ਕੰਮ ਦੀ ਰੰਜਿਸ਼ ਕਾਰਨ ਫ਼ਲ ਕਾਰੋਬਾਰੀ ਯਸ਼ਪਾਲ ਗ਼ੁਲਾਟੀ ਵਾਸੀ ਰਾਮਗੜ੍ਹ ਨੂੰ ਅਗਵਾ ਕਰਕੇ ਕਤਲ ਕਰਨ ਅਤੇ ਲਾਸ਼ ਖੁਰਦ-ਬੁਰਦ ਕਰਨ ਦੇ ਮਾਮਲੇ ਵਿਚ ਪੁਲੀਸ ਨੇ ਤਿੰਨ ਵਿਅਕਤੀਆਂ ਨੂੰ ਕਾਬੂ ਕੀਤਾ ਹੈ ਅਤੇ ਚੌਥੇ ਦੀ ਭਾਲ ਜਾਰੀ ਹੈ। ਪੁਲੀਸ ਨੇ ਇਸ ਮਾਮਲੇ ’ਚ ਕੁਹਾੜਾ ਵਾਸੀ ਸ਼ਹਨਿਵਾਜ਼ ਖਾਨ, ਉਸਦੇ ਭਰਾ ਸ਼ਹਿਜ਼ਾਦ ਖਾਨ ਉਰਫ਼ ਸੰਜੂ ਅਤੇ ਮੁਕੇਸ਼ ਕੁਮਾਰ ਉਰਫ਼ ਆਦਿਤਿਆ ਨੂੰ ਗ੍ਰਿਫ਼ਤਾਰ ਕਰਕੇ ਅੱਜ ਅਦਾਲਤ ’ਚ ਪੇਸ਼ ਕੀਤਾ, ਜਿੱਥੋਂ ਤਿੰਨਾਂ ਨੂੰ ਪੁਲੀਸ ਰਿਮਾਂਡ ’ਤੇ ਲੈ ਕੇ ਪੁਲੀਸ ਨੇ ਪੁੱਛ-ਪੜਤਾਲ ਸ਼ੁਰੂ ਕਰ ਦਿੱਤੀ ਹੈ। ਪੁਲੀਸ ਵਲੋਂ ਮੁਲਜ਼ਮਾਂ ਦੇ ਫ਼ਰਾਰ ਸਾਥੀ ਮਨੋਜ ਕੁਮਾਰ ਦੀ ਭਾਲ ਕੀਤੀ ਜਾ ਰਹੀ ਹੈ। ਥਾਣਾ ਜਮਾਲਪੁਰ ਦੇ ਐੱਸ.ਐੱਚ.ਓ. ਸਬ-ਇੰਸਪੈਕਟਰ ਰਵਿੰਦਰਪਾਲ ਸਿੰਘ ਨੇ ਦੱਸਿਆ ਕਿ ਚੌਕੀ ਰਾਮਗੜ੍ਹ ਦੀ ਪੁਲੀਸ ਨੂੰ 21 ਜਨਵਰੀ ਨੂੰ ਯਸ਼ਪਾਲ ਗੁਲਾਟੀ ਦੇ ਜਵਾਈ ਨੇ ਸ਼ਿਕਾਇਤ ਦਿੱਤੀ ਸੀ ਕਿ ਉਸਦਾ ਸਹੁਰਾ, ਜੋ ਫਲ਼ਾਂ ਦਾ ਕਾਰੋਬਾਰ ਕੰਮ ਕਰਦਾ ਹੈ, ਘਰੋਂ ਕੰਮ ’ਤੇ ਗਿਆ ਸੀ ਪਰ ਵਾਪਸ ਨਹੀਂ ਆਇਆ। ਇਸ ’ਤੇ ਥਾਣਾ ਜਮਾਲਪੁਰ ਦੀ ਪੁਲੀਸ ਨੇ ਗੁੰਮਸ਼ੁਦਗੀ ਦਾ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ। ਜਾਂਚ ਦੌਰਾਨ ਪੁਲੀਸ ਨੂੰ ਯਸ਼ਪਾਲ ਦੀ ਗੱਡੀ ਪਿੰਡ ਹੀਰਾ ਤੋਂ ਬਰਾਮਦ ਹੋਈ, ਪਰ ਉਸ ਬਾਰੇ ਕੁਝ ਪਤਾ ਨਹੀਂ ਲੱਗਿਆ। ਪੁਲੀਸ ਨੇ ਇਲਾਕੇ ’ਚ ਲੱਗੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਤਾਂ ਨੌਜਵਾਨਾਂ ਦੀ ਪਛਾਣ ਹੋਈ, ਜਿਸ ’ਤੇ ਪੁਲੀਸ ਨੇ ਸਹਿਨਾਜ਼ ਅਤੇ ਹੋਰ ਮੁਲਜ਼ਮਾਂ ਨੂੰ ਕਾਬੂ ਕਰ ਲਿਆ। ਸਬ-ਇੰਸਪੈਕਟਰ ਰਵਿੰਦਰਪਾਲ ਸਿੰਘ ਨੇ ਦੱਸਿਆ ਕਿ ਪੁੱਛ-ਪੜਤਾਲ ਦੌਰਾਨ ਮੁਲਜ਼ਮਾਂ ਨੇ ਦੱਸਿਆ ਕਿ ਸਹਿਨਾਜ਼ ਨੇ ਯਸ਼ਪਾਲ ਦੇ ਕਤਲ ਦੀ ਯੋਜਨਾ ਬਣਾਈ ਸੀ। ਉਸ ਨੇ ਕਿਰਾਏ ਦੇ ਮਕਾਨ ’ਤੇ ਰਹਿੰਦੇ ਆਪਣੇ ਦੋਸਤ ਮੁਕੇਸ਼ ਨੂੰ ਗਾਹਕ ਬਣਾ ਕੇ ਯਸ਼ਪਾਲ ਕੋਲ ਭੇਜਿਆ ਤੇ ਕਿਹਾ ਕਿ ਉਨ੍ਹਾਂ ਦਾ ਪਿੰਡ ਹੀਰਾ ਦੇ ਮੰਦਿਰ ਵਿਚ ਸਮਾਗਮ ਹੈ ਅਤੇ ਕਿਹਾ ਕਿ ਉਨ੍ਹਾਂ ਨੂੰ ਅੱਠ ਕਰੇਟ ਕੇਲੇ ਚਾਹੀਦੇ ਹਨ। ਇਸ ’ਤੇ ਯਸ਼ਪਾਲ ਰਾਜ਼ੀ ਹੋ ਗਿਆ ਤੇ ਆਪਣੀ ਬੋਲੇਰੋ ਗੱਡੀ ’ਚ ਉਹ ਕੇਲੇ ਲੈ ਕੇ ਪਿੰਡ ਹੀਰਾ ਪੁੱਜ ਗਿਆ, ਜਿੱਥੇ ਮੁਕੇਸ਼ ਪਹਿਲਾਂ ਤੋਂ ਹੀ ਖੜ੍ਹਾ ਸੀ। ਉਹ ਉਸਨੂੰ ਆਪਣੇ ਨਾਲ ਫੈਕਟਰੀ ’ਚ ਲੈ ਗਿਆ। ਕੁਝ ਦੂਰੀ ’ਤੇ ਸਹਿਨਾਜ਼, ਉਸਦਾ ਭਰਾ ਸੰਜੂ ਤੇ ਕਿਰਾਏਦਾਰ ਮਨੋਜ ਗੱਡੀ ’ਚ ਬੈਠੇ ਸਨ। ਮੁਲਜ਼ਮ ਮੁਕੇਸ਼ ਉਸ (ਯਸ਼ਪਾਲ) ਨੂੰ ਗੱਡੀ ਕੋਲ ਲੈ ਗਿਆ। ਗੱਡੀ ’ਚ ਅਗਵਾ ਕਰਨ ਤੋਂ ਬਾਅਦ ਮਨੋਜ ਤੇ ਮੁਕੇਸ਼ ਨੇ ਪਰਨਾ ਪਾ ਕੇ ਯਸ਼ਪਾਲ ਦਾ ਗ਼ਲ ਘੁੱਟ ਕੇ ਉਸਦਾ ਕਤਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਬੇਹੋਸ਼ ਹੋ ਗਿਆ। ਜਦੋਂ ਉਹ ਮੇਹਲੋਂ ਸਥਿਤ ਸ਼ਹਨਿਵਾਜ਼ ਦੇ ਪਲਾਟ ’ਤੇ ਪੁੱਜੇ ਤਾਂ ਉਥੇ ਯਸ਼ਪਾਲ ਦੇ ਸਾਹ ਚੱਲ ਰਹੇ ਸਨ। ਉਹ ਉਸਨੂੰ ਪਲਾਟ ਅੰਦਰ ਬਣੇ ਕਮਰੇ ’ਚ ਲੈ ਗਏ ਤੇ ਉਥੇ ਸਰੀਏ ਨਾਲ ਯਸ਼ਪਾਲ ਦਾ ਗ਼ਲ ਘੁੱਟ ਕੇ ਉਸਦਾ ਕਤਲ ਕਰ ਦਿੱਤਾ ਤੇ ਲਾਸ਼ ਉਥੇ ਹੀ ਦਬਾ ਦਿੱਤੀ। ਹਨੇਰਾ ਹੋਣ ’ਤੇ ਮੁਲਜ਼ਮ ਸਹਿਨਵਾਜ਼ ਤੇ ਮੁਕੇਸ਼ ਨੇ ਲਾਸ਼ ਨੂੰ ਬਾਹਰ ਕੱਢਿਆ ਤੇ ਕੰਬਲ ’ਚ ਪਾ ਕੇ ਗੱਡੀ ’ਚ ਲਾਸ਼ ਰੱਖ ਕੇ ਗੁਰਦੁਆਰਾ ਕਟਾਣਾ ਸਾਹਿਬ ਵੱਲ ਚਲੇ ਗਏ। ਉਥੇ ਨੀਲੋ ਨਹਿਰ ’ਚ ਉਨ੍ਹਾਂ ਲਾਸ਼ ਸੁੱਟ ਦਿੱਤੀ। ਏਐੱਸਆਈ ਰਵਿੰਦਰਪਾਲ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਇਸ ਮਾਮਲੇ ’ਚ ਤਿੰਨ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਜਦੋਂਕਿ ਚੌਥੇ ਦੀ ਭਾਲ ਲਈ ਪੁੱਛ-ਪੜਤਾਲ ਕੀਤੀ ਜਾ ਰਹੀ ਹੈ। ਇਸ ਤੋਂ ਬਾਅਦ ਲਾਸ਼ ਦੀ ਭਾਲ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਵੱਲੋਂ ਕਤਲ ’ਚ ਵਰਤੀ ਗਈ ਗੱਡੀ ਤੇ ਮੋਟਰਸਾਈਕਲ ਬਰਾਮਦ ਕਰ ਲਿਆ ਗਿਆ ਹੈ।
INDIA ਫਲ ਕਾਰੋਬਾਰੀ ਦੀ ਅਗਵਾ ਕਰਕੇ ਹੱਤਿਆ, ਲਾਸ਼ ਨਹਿਰ ਵਿਚ ਸੁੱਟੀ