ਨਾਟਕ ਨੇ ਵਿਅੰਗ ਰਾਹੀਂ ਕੀਤੀ ਅਜੋਕੇ ਸਮਾਜ ‘ਤੇ ਚੋਟ
(ਸਮਾਜ ਵੀਕਲੀ) ਬਲਵੰਤ ਗਾਰਗੀ ਆਡੀਟੋਰੀਅਮ ਬਠਿੰਡਾ ਵਿਖੇ ਉੱਤਰ ਖੇਤਰ ਸੱਭਿਆਚਾਰਕ ਕੇਂਦਰ ਪਟਿਆਲਾ ਅਤੇ ਸੱਭਿਆਚਾਰ ਮੰਤਰਾਲਾ ਭਾਰਤ ਸਰਕਾਰ ਦੇ ਸਹਿਯੋਗ ਨਾਲ਼ ਚੱਲ ਰਹੇ 13ਵੇਂ ਨਾਟਿਅਮ ਨੈਸ਼ਨਲ ਥੀਏਟਰ ਫੈਸਟੀਵਲ ਦੇ ਚੌਥੇ ਦਿਨ ਪੇਸ਼ ਕੀਤੇ ਨਾਟਕ ‘-00000’ ਨੇ ਦਰਸ਼ਕਾਂ ਨੂੰ ਹਸਾ ਹਸਾ ਕੇ ਲੋਟ ਪੋਟ ਕਰ ਦਿੱਤਾ। ਜੱਸੀ ਜਸਪ੍ਰੀਤ ਦੇ ਲਿਖੇ ਇਸ ਨਾਟਕ ਨੂੰ ਟੀਮ ਨਾਟਿਅਮ ਪੰਜਾਬ ਨੇ ਕੀਰਤੀ ਕਿਰਪਾਲ ਦੇ ਨਿਰਦੇਸ਼ਨ ਹੇਠ ਖੇਡਿਆ। ਇਸ ਵਿਅੰਗ ਭਰਪੂਰ ਨਾਟਕ ਨੇ ਦਰਸ਼ਕਾਂ ਨੂੰ ਬਾਹਰੋਂ ਸ਼ਾਂਤੀ ਲੱਭਣ ਦੀ ਬਜਾਇ ਕਾਮ,ਕ੍ਰੋਧ, ਲੋਭ,ਮੋਹ ਤੇ ਅਹੰਕਾਰ ਤਿਆਗ ਕੇ ਆਪਣੇ ਅੰਤਰ ਮਨ ‘ਚੋ ਸ਼ਾਂਤੀ ਲੱਭਣ ਲਈ ਪ੍ਰੇਰਿਆ। ਨਾਟਕ ਪੇਸ਼ਕਾਰੀ ਦੌਰਾਨ ਹਾਲ ਲਗਾਤਾਰ ਹਾਸਿਆਂ ਤੇ ਤਾੜੀਆਂ ਨਾਲ਼ ਗੂੰਜਦਾ ਰਿਹਾ ਅਤੇ ਗੁਰਨੂਰ ਸਿੰਘ ਡਾ਼ ਦਿਲਦਾਰ ਸਿੰਘ ਦਾ ਕਿਰਦਾਰ ਨਿਭਾ ਕੇ ਰੰਗ ਬੰਨ੍ਹ ਦਿੱਤਾ।
ਨਾਟ-ਉਤਸਵ ਦੇ ਚੌਥੇ ਦਿਨ ਮੁੱਖ ਮਹਿਮਾਨ ਵਜੋਂ ਸ਼੍ਰੀ ਰਜਿੰਦਰ ਮਿੱਤਲ ਐੱਮ.ਡੀ ਮਿੱਤਲ ਇੰਡਸਟਰੀਜਸ਼ ਪਹੁੰਚੇ। ਰੰਗ ਮੰਚ ਦੀ ਉੱਘੀ ਸ਼ਖ਼ਸੀਅਤ ਤ੍ਰਿਪਤੀ ਚੈਟਲੇ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ।ਸ਼ਮਾ ਰੌਸ਼ਨ ਦੀ ਰਸਮ ਸ਼੍ਰੀ ਅਸ਼ਵਨੀ ਚੈਟਲੇ ਪ੍ਰਧਾਨ ਪੰਜਾਬ ਸੰਗੀਤ ਨਾਟਕ ਅਕਾਦਮੀ, ਚੰਡੀਗੜ੍ਹ ਨੇ ਸਤਿਕਾਰਿਤ ਮਹਿਮਾਨਾਂ ਨਾਲ਼ ਮਿਲ ਕੇ ਅਦਾ ਕੀਤੀ। ਇਸ ਮੌਕੇ ਬੋਲਦਿਆਂ ਸ਼੍ਰੀ ਰਜਿੰਦਰ ਮਿੱਤਲ ਨੇ ਜ਼ਿਲ੍ਹਾ ਭਾਸ਼ਾ ਅਫ਼ਸਰ ਅਤੇ ਨਾਟ-ਨਿਰਦੇਸ਼ਕ ਕੀਰਤੀ ਕਿਰਪਾਲ ਦੇ ਮਾਲਵੇ ਵਿੱਚ ਰੰਗਮੰਚ ਨੂੰ ਜਿਉਂਦਾ ਰੱਖਣ ਸਬੰਧੀ ਕੀਤੇ ਜਾ ਰਹੇ ਅਣਥੱਕ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਹਰ ਤਰ੍ਹਾਂ ਦੀ ਮਦਦ ਦਾ ਭਰੋਸਾ ਵੀ ਦਿੱਤਾ। ਸ਼੍ਰੀਮਤੀ ਤ੍ਰਿਪਤੀ ਚੈਟਲੇ ਨੇ ਨਾਟਿਅਮ ਗਰੁੱਪ ਨੂੰ ਰੰਗਮੰਚ ਨਾਲ਼ ਵੱਡੀ ਗਿਣਤੀ ਵਿੱਚ ਦਰਸ਼ਕਾਂ ਨੂੰ ਜੋੜ ਕੇ ਰੱਖਣ ਲਈ ਵਧਾਈ ਦਿੱਤੀ।
ਨਾਟਿਅਮ ਦੇ ਸਰਪ੍ਰਸਤ ਡਾ.ਕਸ਼ਿਸ਼ ਗੁਪਤਾ ਅਤੇ ਸ਼੍ਰੀ ਸੁਦਰਸ਼ਨ ਗੁਪਤਾ ਨੇ ਸਾਂਝੇ ਤੌਰ ‘ਤੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਕਿਹਾ ਅਤੇ ਆਉਣ ਵਾਲ਼ੇ ਦਿਨਾਂ ਵਿੱਚ ਵੀ ਸਰੋਤਿਆਂ ਦੀ ਇਸੇ ਤਰ੍ਹਾਂ ਵੱਡੀ ਗਿਣਤੀ ਵਿੱਚ ਆਉਣ ਦੀ ਆਸ ਜਤਾਈ। ਸ. ਕੀਰਤੀ ਕਿਰਪਾਲ ਨੇ ਸਮੂਹ ਮਹਿਮਾਨਾਂ ਅਤੇ ਦਰਸ਼ਕਾਂ ਦਾ ਧੰਨਵਾਦ ਕੀਤਾ ਅਤੇ ਦੱਸਿਆ ਕਿ ਇਸ 15 ਦਿਨਾਂ ਨਾਟ-ਉਤਸਵ ਜੋ ਕਿ 28 ਨਵੰਬਰ ਤੱਕ ਚੱਲਣਾ ਹੈ,ਹਰ ਰੋਜ਼ ਸ਼ਾਮ 7:20 ਵਜੇ ਤੋਂ ਸ਼ੁਰੂ ਹੋਇਆ ਕਰੇਗਾ । ਇਸ ਥੀਏਟਰ ਫੈਸਟੀਵਲ ਵਿੱਚ ਭਾਰਤ ਦੇ ਵੱਖ-ਵੱਖ ਰਾਜਾਂ ਤੋਂ ਆਈਆਂ ਨਾਟ-ਮੰਡਲੀਆਂ 15 ਨਾਟਕ ਪੇਸ਼ ਕਰਨਗੀਆਂ ਅਤੇ ਹਰ ਨਾਟਕ ਦਾ ਰੰਗ ਵੇਖਣਯੋਗ ਹੋਵੇਗਾ। ਉਨ੍ਹਾਂ ਸਹਿਯੋਗ ਲਈ ਉੱਤਰ ਖੇਤਰ ਸੱਭਿਆਚਾਰਕ ਕੇਂਦਰ ਪਟਿਆਲਾ, ਸੱਭਿਆਚਾਰ ਮੰਤਰਾਲਾ ਭਾਰਤ ਸਰਕਾਰ ਅਤੇ ਮਿਊਂਸਪਲ ਕਾਰਪੋਰੇਸ਼ਨ ਬਠਿੰਡਾ ਦਾ ਵੀ ਧੰਨਵਾਦ ਕੀਤਾ। ਮੰਚ ਸੰਚਾਲਕ ਦੀ ਭੂਮਿਕਾ ਪ੍ਰੋ. ਸੰਦੀਪ ਸਿੰਘ ਨੇ ਨਿਭਾਈ।
ਇਸ ਦੌਰਾਨ ਯੂਨਵਰਸਿਟੀ ਰਜਿਸਟਰਾਰ ਸ. ਗੁਰਿੰਦਰਪਾਲ ਸਿੰਘ ਬਰਾੜ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਰਿਟਾਇਰਡ ਪ੍ਰੋਫੈਸਰ ਮਹਿੰਦਰ ਕੁਮਾਰ,
ਨਾਟਿਅਮ ਦੇ ਪ੍ਰਧਾਨ ਸੁਰਿੰਦਰ ਕੌਰ, ਈਵੈਂਟ ਮੈਨੇਜਰ ਗੁਰਨੂਰ ਸਿੰਘ, ਸਮੂਹ ਅਦਾਕਾਰ ਨਾਟਿਅਮ ਗਰੁੱਪ ਤੋਂ ਇਲਾਵਾ ਸ਼ਹਿਰ ਦੀਆਂ ਪ੍ਰਮੁੱਖ ਸਾਹਿਤਕ ਹਸਤੀਆਂ ਵੀ ਮੌਜੂਦ ਸਨ।
ਅਮਰਜੀਤ ਸਿੰਘ ਜੀਤ
9417287122
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly