ਦਰਬੰਗਾ (ਬਿਹਾਰ) (ਸਮਾਜਵੀਕਲੀ) : ਆਪਣੇ ਜ਼ਖ਼ਮੀ ਪਿਤਾ ਨੂੰ ਪਿੱਛੇ ਬਿਠਾ ਕੇ 1,200 ਕਿਲੋਮੀਟਰ ਸਾਈਕਲ ਚਲਾ ਕੇ ਗੁਰੂਗ੍ਰਾਮ ਤੋਂ ਬਿਹਾਰ ਪਹੁੰਚੀ 15 ਵਰ੍ਹਿਆਂ ਦੀ ਜੋਤੀ ਕੁਮਾਰੀ ਦੇ ਦ੍ਰਿੜ੍ਹ ਇਰਾਦੇ ਅੱਗੇ ਰਾਹ ਵਿੱਚ ਆਈਆਂ ਵੱਡੀਆਂ ਮੁਸ਼ਕਲਾਂ ਦੀ ਇੱਕ ਨਾ ਚੱਲੀ। ਸ਼ੇਰ ਦੇ ਜਿਗਰੇ ਵਾਲੀ ਇਸ ਲੜਕੀ ਨੇ ਆਪਣੇ ਪਿਤਾ ਮੋਹਨ ਪਾਸਵਾਨ ਨੂੰ ਸਾਈਕਲ ਦੀ ਪਿਛਲੀ ਸੀਟ ’ਤੇ ਬਿਠਾ ਕੇ ਕਰੀਬ ਅੱਠ ਦਿਨ ਪਹਿਲਾਂ ਹਰਿਆਣਾ ਦੇ ਗੁਰੂਗ੍ਰਾਮ ਤੋਂ ਆਪਣਾ ਸਫ਼ਰ ਸ਼ੁਰੂ ਕੀਤਾ ਸੀ।
ਬਿਹਾਰ ਦੇ ਦਰਬੰਗਾ ਜ਼ਿਲ੍ਹੇ ਵਿੱਚ ਪੁੱਜੀ ਇਹ ਲੜਕੀ ਅਤੇ ਉਸ ਦਾ ਪਿਤਾ ਇਸ ਵੇਲੇ ਆਪਣੇ ਪਿੰਡ ਸਿਰਹੁੱਲੀ ਨੇੜੇ ਇਕਾਂਤਵਾਸ ਕੇਂਦਰ ਵਿੱਚ ਰੱਖੇ ਗਏ ਹਨ। ਮੋਹਨ ਪਾਸਵਾਨ ਨੇ ਦੱਸਿਆ ਕਿ ਉਹ ਗੁਰੂਗ੍ਰਾਮ ਵਿੱਚ ਈ-ਰਿਕਸ਼ਾ ਚਲਾਉਂਦਾ ਸੀ ਅਤੇ ਕੁਝ ਮਹੀਨੇ ਪਹਿਲਾਂ ਹਾਦਸੇ ਵਿੱਚ ਜ਼ਖ਼ਮੀ ਹੋਣ ਕਾਰਨ ਪਰਿਵਾਰ ਦੇ ਗੁਜ਼ਾਰੇ ਲਈ ਪੈਸਾ ਕਮਾਉਣ ਤੋਂ ਅਸਮਰੱਥ ਸੀ।
ਉਸ ਦਾ ਮਕਾਨ ਮਾਲਕ ਉਸ ਤੋਂ ਲਗਾਤਾਰ ਕਿਰਾਇਆ ਮੰਗ ਰਿਹਾ ਸੀ ਪਰ ਤਾਲਾਬੰਦੀ ਕਾਰਨ ਨਾ ਤਾਂ ਉਸ ਨੂੰ ਕੋਈ ਕੰਮ ਮਿਲ ਰਿਹਾ ਸੀ ਅਤੇ ਨਾ ਹੀ ਉਹ ਵਾਪਸ ਜਾਣ ਜੋਗਾ ਸੀ। ਉਸ ਨੇ ਧੀ ਦੇ ਜ਼ੋਰ ਪਾਉਣ ’ਤੇ ਕੁਝ ਜੁਗਾੜ ਕਰਕੇ ਪੁਰਾਣਾ ਸਾਈਕਲ ਖਰੀਦਿਆ ਅਤੇ ਬਿਹਾਰ ਵੱਲ ਚਾਲੇ ਪਾ ਦਿੱਤੇ।
ਜੋਤੀ ਨੇ ਦੱਸਿਆ ਕਿ ਉਹ ਰੋਜ਼ਾਨਾ 30-40 ਕਿਲੋਮੀਟਰ ਸਾਈਕਲ ਚਲਾਉਂਦੀ ਅਤੇ ਕਈ ਥਾਈਂ ਉਨ੍ਹਾਂ ’ਤੇ ਤਰਸ ਖਾ ਕੇ ਟਰੱਕਾਂ ਵਾਲੇ ਲਿਫਟ ਦੇ ਦਿੰਦੇ ਅਤੇ ਉਨ੍ਹਾਂ ਨੂੰ ਰਸਤੇ ਵੱਖ ਹੋਣ ਤੱਕ ਛੱਡ ਦਿੰਦੇ। ਉਹ ਕਈ ਥਾਈਂ ਰੁਕਦੇ ਅਤੇ ਸਥਾਨਕ ਲੋਕਾਂ ਵਲੋਂ ਲਾਏ ਲੰਗਰ ਤੋਂ ਖਾਣਾ ਖਾ ਲੈਂਦੇ।