ਸ੍ਰੀਨਗਰ (ਸਮਾਜ ਵੀਕਲੀ): ਕਸ਼ਮੀਰ ਵਿੱਚ ਬੀਐੱਸਐੱਫ ਦੇ ਇੰਸਪੈਕਟਰ ਜਨਰਲ (ਆਈਜੀ) ਰਾਜਾ ਬਾਬੂ ਸਿੰਘ ਨੇ ਅੱਜ ਕਿਹਾ ਕਿ ਇਸ ਸਮੇਂ ਲਗਪਗ 135 ਅਤਿਵਾਦੀ ਸਰਹੱਦ ਪਾਰ ਬੈਠੇ ਹਨ ਅਤੇ ਭਾਰਤ ਵਿੱਚ ਘੁਸਪੈਠ ਦੀ ਤਾਕ ਵਿੱਚ ਹਨ। ਹਾਲਾਂਕਿ, ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਐੱਲਓਸੀ ’ਤੇ ਸਥਿਤੀ ਕਾਬੂ ਹੇਠ ਹੈ ਅਤੇ ਸ਼ਾਂਤੀ ਬਣੀ ਹੋਈ। ਉਨ੍ਹਾਂ ਨਾਲ ਹੀ ਕਿਹਾ ਕਿ ਸਾਲ 2021 ਵਿੱਚ ਉਸ ਤੋਂ ਪਿਛਲੇ ਸਾਲ ਦੇ ਮੁਕਾਬਲੇ ਘੁਸਪੈਠ ਦੀਆਂ ਘਟਨਾਵਾਂ ਵਿੱਚ ਕਮੀ ਆਈ ਹੈ। ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬੀਐੱਸਐੱਫ ਅਧਿਕਾਰੀ ਨੇ ਕਿਹਾ, ‘‘ਐੱਲਓਸੀ ’ਤੇ ਸਥਿਤੀ ਸ਼ਾਂਤੀਪੂਰਨ ਬਣੀ ਹੋਈ ਹੈ। ਗੋਲੀਬੰਦੀ ਸਮਝੌਤੇ ’ਤੇ ਦਸਤਖ਼ਤ ਹੋਣ ਮਗਰੋਂ ਕਸ਼ਮੀਰ ਵਿੱਚ ਐੱਲਓਸੀ ਦੇ ਨਾਲ ਨਾਲ ਆਮ ਸ਼ਾਂਤੀ ਬਣੀ ਹੋਈ ਹੈ।’’ ਉਨ੍ਹਾਂ ਕਿਹਾ ਕਿ ਸਾਲ 2021 ਵਿੱਚ ਘੁਸਪੈਠ ਦੀਆਂ 58 ਕੋਸ਼ਿਸ਼ਾਂ ਹੋਈਆਂ, ਜਿਨ੍ਹਾਂ ਵਿੱਚ ਪੰਜ ਅਤਿਵਾਦੀ ਮਾਰੇ ਗਏ, 21 ਵਾਪਸ ਪਰਤ ਗਏ ਅਤੇ ਇੱਕ ਨੇ ਆਤਮ-ਸਮਰਪਣ ਕਰ ਦਿੱਤਾ। ਆਈਜੀ ਨੇ ਕਿਹਾ, ‘‘ਸਾਲ 2021 ਵਿੱਚ 31, 2019 ਵਿੱਚ 130 ਅਤੇ 2020 ਵਿੱਚ 36 ਘੁਸਪੈਠਾਂ ਹੋਈਆਂ।’’
ਬੀਐੱਸਐੱਫ ਨੇ ਪਿਛਲੇ ਸਾਲ ਵੱਖ-ਵੱਖ ਅਪਰੇਸ਼ਨਾਂ ਦੌਰਾਨ ਤਿੰਨ ਏਕੇ-47 ਰਾਈਫਲਾਂ, ਛੇ 9ਐੱਮਐੱਮ ਦੇ ਪਿਸਤੌਲ, 1071 ਗੋਲੀ-ਸਿੱਕਾ, 20 ਹਥਗੋਲੇ, ਦੋ ਬਾਰੂਦੀ ਸੁਰੰਗਾਂ ਅਤੇ 17.3 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੇ ਹਨ। ਆਈਜੀ ਬਾਬੂ ਸਿੰਘ ਨੇ ਕਿਹਾ ਕਿ ਸਰਹੱਦ ਤੋਂ ਪਾਰ ਵੱਖ-ਵੱਖ ਥਾਵਾਂ ’ਤੇ ਇਸ ਸਮੇਂ 104 ਤੋਂ 135 ਅਤਿਵਾਦੀ ਬੈਠੇ ਹਨ ਅਤੇ ਘੁਸਪੈਠ ਦੀ ਤਾਕ ਵਿੱਚ ਹਨ। ਉਨ੍ਹਾਂ ਕਿਹਾ, ‘‘ਅਤਿਵਾਦੀਆਂ ਨੂੰ ਜਾਣਕਾਰੀ ਮੁਹੱਈਆ ਕਰਵਾਉਣ ਵਾਲੇ ਕੁੱਝ ਗਾਈਡ ਇੱਥੋਂ ਸਰਹੱਦ ਦੇ ਦੂਜੇ ਪਾਸੇ ਚਲੇ ਗਏ ਹਨ। ਇਸ ਲਈ ਸਾਨੂੰ ਉਨ੍ਹਾਂ ’ਤੇ ਨਜ਼ਰ ਰੱਖਣ ਦੀ ਲੋੜ ਹੈ ਕਿ ਉਹ ਕਦੋਂ ਪਰਤਦੇ ਹਨ। ਉਨ੍ਹਾਂ ’ਤੇ ਪਰਿਵਾਰਾਂ ’ਤੇ ਵੀ ਨਜ਼ਰ ਰੱਖਣ ਦੀ ਲੋੜ ਹੈ।’’
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly