16ਸਾਲਾ ਬਾਅਦ ਵੀ ਆਧੁਨਿਕ ਸਹੂਲਤਾਂ ਤੋਂ ਵਾਂਝੀ ਹੈ ਸੁਲਤਾਨਪੁਰ ਲੋਧੀ ਦੀ ਪੁੱਡਾ ਕਲੋਨੀ

ਬੇਬੇ ਨਾਨਕੀ ਅਰਬਨ ਅਸਟੇਟ ਦੇ ਲੋਕਾਂ ਦੇ ਨਹੀਂ ਹੁੰਦੀ ਸੁਣਵਾਈ

ਸੀਵਰੇਜ, ਚਾਰਦੀਵਾਰੀ ਅਤੇ ਸਫ਼ਾਈ ਆਦਿ ਹਨ ਮੁੱਖ ਸਮੱਸਿਆਵਾਂ

ਕਪੂਰਥਲਾ / ਸੁਲਤਾਨਪੁਰ ਲੋਧੀ (ਸਮਾਜ ਵੀਕਲੀ) (ਕੌੜਾ )-ਪਾਵਰ ਪਾਵਨ ਨਗਰੀ ਸੁਲਤਾਨਪੁਰ ਲੋਧੀ ਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਦੀ ਚਰਨ ਛੋਹ ਪ੍ਰਾਪਤ ਹੈ ਅਤੇ ਵੱਡੀ ਗਿਣਤੀ ਵਿੱਚ ਇੱਥੇ ਦੇਸ਼ ਵਿਦੇਸ਼ ਤੋਂ ਸ਼ਰਧਾਲੂ ਸੰਗਤਾਂ ਨਤਮਸਤਕ ਹੋਣ ਆਉਂਦੀਆਂ ਹਨ ਪਰ ਇੱਥੇ ਬਣੀਆਂ ਨਵੀਂਆਂ ਕਲੋਨੀਆਂ ਵਿਚ ਵੱਡੀ ਪੱਧਰ ਤੇ ਸਹੂਲਤਾਂ ਦੀ ਘਾਟ ਹੈ ਜਿਸ ਪਾਸੇ ਸਰਕਾਰ, ਪ੍ਰਸ਼ਾਸਨ ਅਤੇ ਸੰਬੰਧਿਤ ਵਿਭਾਗਾਂ ਦਾ ਬਿਲਕੁਲ ਧਿਆਨ ਨਹੀਂ ਹੈ। ਇਹੀਓ ਹਾਲ ਪਾਵਨ ਨਗਰੀ ਦੀ ਬੇਬੇ ਨਾਨਕੀ ਨਾਂ ਨਾਲ ਜਾਣੀ ਜਾਂਦੀ ਪੁੱਡਾ ਕਾਲੋਨੀ ਦਾ ਵੀ ਹੈ ਜਿੱਥੇ ਕੁਲ 480 ਪਲਾਟਾਂ ਵਿੱਚੋਂ 50 ਫ਼ੀਸਦੀ ਤੋਂ ਵੱਧ ਲੋਕਾਂ ਨੇ ਰਿਹਾਇਸ਼ ਕਰ ਲਈ ਹੈ ਅਤੇ 25 ਫ਼ੀਸਦੀ ਦੇ ਕਰੀਬ ਮਕਾਨਾਂ ਦਾ ਨਿਰਮਾਣ ਕਾਰਜ ਚੱਲ ਰਿਹਾ ਹੈ ਪ੍ਰੰਤੂ ਸੀਵਰੇਜ ਦੀ ਨਿਕਾਸੀ ਦੀ ਸਮੱਸਿਆ ਪੁੱਡਾ ਕਲੋਨੀ ਦੇ ਆਬਾਦ ਹੋਣ ਤੋਂ 16 ਸਾਲਾਂ ਬਾਅਦ ਵੀ ਮਹਿਕਮੇ ਵੱਲੋਂ ਹੱਲ ਨਹੀਂ ਕੀਤੀ ਗਈ। ਪੁੱਡਾ ਨਿਵਾਸੀਆਂ ਅਨੁਸਾਰ ਸੀਵਰੇਜ ਦੀ ਨਿਕਾਸੀ ਲਈ ਨੇੜੇ ਹੀ ਟਰੀਟਮੈਂਟ ਪਲਾਂਟ ਬਣ ਚੁੱਕਾ ਹੈ ਜਿਸ ਨੂੰ ਤਿਆਰ ਹੋਏ ਨੂੰ ਕਈ ਮਹੀਨੇ ਹੋ ਗਏ ਹਨ ਪਰ ਅਜੇ ਤੱਕ ਉਸ ਨੂੰ ਪੁੱਡਾ ਦੇ ਸੀਵਰੇਜ ਨਾਲ ਨਹੀਂ ਜੋੜਿਆ ਗਿਆ।

ਪੁੱਡਾ ਨਿਵਾਸੀਆਂ ਅਨੁਸਾਰ ਕਾਲੋਨੀ ਦੀ ਸਾਂਭ ਸੰਭਾਲ ਲਈ ਕਰੋੜਾਂ ਰੁਪਏ ਤਾਂ ਜਾਰੀ ਹੁੰਦੇ ਹਨ ਪ੍ਰੰਤੂ ਸ਼ਾਇਦ ਕਾਗਜ਼ਾਂ ਵਿੱਚ ਹੀ ਰਹਿ ਜਾਂਦੇ ਹਨ। ਪੁੱਡਾ ਵਾਸੀ ਇਸ ਗੱਲ ਨੂੰ ਲੈ ਕੇ ਚਿੰਤਾ ਵਿਚ ਹਨ ਕਿ ਉਹ ਆਪਣਾ ਦੁੱਖੜਾ ਕਿਸ ਨੂੰ ਜਾ ਕੇ ਸੁਨਾਉਣ ਤਾਂ ਜੋ ਉਨ੍ਹਾਂ ਨੂੰ ਨਿਆਂ ਮਿਲ ਸਕੇ ਅਤੇ ਪੁੱਡਾ ਕਲੋਨੀ ਚ ਅਧੂਰੇ ਪਏ ਕੰਮ ਮੁਕੰਮਲ ਹੋ ਸਕਣ। ਪੁੱਡਾ ਵਾਸੀਆਂ ਦੀ ਸੁਣਵਾਈ ਨਾ ਹੋਣ ਦੇ ਰੋਸ ਵਜੋਂ ਪਿਛਲੇ ਕਰੀਬ ਇੱਕ ਹਫਤੇ ਤੋਂ ਪੁਡਾ ਵਾਸੀ ਖੁਦ ਹੀ ਆਪਣੀ ਕਾਲੋਨੀ ਵਿਚ ਧਰਨੇ ਤੇ ਬੈਠੇ ਸਰਕਾਰ ਅਤੇ ਪੁੱਡਾ ਵਿਭਾਗ ਨੂੰ ਕੋਸ ਰਹੇ ਹਨ ਪਰ ਵਿਭਾਗ ਦੇ ਕੰਨਾਂ ਤੇ ਜੂੰ ਨਹੀਂ ਸਰਕ ਰਹੀ। ਪੁੱਡਾ ਵਾਸੀਆਂ ਨੇ ਦੱਸਿਆ ਕਿ ਉਹ ਪਿਛਲੇ ਲੰਬੇ ਸਮੇਂ ਤੋਂ ਆਪਣੀਆਂ ਮੰਗਾਂ ਲਈ ਵਿਭਾਗ ਨਾਲ ਸੰਪਰਕ ਕਰ ਰਹੇ ਹਨ ਪਰ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਜਿਸ ਕਰਕੇ ਉਨ੍ਹਾਂ ਨੂੰ ਅਨੇਕਾਂ ਸੱਮਸਿਆਵਾਂ ਨਾਲ ਜੂਝਣਾ ਪੈਂਦਾ ਹੈ।

ਧਰਨੇ ਤੇ ਬੈਠੇ ਪੁੱਡਾ ਵਾਸੀਆਂ ਨੇ ਦੱਸਿਆ ਕਿ ਸਾਨੂੰ ਇਹ ਵੀ ਪਤਾ ਲੱਗਾ ਹੈ ਕਿ ਪੁੱਡਾ ਦੇ ਵਿੱਚ ਚਾਰਦੀਵਾਰੀ ਲਈ ਵੀ ਪੈਸੇ ਆਏ ਹੋਏ ਹਨ ਪਰ ਅਜੇ ਤੱਕ ਚਾਰਦੀਵਾਰੀ ਨਹੀਂ ਕੀਤੀ ਗਈ ਜਿਸ ਕਰਕੇ ਆਵਾਰਾ ਪਸ਼ੂ ਤੇ ਹੋਰ ਜਾਨਵਰ ਆ ਕੇ ਉਹਨਾਂ ਦਾ ਜਿਊਣਾ ਮੁਹਾਲ ਕਰ ਦਿੰਦੇ ਹਨ। ਉਨ੍ਹਾਂ ਨੇ ਰੋਸ ਪ੍ਰਗਟ ਕੀਤਾ ਕਿ ਪੁੱਡਾ ਵਿਭਾਗ ਸਾਡੇ ਕੋਲੋਂ ਜੁੁਰਮਾਨੇ ਤਾਂ ਲੈਂਦਾ ਹੈ ਪਰ ਬਣਦੀਆਂ ਸਹੂਲਤਾਂ ਸਾਨੂੰ ਨਹੀਂ ਮੁਹੱਈਆ ਕਰਵਾਉਂਦਾ ਹੈ। ਪੁੱਡਾ ਵਾਸੀਆਂ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਅਤੇ ਪੁੱਡਾ ਵਿਭਾਗ ਦੇ ਮੰਤਰੀ ਅਤੇ ਉੱਚ ਅਧਿਕਾਰੀਆਂ ਪਾਸੋਂ ਮੰਗ ਕੀਤੀ ਕਿ ਸੁਲਤਾਨਪੁਰ ਲੋਧੀ ਦੀ ਬੇਬੇ ਨਾਨਕੀ ਅਰਬਨ ਅਸਟੇਟ, ਪੁਡਾ ਕਾਲੋਨੀ ਵੱਲ ਧਿਆਨ ਦੇ ਕੇ ਉਨ੍ਹਾਂ ਦੀਆਂ ਮੁਸ਼ਕਲਾਂ ਦੂਰ ਕੀਤੀਆਂ ਜਾਣ।

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮਨਰਾਜ ਬੋਲੀਨਾ ਤੇ ਸਤਰਾਜ ਬੋਲੀਨਾ ਨਾਲ ਰੁਸਤਮੇ ਹਿੰਦ ਪਹਿਲਵਾਨ ਹਰਜੀਤ ਸਿੰਘ ਭੁਲੱਰ ਇਨਾਮ ਪ੍ਰਾਪਤ ਕਰਦੇ ਹੋਏ ।
Next articleਕਾਹਨੂੰ ਤੋੜਦਾ ਤੂੰ ਟਹਿਣੀਆਂ ਤੋਂ ਫੁੱਲ ਵੇ