“ਸੂਖਮ ਬਲਾਤਕਾਰ”

(ਸਮਾਜ ਵੀਕਲੀ)

ਕੇਵਲ ਜਿਸਮਾਂ ਨਾਲ਼ ਜਬਰ ਜਨਾਹ ਹੋਣਾ ਹੀ
ਬਲਾਤਕਾਰ ਨਹੀਂ ਹੁੰਦਾ,
ਚੇਤਨਾ ਦਾ ਕਾਮ ਦੇ ਜਵਾਰਾਂ ਚ ਮਧੋਲਿਆ ਜਾਣਾ ਵੀ
ਬਲਾਤਕਾਰ ਹੁੰਦਾ ਏ

ਸੋਹਲ ਮਹਿਕਾਂ ਦਾ,ਵਾਸ਼ਨਾ ਦੇ ਗਰਮ ਬੁੱਲਿਆਂ ਚ
ਲੂਸਿਆ ਜਾਣਾ ਜ਼ੁਲਮ ਜਿਹਾ ਲਗਦੈ
ਅੱਧਖਿੜੀਆਂ ਕਲੀਆਂ ਦੀ ਚੀਕ ਦਾ ਮਰ ਜਾਣਾ
ਕੋਮਲ ਪੱਤੀਆਂ ਦਾ ਰੰਗ ਮੈਲਾ ਹੋ ਜਾਣਾ
ਬਲਾਤਕਾਰ ਹੀ ਹੁੰਦਾ ਏ

ਦਫਤਰ ਦੀ ਚਾਰ ਦੀਵਾਰੀ ਦੇ ਘੇਰੇ ਅੰਦਰ,
ਕਾਮੁਕ ਨਜ਼ਰਾਂ ਦਾ ਪਿੰਡੇ ਨੂੰ ਛੋਹਣਾ
ਬੈੰਕ ਦੀ ਕਤਾਰ ਚ ਲੱਗੀ ਧੀ ਹਾਣ ਦੀ ਬਾਲੜੀ ਦੇ,
ਅੰਗਾਂ ਨੂੰ ਵਿਸ਼ੈਲੀ ਨਿਗ੍ਹਾ ਨਾਲ ਨਾਪਣਾ ਵੀ,
ਬਲਾਤਕਾਰ ਤੋਂ ਘੱਟ ਨਹੀਂ ਹੁੰਦਾ

ਦੌਲਤਾਂ ਜ਼ਮੀਨਾਂ ਨਾਲ ਜਿਸਮਾਂ ਦਾ ਵਿਆਹੇ ਜਾਣਾ
ਰੂਹਾਂ ਦਾ ਕਵਾਰੇ ਹੀ ਕੁਮਲਾ ਜਾਣਾ
ਦਾਰੂ ਦੀ ਹਬਾੜ ਦਾ, ਕੋਮਲ ਸਾਹਾਂ ਨੂੰ ਨਪੀੜ ਦੇਣਾ
ਹਵਸ ਦੇ ਦੰਦਾਂ ਚ, ਇੱਜਤਾਂ ਦਾ ਲੀਰ ਹੋਣਾ
ਬਲਾਤਕਾਰ ਦੀ ਸਿਖਰ ਹੁੰਦਾ ਹੈ।

ਬਸ ਚ ਸਫ਼ਰ ਕਰਦਿਆਂ, ਜਿਸਮਾਂ ਨੂੰ ਤਾੜਨਾ
ਧਰਮ ਸਥਾਨਾਂ ਚ ਵੀ, ਨਿਗਾਹਾਂ ਦਾ ਹਰਲ ਹਰਲ ਕਰਨਾ
ਹੱਟੀਓਂ ਸੌਦਾ ਲੈ ਮੁੜੀ ਦੇ ਅੰਗਾਂ ਦਾ ਜ਼ਿਕਰ ਕਰਨਾ
ਕਿਸੇ ਵਿਧਵਾ,ਤਲਾਕਸ਼ੁਦਾ ਨੂੰ ਨੋਚਣ ਦਾ ਖਿਆਲ
ਜਬਰ ਜਨਾਹ ਦੀ ਹੱਦ ਹੁੰਦੀ ਏ

ਦਿਲ ਦੇ ਮਹਿਰਮ ਦਾ ਜੁਦਾ ਹੋਣਾ, ਆਸਾਂ ਦਾ ਕਤਲ ਹੋਣਾ
ਮੋਏ ਮਨ ਨਾਲ ਪਰਾਏ ਮਰਦ ਨੂੰ ਅਰਪਣ ਹੋਣਾ
ਆਤਮਾ ਤੇ ਝਰੀਟਾਂ ਦੇ ਗੂੜ ਨਿਸ਼ਾਨ ਉਕਰ ਜਾਣਾ
ਜਾਂ ਮੋਹੱਬਤ ਦੇ ਪਰਦੇ ਓਹਲੇ, ਦੇਹਾਂ ਦੀ ਮੰਗ ਹੋਣਾ
ਬਲਾਤਕਾਰ ਦੀ ਸਿਖਰ ਹੁੰਦੀਂ ਹੈ।

ਝਾੜੂ ਪੋਚਾ ਕਰਦੀ ਗਰੀਬੜੀ ਦੀ ਚੁੰਨੀ ਖਿੱਚਣਾ
ਚਰੀ ਬਰਸੀਮ ਦੇ ਰੁੱਗ ਵੱਟੇ, ਦੇਹੀ ਦੇ ਰੁੱਗ ਭਰਨਾ
ਮੋਹ ਭਿੱਜੀ ਅੱਲੜ ਨੂੰ ਅਰਧ ਵਸਤਰ ਦੇਖਣ ਦੀ ਇੱਛਾ
ਓਹਦੇ ਮਲੂਕ ਮਨ ਦੇ ਚਿੱਥੜੇ ਉਡਾਉਣਾ ਵੀ
ਬਲਾਤਕਾਰ ਨਹੀਂ ਤਾਂ ਕੀ ਹੈ?

ਹਰ ਗਲੀ ਚੌਰਾਹੇ, ਹਰ ਘੜੀ, ਹਰ ਕਦਮ ਉੱਤੇ
ਹਰ ਰੋਜ਼ ਲੱਖਾਂ ਸੂਖਮ ਬਲਾਤਕਾਰ ਹੁੰਦੇ ਨੇ
ਅਖਬਾਰਾਂ ਤੇ ਕਾਨੂੰਨਾਂ ਦੀ ਪਕੜ ਤੋਂ ਕੋਹਾਂ ਅੱਗੇ
ਹਲਕਾਈਆਂ ਅੱਖਾਂ ਦੇ ਕਾਲੇ ਹਨੇਰੇ ਪਿਛੇ ਹਰਦਮ
ਜਬਰ ਜਨਾਹ ਹੁੰਦੇ ਨੇ।

ਮਰਦ ਜਾਤ ਹੈ “ਮੁਸਾਫ਼ਿਰ”, ਬਸ ਲਿਖ ਸਕਦੈ ਤੂੰ
ਹੰਢਾਉਣਾ ਕੇਵਲ ਔਰਤ ਜੂਨ ਦੇ ਹਿੱਸੇ ਆਇਆ ਹੈ
ਰੱਬ ਵੀ ਜਾਣੂ ਹੈ, ਔਰਤ ਹੋਣਾ ਕੀ ਹੁੰਦੈ ਸਮਾਜ ਅੰਦਰ
ਕਦੀ ਔਰਤ ਹੋ ਕੇ ਨਹੀਂ, ਔਰਤ ਦੀ ਕੁੱਖੋਂ ਆਇਆ ਹੈ।
ਸੱਚ ਹੀ,ਔਰਤ ਹੋਣਾ, ਲਫ਼ਜ਼ਾਂ ਦੀ ਕੈਦ ਤੋਂ ਬਾਹਰ ਹੈ।

(ਨਰਪਿੰਦਰ ਸਿੰਘ ਮੁਸਾਫ਼ਿਰ)

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗਾਇਕਾਂ ਰਾਖੀ ਹੁੰਦਲ ਫਿਲਮ “ਕੈਰੀ ਓਨ ਜੱਟਾਂ 3” ਵਿੱਚ ਆਪਣੀ ਅਹਿਮ ਭੂਮਿਕਾ ਨਿਭਾਉਂਦੀ ਹੋਈ ਆਵੇਗੀ ਨਜ਼ਰ ।
Next articleਪੰਜਾਬ ਲੈਂਡ