ਲਾਸ ਏਂਜਲਸ– ਪਹਿਲੀ ਸੰਸਾਰ ਜੰਗ ਬਾਰੇ ਬਣੀ ਫ਼ਿਲਮ ‘1917’ ਨੇ ਗੋਲਡਨ ਗਲੋਬ ਐਵਾਰਡਜ਼ ਸਮਾਰੋਹ ’ਚ ‘ਦੀ ਆਇਰਿਸ਼ਮੈਨ’ ਤੇ ‘ਮੈਰਿਜ ਸਟੋਰੀ’ ਜਿਹੀਆਂ ਫ਼ਿਲਮਾਂ ਨੂੰ ਪਛਾੜ ਕੇ ਸਭ ਨੂੰ ਹੈਰਾਨ ਕਰ ਦਿੱਤਾ। 77ਵੇਂ ਸਨਮਾਨ ਸਮਾਰੋਹ ਵਿਚ ‘1917’ ਨੂੰ ਸਰਵੋਤਮ ਡਰਾਮਾ ਫ਼ਿਲਮ ਐਲਾਨਿਆ ਗਿਆ। ਜਦਕਿ ਬਿਹਤਰੀਨ ਅਦਾਕਾਰ ਦਾ ਸਨਮਾਨ ਜੌਕਿਨ ਫ਼ੀਨਿਕਸ ਤੇ ਬਰੈਡ ਪਿੱਟ ਨੂੰ ਦਿੱਤਾ ਗਿਆ ਹੈ। ‘1917’ ਦਾ ਨਿਰਦੇਸ਼ਨ ਸੈਮ ਮੈਂਡਿਜ਼ ਦਾ ਹੈ। ਫ਼ਿਲਮ ਇੱਕੋ ਟੇਕ ਵਿਚ ਫ਼ਿਲਮਾਈ ਗਈ ਹੈ ਤੇ ਦੋ ਨੌਜਵਾਨ ਬਰਤਾਨਵੀ ਫ਼ੌਜੀਆਂ ਦੇ ਨਜ਼ਰੀਏ ਤੋਂ ਜੰਗ ਨੂੰ ਨੇੜਿਓਂ ਪਰਦੇ ’ਤੇ ਰੂਪਮਾਨ ਕੀਤਾ ਗਿਆ ਹੈ। ਮੈਂਡਿਜ਼ ਨੂੰ ਬਿਹਤਰੀਨ ਨਿਰਦੇਸ਼ਕ ਦਾ ਐਵਾਰਡ ਵੀ ਮਿਲਿਆ ਹੈ ਤੇ ਉਨ੍ਹਾਂ ਨਿਰਦੇਸ਼ਕ ਮਾਰਟਿਨ ਸਕੌਸੀਜ਼ ਤੇ ਕੁਏਂਟਿਨ ਟੈਰੇਨਟੀਨੋ ਨੂੰ ਪਛਾੜ ਦਿੱਤਾ। ਫ਼ੀਨਿਕਸ ਨੂੰ ਸਨਮਾਨ ‘ਜੋਕਰ’ ਅਤੇ ਪਿੱਟ ਨੂੰ ਸਨਮਾਨ ਫ਼ਿਲਮ ‘ਵੰਸ ਅਪੌਨ ਏ ਟਾਈਮ ਇਨ ਹੌਲੀਵੁੱਡ’ ਵਿਚ ਸਟੰਟਮੈਨ ਦਾ ਕਿਰਦਾਰ ਨਿਭਾਉਣ ਲਈ ਮਿਲਿਆ ਹੈ। ਫ਼ੀਨਿਕਸ ਨੇ ਇਸ ਮੌਕੇ ਹੌਲੀਵੁੱਡ ਨੂੰ ਵੋਟਿੰਗ ਤੇ ਜਲਵਾਯੂ ਤਬਦੀਲੀ ਜਿਹੇ ਮੁੱਦਿਆਂ ਬਾਰੇ ਗੱਲਬਾਤ ਦਾ ਸੱਦਾ ਦਿੱਤਾ। ਪਿੱਟ ਨੇ ਫ਼ਿਲਮ ਵਿਚ ਸਹਿਯੋਗੀ ਅਦਾਕਾਰ ਲਿਓਨਾਰਡੋ ਡੀ ਕਾਪਰੀਓ ਦੀ ਵੀ ਸ਼ਲਾਘਾ ਕੀਤੀ। ‘ਵੰਸ ਅਪੌਨ ਏ ਟਾਈਮ ਇਨ ਹੌਲੀਵੁੱਡ’ ਨੂੰ ਸੰਗੀਤਕ ਤੇ ਕਾਮੇਡੀ ਵਰਗ ਵਿਚ ਬਿਹਤਰੀਨ ਫ਼ਿਲਮ ਨਾਲ ਨਿਵਾਜਿਆ ਗਿਆ। ਬਿਹਤਰੀਨ ਪਟਕਥਾ ਦਾ ਐਵਾਰਡ ਵੀ ਇਸੇ ਫ਼ਿਲਮ ਨੂੰ ਮਿਲਿਆ। ‘ਦੀ ਫੇਅਰਵੈੱਲ’ ਲਈ ਬਿਹਤਰੀਨ ਅਦਾਕਾਰਾ ਦਾ ਐਵਾਰਡ ਜਿੱਤ ਕੇ ਆਕਵਾਫੀਨਾ ਨੇ ਇਤਿਹਾਸ ਸਿਰਜ ਦਿੱਤਾ। ਇਹ ਸਨਮਾਨ ਜਿੱਤਣ ਵਾਲੀ ਉਹ ਏਸ਼ਿਆਈ ਮੂਲ ਦੀ ਪਹਿਲੀ ਅਦਾਕਾਰਾ ਹੈ। ਦੱਖਣੀ ਕੋਰਿਆਈ ਫ਼ਿਲਮਸਾਜ਼ ਬੌਂਗ ਜੂਨ ਹੋ ਦੀ ਵਿਅੰਗਾਤਮਕ ਫ਼ਿਲਮ ‘ਪੈਰਾਸਾਈਟ’ ਨੂੰ ਵਿਦੇਸ਼ੀ ਸ਼੍ਰੇਣੀ ਦੀਆਂ ਫ਼ਿਲਮਾਂ ਵਿਚ ਬਿਹਤਰੀਨ ਫ਼ਿਲਮ ਦਾ ਖ਼ਿਤਾਬ ਦਿੱਤਾ ਗਿਆ ਹੈ। ਐਨੀਮੇਸ਼ਨ ਵਰਗ ਵਿਚ ਗੋਲਡਨ ਗਲੋਬ ਖ਼ਿਤਾਬ ‘ਮਿਸਿੰਗ ਲਿੰਕ’ ਨੂੰ ਮਿਲਿਆ। ਟੀਵੀ ਵਰਗ ਵਿਚ ਸਨਮਾਨ ‘ਫਲੀਬੈਗ’ ਨੂੰ ਮਿਲਿਆ। ਓਲੀਵੀਆ ਕੋਲਮੈਨ ਨੂੰ ਨੈੱਟਫਲਿਕਸ ਸ਼ੋਅ ‘ਦਿ ਕਰਾਊਨ’ ਲਈ ਬਿਹਤਰੀਨ ਅਦਾਕਾਰਾ ਦਾ ਸਨਮਾਨ ਮਿਲਿਆ। ‘ਚਰਨੋਬਿਲ’ ਨੂੰ ਬਿਹਤਰੀਨ ਟੀਵੀ ਫ਼ਿਲਮ ਜਾਂ ਸੀਮਤ ਸੀਰੀਜ਼ ਲਈ ਗੋਲਡਨ ਗਲੋਬ ਦਿੱਤਾ ਗਿਆ। ਇਸ ਮੌਕੇ ਬਰਤਾਨਵੀ ਅਦਾਕਾਰ ਤੇ ਸੰਸਾਰ ਪ੍ਰਸਿੱਧ ਕਾਮੇਡੀਅਨ ਸਾਚਾ ਬੈਰਨ ਕੋਹੇਨ ਨੇ ਫੇਸਬੁੱਕ ਦੇ ਮੁਖੀ ਮਾਰਕ ਜ਼ਕਰਬਰਗ ’ਤੇ ‘ਨਾਜ਼ੀ ਪ੍ਰਾਪੇਗੰਡਾ’ ਦੇ ਪ੍ਰਸਾਰ ਦਾ ਦੋਸ਼ ਲਾਇਆ।
Uncategorized ‘1917’ ਨੂੰ ਮਿਲਿਆ ਬਿਹਤਰੀਨ ਫ਼ਿਲਮ ਵਜੋਂ ਪੁਰਸਕਾਰ