਜ਼ਮੀਨ ਦੀ ਪੱਕੀ ਅਲਾਟਮੈਂਟ ਪਿੰਡ ਵਡਾਲਾ-ਜਲੰਧਰ ਦੀ ਹੋਈ ਜੋ ਕਿ ਮੁਸਲਿਮ ਬਹੁ ਵਸੋਂ ਵਲੋਂ ਖਾਲੀ ਕੀਤਾ ਗਿਆ ਸੀ। ਸੋ ਹੌਲੀ-ਹੌਲੀ ਪੱਕੀ ਰਿਹਾਇਸ਼ ਇਥੇ ਹੀ ਲੈ ਆਏ। BSC(Agr.)ਪਾਸ ਕੀਤੀ । ਸ਼ਾਦੀ ਰਚਾਈ, ਮੇਰੇ ਘਰ ਚਾਰ ਪੁੱਤਰ ਅਤੇ ਤਿੰਨ ਧੀਆਂ ਪੈਦਾ ਹੋਈਆਂ। ਪੰਥਕ ਸੋਚ ਕਰਕੇ ਸ਼ੁਰੂ ਤੋਂ ਹੀ ‘ਕਾਲੀ ਪਾਰਟੀ ਨਾਲ ਜੁੜਿਐਂ। 1985 ’ਚ ਨਕੋਦਰ ਤੋਂ ਐੱਮ.ਐੱਲ.ਏ. ਬਣਿਆਂ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ‘ਕਾਲੀ ਪਾਰਟੀ ਦੇ ਉਚ ਅਹੁਦਿਆਂ ਤੇ ਵੱਖ-ਵੱਖ ਸਮੇਂ ਕੰਮ ਕੀਤਾ। ਕੁੱਲ ਮਿਲਾ ਕੇ ਸਾਰੀ ਹਯਾਤੀ ਹੀ ਪੰਜਾਬ ਅਤੇ ਧਰਮ ਹਿੱਤ ਸੰਘਰਸ਼ ਕਰਦਿਆਂ ਲੰਘੀ ਜਿਸ ਤਹਿਤ ਅਨੇਕਾਂ ਵਾਰ ਜੇਲ ਯਾਤਰਾ ਵੀ ਕਰਨੀ ਪਈ । 2000 ਸੰਨ ਤੋਂ ਲਗਾਤਾਰ ਡੇਰਾ ਬਾਬਾ ਨਾਨਕ ’ਚ, ਕਰਤਾਰਪੁਰ ਗੁਰਦੁਆਰਾ ਸਾਹਿਬ ਲਈ ਲਾਂਘਾ ਖੋਲਣ ਲਈ, ‘ ਦਰਸ਼ਣ ਅਭਿਲਾਸ਼ੀ ਸੰਸਥਾ ‘ ਤਹਿਤ ਹਰ ਮਹੀਨੇ ਮੱਸਿਆ ’ਤੇ ਅਰਦਾਸ ਕਰੀਦੀ ਐ। ਲਗਦੈ ਉਹ ਦਿਨ ਕਰੀਬ ਈ ਐ ਕਿ ਲਾਂਘਾ ਖੁੱਲ ਜਾਏਗਾ। ਹੁਣ ਸਰੀਰ ਵਿਚ ਉਹ ਸੱਤਿਆ ਨਾ ਰਹੀ। ਜ਼ਿੰਦਗੀ ਦਾ ਪਿਛਲਾ ਪੰਧ ਹੰਢਾਅ ਰਿਹੈਂ। ਬਾਕੀ ਬੇਟੇ ਤਾਂ ਵਿਦੇਸ਼ ਨੇ ਤੇ ਬੇਟਾ ਗੁਰਪ੍ਰਤਾਪ ਸਿੰਘ ਵਡਾਲਾ (ਐੱਮ.ਐੱਲ.ਏ. ਨਕੋਦਰ) ਮੇਰੇ ਨਕਸ਼ੇ ਕਦਮ ਤੇ ਚੱਲ ਰਿਹੈ। ਮੈਨੂੰ ਉਸ ਤੋਂ ਭਰਪੂਰ ਉਮੀਦਾਂ ਹਨ।

47 ਦਾ ਦੌਰ ਬਹੁਤ ਭਿਆਨਕ ਸੀ,ਬਹੁਤ ਹੀ ਭਿਆਨਕ । ਵਾਹਿਗੁਰੂ : ਉਹ ਭਿਆਨਕ ਦੌਰ ਮੁੜ ਨਾ ਦੁਰਹਾਏ। ਭੇਟ ਚੜ੍ਹ ਗਏ ਤਮਾਮ ਪੰਜਾਬੀਆਂ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕਰਦਾ ਆਂ। “-ਵਡਾਲਾ ਸਾਹਿਬ ਨੇ ਅੱਖਾਂ ਬੰਦ ਕਰਕੇ ਅਰਦਾਸ ਮੁਦਰਾ ਵਿੱਚ ਬੋਲਦਿਆਂ ਆਪਣੀ ਕਥਾ ਕਹਿ ਸੁਣਾਈ ।
(ਹਰਜਿੰਦਰ ਛਾਬੜਾ) ਪਤਰਕਾਰ
ਪਤਰਕਾਰ 9592282333