(ਸਮਾਜ ਵੀਕਲੀ)
ਅੱਜ 14 ਅਗਸਤ ਹੈ ਤੇ ਕੱਲ੍ਹ ਨੂੰ 15, ਅੱਜ ਪਾਕਿਸਤਾਨ ਚ ਅਜਾਦੀ ਦਿਵਸ ਮਨਾਿੲਅਾ ਜਾ ਰਿਹਾ ਤੇ ਏਹੀ ਕੁੱਜ ਕੱਲ੍ਹ ਨੂੰ ਭਾਰਤ ਵਿੱਚ ਕੀਤਾ ਜਾਵੇਗਾ, ਪਰ ਕੀ ਇਹਨਾਂ ਦੋਹਾਂ ਮੁਲਕਾਂ ਦੇ ਅਹਿਲਕਾਰਾਂ ਨੇ ਕਦੇ ਆਪਣੇ ਦਿਲ ‘ਤੇ ਹੱਥ ਰੱਖਕੇ ਮੰਨੋ ਦਿਲੋਂ ਇਹ ਸੋਚਿਅਾ ਕਿ ਅਜਾਦੀ ਕਿਹਨੂੰ ਕਹਿੰਦੇ ਹਨ ? ਸ਼ਾਿੲਦ ਬਿਲਕੁਲ ਵੀ ਨਹੀਂ । ਕਿਉਂਕਿ ਜਿਸ ਨੂੰ ਇਹ ਦੋਵੇਂ ਮੁਲਕ ਅਜਾਦੀ ਕਹਿੰਦੇ ਹਨ, ਉਹ ਕਿਸੇ ਵੀ ਤਰਾਂ ਅਜਾਦੀ ਨਹੀਂ ਸੀ, ਸਗੋਂ ਇਕ ਮੁਲਕ ਦੇ ਟੁਕੜੇ ਦਰ ਟੁਕੜੇ ਹੋਣ ਦੀ ਦਾਸਤਾਨ ਹੈ ।
ਉਹ ਪੰਜਾਬ ਦੀ ਬਰਬਾਦੀ ਦੀ ਦਾਸਤਾਨ ਹੈ, ਪੰਜਾਬੀਆਂ ਦੇ ਖੂਨ ਦੀ ਹੋਲੀ ਅਤੇ ਧੀਆਂ ਭੈਣਾਂ ਦੀ ਅਜ਼ਮਤ ਦਾ ਅਜ਼ਾਬ ਹੈ, ਹਸਦੇ ਵਸਦੇ ਘਰਾਂ ਦਾ ਉਜਾੜਾ ਹੈ ਤੇ ਫਿਰਕੂ ਨਫਰਤ ਦਾ ਤੂਫਾਨ ਹੈ । 14 ਤੇ 15 ਅਗਸਤ1947 ਦੇ ਉਹ ਕਾਲੇ ਤੇ ਖੂਨੀ ਦਿਨ ਹਨ ਜਦੋਂ ਭਾਈਚਾਰਕ ਰਿਸ਼ਤਿਆਂ ਵਿਚਕਾਰ ਸੇਹ ਦਾ ਤੱਕਲਾ ਗੱਡਿਅਾ ਗਿਅਾ । ਏਹ ਉਹ ਚੰਦਰਾ ਵੇਲਾ ਸੀ ਜਦੋਂ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਲੀਰੋ ਲੀਰ ਕੀਤਾ ਗਿਅਾ । ਅੱਜ ਵੀ ਉਹ ਮੰਜ਼ਰ ਜਦ ਬਜ਼ੁਰਗਾਂ ਦੀਆਂ ਅੱਖਾਂ ਅੱਗੇ ਘੁਮਦਾ ਹੈ ਤਾਂ ਗੱਲ ਕਰਦਿਆਂ ਉਹਨਾਂ ਦੇ ਗਲੇਡੂ ਭਰ ਅਆਉੰਦੇ ਹਨ, ਅੱਖਾਂ ਚੋਂ ਨੀਰ ਅਾਪ ਮੁਹਾਰੇ ਵਗਣਾ ਸ਼ੁਰੂ ਹੋ ਜਾਂਦਾ ਹੈ ।
ਹੁਣ ਸਵਾਲ ਇਹ ਹੈ ਕਿ, ਕੀ ਪੰਜਾਬੀਆ ਨੇ ਕਦੇ ਗੰਭੀਰਤਾ ਨਾਲ ਇਹ ਸੋਚਿਆ ਹੈ ਕਿ ਪਾਕਿਸਤਾਨ ਚ 14 ਅਗਸਤ ਤੇ ਭਾਰਤ ਚ 15 ਅਗਸਤ ਜਿਸ ਨੂੰ ਅਜ਼ਾਦੀ ਦੇ ਦਿਹਾੜੇ ਵਜੋਂ ਮਨਾਇਆ ਜਾਂਦਾ ਹੈ, ਉਹ ਦੋਵੇਂ ਦਿਨ, ਦੋਵੇਂ ਪਾਸੇ ਵੰਡੇ ਗਏ ਪੰਜਾਬੀਆਂ ਵਾਸਤੇ ਖੂਨੀ ਹਨੇਰੀ ਦੀ ਤਬਾਹੀ ਭਰੀ ਸ਼ਾਜਿਸ਼ ਤੇ ਬਰਬਾਦੀ ਦੀ ਦਾਸਤਾਨ ਤੋਂ ਵੱਧ ਹੋਰ ਕੁੱਝ ਵੀ ਨਹੀਂ ਸਨ !
ਇਹਨਾਂ ਦੋ ਦਿਨਾਂ ਤੱਕ ਪਹੁੰਚਦਿਆਂ 50 ਲੱਖ ਪੰਜਾਬੀ ਉੱਜੜ ਚੁੱਕੇ ਸਨ, 10 ਲੱਖ ਦੇ ਕੁਰੀਬ ਮਾਰੇ ਜਾ ਚੁੱਕੇ ਸਨ, 50 ਹਜ਼ਾਰ ਦੇ ਲਗਭਗ ਔਰਤਾਂ ਦਾ ਉਧਾਲ਼ਾ ਤੇ ਬਲਾਤਕਾਰ ਹੋ ਚੁੱਕਾ ਸੀ, ਮਾਵਾਂ ਦੇ ਪੁੱਤ, ਭੈਣਾਂ ਦੇ ਵੀਰ, ਮਾਪਿਆ ਤੋਂ ਬੱਚੇ ਤੇ ਸੁਹਾਗਣਾ ਦੇ ਸੁਹਾਗ ਵਿੱਛੜ ਚੁੱਕੇ ਸਨ । ਮਜ਼੍ਹਬੀ ਬੁਰਛਾਗਰਦੀ ਨੇ ਹਰ ਪਾਸੇ ਖ਼ੂਨ ਦੀਆ ਨਦੀਆ ਵਹਾਈਆਂ, ਪੰਜਾਬ ਦੇ ਦਰਿਆ ਖ਼ੂਨ ਰੱਤੇ ਤੇ ਧਰਤੀ ਖ਼ੂਨ ਨਾਲ ਲੱਥ ਪੱਥ ਹੋਈ । ਏਧਰ ਮਰੇ ਜਾਂ ਓਧਰ ਬੇਸ਼ਕ ਉਹ ਕਿਸੇ ਵੀ ਧਾਰਮਿਕ ਅਕੀਦੇ ਨਾਲ ਵਾਬਸਤਾ ਸਨ, ਪਰ ਹੈਨ ਤਾਂ ਮੂਲ ਰੂਪ ਚ ਪੰਜਾਬੀ ਹੀ !! ਕਹਿਣ ਦਾ ਭਾਵ ਦੋਵੀੰ ਪਾਸੀ ਪੰਜਾਬੀ ਹੀ ਮਰੇ ।
ਪੰਜਾਬੀ ਬੋਲੀ ਤੇ ਵਿਰਸੇ ਦਾ ਘਾਣ ਹੋਇਆ । ਸੱਭਿਆਚਾਰ ਮਲੀਆਮੇਟ ਹੋਇਆ । 85 ਫੀਸਦੀ ਕੁਰਬਾਨੀਆਂ ਦੇਣ ਵਾਲਿਆਂ ਨਾਲ ਜ਼ਬਾਨੀ ਕਲਾਮੀ ਵੱਡੇ ਵੱਡੇ ਵਾਅਦੇ ਕੀਤੇ ਤੇ 15 ਅਗਸਤ ਲਾਲ ਕਿਲੇ ‘ਤੇ ਤਿਰੰਗਾ ਝੁਲਦਿਆ ਹੀ ਸਭ ਕਫੂਰ ਹੋ ਗਏ । ਜਿਹਨਾਂ ਕੁਰਬਾਨੀਆ ਦਿੱਤੀਆਂ ਉਹ ਰਾਤੋ ਪਾਤ ਫਾਡੀ ਕਰ ਦਿੱਤੇ ਗਏ ਤੇ ਜਿਹਨਾ ਕੁੱਝ ਵੀ ਨਾ ਕੀਤਾ ਉਹ ਚੀਚੀ ਨੂੰ ਖ਼ੂਨ ਲਗਾ ਕੇ ਸ਼ਹੀਦ ਬਣ ਗਏ । ਇਸ 15 ਅਗਸਤ ਤੋਂ ਬਾਅਦ ਲਹਿੰਦੇ ਤੇ ਚੜ੍ਹਦੇ ਦੋਹੀ ਪਾਸੀ ਵਸਦੇ ਪੰਜਾਬੀਆਂ ਨਾਲ ਜੋ ਜੱਗੋਂ ਤੇਰਵੀਂ ਕੀਤੀ ਕਰਵਾਈ ਗਈ ਤੇ ਅਜੇ ਜਾਰੀ ਹੈ, ਉਸ ਬਾਰੇ ਕੋਈ ਖੁਲਾਸਾ ਕਰਨ ਦੀ ਜ਼ਰੂਰਤ ਨਹੀਂ ਕਿਉਂਕਿ ਪੰਜਾਬ ਦਾ ਬੱਚਾ ਬੱਚਾ ਸਭ ਕੁੱਝ ਜਾਣਦਾ ਹੈ ।
ਅਟਾਰੀ ਤੇ ਵਾਹਗੇ ਦੇ ਵਿਚਕਾਰ ਖਿੱਚੀ ਲੀਕ ‘ਤੇ ਹਰ ਰੋਜ਼ ਭੰਗੜੇ ਪਾ ਕੇ ਹਰ ਰੋਜ਼ ਪੰਜਾਬੀਆਂ ਦਾ ਮੂੰਹ ਚਿੜਾਇਆ ਜਾ ਰਿਹਾ ਹੈ । ਜੇਕਰ ਦੂਸਰਿਆਂ ਦੀਆ ਲਾਸ਼ਾਂ ‘ਤੇ ਰਾਜ ਕਰਨ ਦੀ ਕੋਈ ਵਧੀਆ ਕੇ ਢੁਕਵੀਂ ਉਦਾਹਰਣ ਦੇਖਣੀ ਹੋਵੇ ਤਾਂ ਇਸ ਵੇਲੇ ਦੁਨੀਆ ਚ ਇੱਕੋ ਜਗਾ ਹੈ ਤੇ ਉਹ ਹੈ ਅਟਾਰੀ – ਵਾਹਗਾ ਸਰਹੱਦ । ਜਿਸ ਪੰਜਾਬ ਦੀ ਪੂਰੀ ਧਰਤੀ ਖ਼ੂਨ ਨਾਲ ਰੰਗੀ ਗਈ, ਜਾਨੀ, ਮਾਲੀ ਤੇ ਇਜ਼ਤ ਆਬਰੂ ਲੁੱਟੀ ਗਈ ਉਸ ਪੰਜਾਬ ਦੀ ਧਰਤੀ ‘ਤੇ ਉਕਤ ਜਗਾ ਹਰ ਰੋਜ ਕਿਹੜੀ ਖੁਸ਼ੀ ਦੇ ਜਸਨ ਮਨਾਏ ਜਾਂਦੇ ਹਨ ? ਵੰਡ ਦਾ ਸ਼ਿਕਾਰ ਹੋਏ ਲੋਕਾਂ ਨੂੰ ਸ਼ਰਧਾਜਲੀ ਭੇਟ ਕਰਨ ਦੀ ਬਜਾਏ ਖੂਨ ਖਰਾਬੇ ਨੂੰ ਉਕਸਾਉਣ ਵਾਲੀਆਂ ਨਫਰਤਾ ਵੰਡੀਆਂ ਜਾ ਰਹੀਆਂ ਹਨ ਤੇ ਉਹ ਵੀ ਬੇਖੌਫ ਹੋ ਕੇ ਚਿੱਟੇ ਦਿਨ !!!
15 ਅਗਸਤ ਪੰਜਾਬ ਦੇ ਇਤਿਹਾਸ ਦਾ ਸਿਆਹ ਕਾਲਾ ਦਿਨ ਹੈ । ਇਸ ਦਿਨ ਅੰਗਰੇਜ ਤਾਂ ਹਿੰਦੁਸਤਾਨ ਛੱਡਕੇ ਬੇਸ਼ਕ ਚਲੇ ਗਏ, ਪਰ ਮੁਲਖ ਅਜਾਦ ਨਹੀ ਹੋਇਆ, ਸਗੋ ਟੋਟੇ ਟੋਟੇ ਹੋਇਆ ਤੇ ਇਸ ਦਿਨ ਟੁਕੜੇ ਹੋਏ ਮੁਲਖ ਨੂੰ ਪਿਛਲੇ 72 ਸਾਲ ਤੋ ਕੋਣ ਸ਼ੈਤਾਨ ਕਿਵੇਂ ਅਜਾਦੀ ਦਾ ਨਾਮ ਦੇ ਕੇ ਹਰ ਸਾਲ ਜਸ਼ਨ ਮਨਾ ਰਿਹਾ ਹੈ, ਇਹ ਬਿਲਕੁਲ ਹੀ ਸਮਝ ਤੋਂ ਪਰੇ ਦੀ ਗੱਲ ਹੈ । ਇਸ ਤੋ ਵੀ ਵੱਡੀ ਮੂਰਖਤਾ ਵਾਲੀ ਗੱਲ ਇਹ ਹੈ ਕਿ ਸਾਡੇ ਵਿੱਚੋ ਬਹੁਤਿਆਂ ਨੇ ਕਦੇ ਇਹ ਵਿਚਾਰਨ ਦੀ ਕੋਸ਼ਿਸ਼ ਹੀ ਨਹੀਂ ਕੀਤੀ ਜੀਂ ਲੋੜ ਹੀ ਨਹੀ ਸਮਝੀ ਕਿ ਅਜਾਦੀ ਦੀ ਪਰਿਭਾਸ਼ਾ ਕੀ ਹੁੰਦੀ ਹੈ !!!!
15 ਅਗਸਤ ਤੱਕ ਪਹੁੰਚਦਿਆਂ ਜੇਕਰ ਸਿੱਧੇ ਤੇ ਸਰਲ ਸ਼ਬਦਾਂ ਚ ਕਹਿਣਾ ਹੋਵੇ ਤਾਂ ਕਿਹਾ ਜਾ ਸਕਦਾ ਹੈ ਕਿ ਇਸ ਦਿਨ ਹਿੰਦੁਸਤਾਨ ਟੁਕੜੇ ਟੁਕੜੇ ਹੋਇਆ, ਜਿਸ ਦੇ ਇਕ ਹਿੱਸੇ ਨੂੰ ਭਾਰਤ ਤੇ ਦੂਸਰੇ ਨੂੰ ਪਾਕਿਸਤਾਨ ਦਾ ਨਾਮ ਦਿੱਤਾ ਗਿਆ ਤੇ 1971 ਚ ਜੋ ਤੀਜਾ ਟੁਕੜਾ ਹੋਇਆ, ਉਸ ਨੂੰ ਬੰਗਲਾ ਦੇਸ਼ ਦਾ ਨਾਮ ਦਿੱਤਾ ਗਿਆ । ਇਸ ਤੋ ਵੀ ਅਗਲੀ ਸਮਝਣ ਵਾਲੀ ਗੱਲ ਇਹ ਕਿ ਇਹ ਉਹ ਚੰਦਰਾ ਦਿਨ ਹੈ ਜਿਸ ਦਿਨ ਤੱਕ ਤੇ ਇਸ ਤੋ ਬਾਅਦ ਮਹਾਂ ਪੰਜਾਬ ਪੂਰੀ ਤਰਾਂ ਬਰਬਾਦ ਹੋ ਗਿਆ ਜਾਂ ਕੀਤਾ ਗਿਆ ਤੇ ਕੀਤਾ ਜਾ ਰਿਹਾ ਹੈ । ਇਸੇ ਦਿਨ ਹੀ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦਾ ਉਜਾੜਾ ਹੋਇਆ ਜੋ ਬਦਸਤੂਰ ਜਾਰੀ ਹੈ ।
ਸੋ, ਪੰਜਾਬੀ ਭਾਵੇਂ ਵਾਹਗੇ ਵਾਲੀ ਲੀਕ ਦੇ ਉਰੇ ਵਸਦਾ ਜਾਂ ਪਰਲੇ ਪਾਰ, ਅਜ ਵੀ ਉਸ ਅੰਦਰ ਇਕ ਚੀਸ ਹੈ ਤੇ ਉਹ ਦਿੱਲ ‘ਤੇ ਲੱਗੇ ਬਰਬਾਦੀ ਰੂਪੀ ਜਖਮ ਦਾ ਅਕਹਿ ਦਰਦ ਹੰਢਾ ਰਿਹਾ ਹੈ । ਉਸ ਦਾ ਇਹ ਜਖਮ ਹੁਣ ਨਾਸੂਰ ਬਣ ਚੁੱਕਾ ਹੈ ਤੇ ਜਦ ਵੀ ਥੋੜੀ ਆਸ ਪੈਦਾ ਹੁੰਦੀ ਉਸ ਉੱਤੇ ਅਗੂਰ ਆਉਣ ਦੀ ਉਸ ਨੂੰ ਫਿਰਕਾ ਪ੍ਰਸਤਾਂ ਵਲੋਂ ਫੇਰ ਉਚੇੜ ਦਿੱਤਾ ਜਾਂਦਾ ਹੈ । ਇਸ ਚੰਦਰੇ ਦਿਨ ਦੇ ਦਿੱਤੇ ਉਕਤ ਲਾ ਇਲਾਜ ਫੱਟ ਨੂੰ ਕੋਈ ਪੰਜਾਬੀ ਕਿਵੇਂ ਅਜਾਦੀ ਦਾ ਦਿਨ ਮਨਕੇ ਜਸ਼ਨ ਮਨਾ ਸਕਦਾ ਹੈ ? ਮੇਰੀ ਜਾਚੇ ਕੋਈ ਸੱਚਾ ਪੰਜਾਬੀ ਤਾਂ ਕਦਾਚਿਤ ਵੀ ਇਸ ਤਰਾ ਨਹੀਂ ਸੋਚ ਸਕਦਾ ਤੇ ਜੇਕਰ ਕੋਈ ਸਰਕਾਰੀ ਦਬਾਅ ਹੇਠ ਆ ਕੇ ਅਜਿਹਾ ਕਰਦਾ ਵੀ ਹੋਵੇਗਾ ਤਾਂ ਉਹ ਬਹੁਤ ਹੀ ਬੁਰੀ ਮਾਨਸਿਕ ਪੀੜਾ ਹੰਢਾਉਂਦਾ ਹੋਵੇਗਾ !
ਇਹ ਕਰੂਰਤਾ ਅਤੇ ਜੁਲਮ ਦੀ ਇੰਤਹਾ ਹੀ ਕਹੀ ਜਾ ਸਕਦੀ ਹੈ ਕਿ ਅਜ ਤੱਕ ਇਸ ਵੰਡ ਦੀ ਲਪੇਟ ਚ ਆ ਕੇ ਮਾਰੇ ਜਾਂ ਉਜਾੜੇ ਗਏ ਨਿਹੱਥੇ ਤੇ ਮਸੂਮ ਲੋਕਾ ਨੂੰ ਇਸ ਦਿਨ ਕਦੇ ਵੀ ਕਿਸੇ ਸਰਕਾਰ ਵਲੋ ਸ਼ਰਧਾਜਲੀ ਨਹੀ ਦਿੱਤੀ ਗਈ । ਸਿਤਮ ਵਾਲੀ ਗੱਲ ਹੈ ਕਿ ਅਜ ਤੱਕ ਕਦੇ ਵੀ ਕੋਈ ਰਾਜ ਜਾਂ ਦੇਸ ਪੱਧਰੀ ਸਮਾਗਮ ਨਹੀ ਕਰਵਾਇਆ ਗਿਆ ਸਗੋ ਉਲਟਾ ਵਾਹਗੇ ਵਾਲੀ ਲੀਕ ‘ਤੇ ਲਾਸ਼ਾਂ ‘ਤੇ ਹਰ ਰੋਜ ਜਸ਼ਨ ਮਨਾਏ ਜਾਦੇ ਹਨ ।
ਮੁਕਦੀ ਗੱਲ ਇਹ ਕਿ 15 ਅਗਸਤ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੀ ਤਬਾਹੀ ਦਾ ਦਿਨ ਹੋਣ ਕਰਕੇ ਸਮੂਹ ਪੰਜਾਬੀਆਂ ਵਾਸਤੇ ਸਿਆਹ ਕਾਲਾ ਤੇ ਸੋਗੀ ਦਿਨ ਹੈ ਤੇ ਇਸ ਦਿਨ ਸਮੂਹ ਪੰਜਾਬੀਆ ਨੂੰ ਜਿਥੇ ਇਸ ਦਿਨ ਤੱਕ ਪੰਜਾਬ ਚ ਮਾਰੇ ਜਾਂ ਖੂਨੀ ਕਤਲੇਆਮ ਦਾ ਸ਼ਿਕਾਰ ਹੋਏ ਬੇਕਸੂਰ ਲੋਕਾ ਨੂੰ ਸ਼ਰਧਾਜਲੀ ਭੇਂਟ ਕਰਨੀ ਚਾਹੀਦੀ ਹੈ, ਉਥੇ ਇਸ ਦੇ ਨਾਲ ਹੀ ਵਾਹਗਾ ਸਰਹੱਦ ਦੇ ਦੋਵੀਂ ਪਾਸੀਂ ਅਮਨ ਤੇ ਸ਼ਾਂਤੀ ਵਾਸਤੇ ਅਰਦਾਸ ਵੀ ਕਰਨੀ ਚਾਹੀਦੀ ਹੈ ।
ਇਸੇ ਤਰਾਂ ਭਾਰਤ ਤੇ ਪਾਕਿਸਤਾਨ ਨੂੰ ਵੀ ਅਜਾਦੀ ਦਿਵਸ ਮਨਾਉਣ ਦਾ ਪਾਖੰਡ ਕਰਕੇ ਦੋਹਾਂ ਮੁਲਖਾਂ ਦੇ ਲੋਕਾਂ ਨੂੰ ਬੁੱਧੂ ਬਣਾਉਣ ਦੀ ਬਜਾਏ ਆਪੋ ਆਪਣੇ ਹੋਸ਼ੋ ਹਵਾਸ ਤੋ ਕੰਮ ਲੈਂਦੇ ਹੋਏ ਖਿਤੇ ਚ ਸ਼ਾਂਤੀ ਦੀ ਬਹਾਲੀ ਤੇ ਭਾਈਚਾਰਕ ਏਕੇ ਵਾਸਤੇ ਸੱਚੇ ਮਨੋੰ ਚਾਰਾਜੋਈ ਕਰਨੀ ਚਾਹੀਦੀ ਤਾਂ ਕਿ ਸਰਹੱਦਾਂ ਬਣੀਆ ਰਹਿਣ ਦੇ ਬਾਵਜੂਦ ਵੀ ਮਾਹੋਲ ਸਾਵਾਂ, ਸੁਖਾਵਾਂ ਤੇ ਖੁਸ਼ਹਾਲ ਹੋ ਸਕੇ, ਮੁਹੱਬਤੀ ਸਾਂਝਾਂ ਮੁੜ ਬਰਕਰਾਰ ਹੋ ਸਕਣ ।
ਪ੍ਰੋ ਸ਼ਿੰਗਾਰਾ ਸਿੰਘ ਢਿੱਲੋਂ