ਗੁਰਪ੍ਰੀਤ ਸਿੰਘ ਬਿਲਿੰਗ 7508698066
ਗੁਰਪ੍ਰੀਤ ਸਿੰਘ ਬਿਲਿੰਗ
(ਸਮਾਜ ਵੀਕਲੀ) ਅੱਜ ਜਿਸ ਤਰ੍ਹਾਂ ਹਰ ਇਕ ਹੱਥ ‘ਚ ਮੋਬਾਈਲ ਫ਼ੋਨ ਨਜ਼ਰ ਆ ਰਿਹਾ ਹੈ, ਠੀਕ ਉਸੇ ਤਰ੍ਹਾਂ ਇੱਕ ਸਮੇਂ ਹਰ ਘਰ ‘ਚ ਇੱਕ ਰੇਡੀਓ ਸੈਟ ਜ਼ਰੂਰ ਹੁੰਦਾ ਸੀ। ਰੇਡੀਓ ਦੀ ਬਹੁਤੀ ਥਾਂ ਹੁਣ ਡਿਜਿਟਲ ਆਡੀਓ ਵੀਡੀਓ ਨੇ ਲੈ ਲਈ ਹੈ ਅਤੇ ਪਿਛਲੇ ਕੁੱਝ ਸਾਲਾਂ ਵਿੱਚ ਪੌਡਕਾਸਟਾਂ ਦੇ ਜ਼ਰੀਏ ਆਡੀਓ ਸਮੱਗਰੀ ਤੱਕ ਲਗਭਗ ਹਰ ਇਕ ਬੰਦੇ ਦੀ ਪਹੁੰਚ ਵਧੀ ਹੈ। ਰੇਡੀਓ ਦਾ ਇਕ ਅਹਿਮ ਕਿਰਦਾਰ ਦੁਨੀਆ ਨੂੰ ਆਪਸ ‘ਚ ਜੋੜਣ ਦਾ ਹੈ। ਰੇਡੀਓ ਨੇ ਦੁਨੀਆਂ ਭਰ ਦੇ ਲੋਕਾਂ ਨੂੰ ਜਾਣਕਾਰੀ ਦੇਣ ਅਤੇ ਸਿੱਖਿਅਤ ਕਰਨ ‘ਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਅੱਜ ਦੇ ਦੌਰ ਵਿੱਚ ਰੇਡੀਓ ਨੇ ਡਿਜਿਟਲ ਪ੍ਰਸਾਰਣ ਤੱਕ ਦਾ ਸਫ਼ਰ ਤੈਅ ਕਰ ਲਿਆ ਹੈ, ਜਿਵੇਂ DAB+, DRM, ਪਰ ਹੁਣ ਤਾਂ ਰੇਡੀਓ ਮੋਬਾਇਲ ਦੀਆਂ ਵੱਖੋ-ਵੱਖ ਐਪਾਂ ਰਾਹੀ ਦੇਸ਼-ਵਿਦੇਸ਼ ਚ ਬੈਠੇ ਵੀ ਸੁਣਿਆ ਜਾ ਸਕਦਾ ਹੈ। ਭਾਰਤ ਦੇ ਸਰਕਾਰੀ ਅਦਾਰੇ ਪ੍ਰਸਾਰ ਭਾਰਤੀ ਨੇ ਆਕਾਸ਼ਵਾਣੀ ਲਈ ਆਪਣੀ NewsOnAIR ਐਪ ਲਾਂਚ ਕੀਤੀ ਹੋਈ ਹੈ। ਬਾਕੀ ਦੁਨੀਆਂ ਭਰ ਚ ਰੇਡੀਓ ਚੈਨਲ ਸੁਣਨ ਵਾਲਿਆਂ ਵਿਚ VRadio ਐਪ, GardenRadio ਵੈਬਸਾਇਟ ਮਸ਼ਹੂਰ ਹੈ।
ਕੁੱਝ ਕੁ ਚਿਰ ਪਹਿਲਾਂ ਰੇਡੀਓ ਦੀ ਦੁਨੀਆ ‘ਚ ਖਬਰਾਂ ਦੀ ਜਗ੍ਹਾ ਜ਼ਿਆਦਾ ਮਨੋਰੰਜਨ ਨੇ ਥਾਂ ਜ਼ਰੂਰ ਲੈ ਲਈ ਸੀ, ਪਰ ਪਿਛਲੇ ਕੁੱਝ ਸਾਲਾਂ ਵਿੱਚ ਆਡੀਓ ਪੌਡਕਾਸਟਾਂ ਦੇ ਜ਼ਰੀਏ ਕਾਫ਼ੀ ਗੰਭੀਰ ਸਮੱਗਰੀ ਵੀ ਨਜ਼ਰ ਆ ਰਹੀ ਹੈ।
ਜੇ ਗੱਲ ਰੇਡੀਓ ਦੇ ਜਨਮ ਦੀ ਕਰੀਏ, ਤਾਂ ਸਾਇੰਸਦਾਨ ਜੇਮਸ ਕਲਰਕ ਮੈਕਸਵੈੱਲ ਨੇ 1865 ਵਿਚ ਸਿਧਾਂਤਕ ਅਤੇ ਗਣਿਤਿਕ ਰੂਪ ਵਿਚ ਭਵਿੱਖਬਾਣੀ ਕੀਤੀ ਸੀ ਕਿ ਇਲੈਕਟ੍ਰੋ ਮੈਗਨੈਟਿਕ ਰੈਡੀਏਸ਼ਨ (ਤਰੰਗਾਂ) ਬਿਨਾਂ ਤਾਰ ਤੋਂ ਇਕ ਤੋਂ ਦੂਜੇ ਥਾਂ ਤੱਕ ਪਹੁੰਚ ਸਕਦੀ ਹੈ। 1880 ਦੇ ਦੌਰ ਦੌਰਾਨ ਹੀ ਡੇਵਿਡ ਐਡਵਰਡ ਹਿਊਗਸ ਨੇ ਵੀ ਇਸੇ ਵਿਚਾਰ ਤੇ ਪ੍ਰਯੋਗ ਕੀਤੇ ਸਨ, ਪਰ 1887 ਵਿੱਚ ਹੇਨਰੀਕ ਰੂਡੋਲਫ ਹਰਟਜ਼ ਨੇ ਮੈਕਸਵੈੱਲ ਦੀ ਇਲੈਕਟ੍ਰੋ ਮੈਗਨੈਟਿਜ਼ਮ ਰੈਡੀਏਸ਼ਨ ਦੀ ਥਿਊਰੀ ਦੀ ਪੂਰੇ ਪ੍ਰਯੋਗ ਨਾਲ ਪੁਸ਼ਟੀ ਕੀਤੀ। ਕਈ ਸਾਲਾਂ ਤੱਕ ਇਤਾਲਵੀ ਖੋਜੀ ਗੁਗਲਿਲੇਮੋ ਮਾਰਕੋਨੀ ਨੇ ਏਅਰਬੋਰਨ ਹਾਰਟਜ਼ਿਅਨ ਵੇਵਜ਼ (ਰੇਡੀਓ ਪ੍ਰਸਾਰਣ) ਤੇ ਕਈ ਪ੍ਰਯੋਗ ਕੀਤੇ ਅਤੇ ਅਖੀਰ 1896 ਵਿਚ ਕਾਮਯਾਬੀ ਨਾਲ ਬੇਤਾਰ ਟੈਲੀਗ੍ਰਾਫੀ ਸਿਸਟਮ ਬਣਾਇਆ। ਇਸ ਤਰਾਂ ਮਾਰਕੋਨੀ ਰੇਡੀਓ ਪ੍ਰਸਾਰਣ ਦਾ ਪਿਤਾਮਾ ਬਣ ਗਿਆ। ਇਥੇ ਇਹ ਵੀ ਦੱਸਣਯੋਗ ਹੈ ਕਿ ਭਾਰਤੀ ਸਾਇੰਸਦਾਨ ਸਰ ਜਗਦੀਸ਼ ਚੰਦਰ ਬੋਸ ਨੇ ਵੀ ਰੇਡੀਓ ਤਰੰਗਾਂ ਤੇ ਬਹੁਤ ਕੰਮ ਕੀਤਾ ਸੀ।
ਇਸ ਵਕਤ ਦੁਨੀਆ ਚ ਲਗਭਗ 44000 ਤੋਂ ਵੱਧ ਰੇਡੀਓ ਚੈਨਲ ਹਨ, ਜੋ ਦੁਨੀਆਂ ਦੀ 70% ਆਬਾਦੀ ਨੂੰ ਕਵਰ ਕਰ ਰਹੇ ਹਨ। ਦੁਨੀਆ ਦਾ ਸਭ ਪਹਿਲਾ ਰੇਡੀਓ ਸ਼ਟੇਸ਼ਨ KDKA (ਪ੍ਰਾਇਵੇਟ) 2 ਨਵੰਬਰ1920 ਵਿੱਚ ਅਮਰੀਕਾ ਦੇ ਸ਼ਹਿਰ ਪਿਟਸਬਰਗ ਵਿੱਚ ਸ਼ੁਰੂ ਹੋਇਆ ਸੀ। ਕਿਸੇ ਵੇਲੇ ਦੁਨੀਆਂ ਚ ਕਲੰਬਸ, ਓਹਾਇਓ (US) ਸਥਿਤ WLW 700KHz AM (500 KW Power) ਪ੍ਰਾਇਵੇਟ ਰੇਡੀਓ ਚੈਨਲ ਐਨਾ ਸ਼ਕਤੀਸ਼ਾਲੀ ਸੀ, ਜੋ ਰਾਤ ਦੇ ਸਮੇਂ ਅੱਧੀ ਦੁਨੀਆਂ ਨੂੰ ਕਵਰ ਕਰਨ ਦੇ ਯੋਗ ਸੀ। ਅੱਜ ਤਾਂ ਹਰ ਰੇਡੀਓ ਚੈਨਲ ਐਪ ਰਾਹੀਂ ਸਾਰੀ ਦੁਨੀਆਂ ਕਵਰ ਕਰ ਰਿਹਾ ਹੈ।
ਜੇ ਭਾਰਤ ਦੀ ਬਾਤ ਪਾਈਏ ਤਾਂ ਇਥੇ ਸਭ ਤੋਂ ਪਹਿਲਾਂ ਨਵੰਬਰ 1923 ਚ ਦੋ ਪ੍ਰਾਈਵੇਟ ਕੰਪਨੀਆਂ ਬੰਬਈ ਰੇਡੀਓ ਕਲੱਬ ਅਤੇ ਕਲਕੱਤਾ ਰੇਡੀਓ ਕਲੱਬ ਵੱਲੋਂ ਬੰਬਈ ਅਤੇ ਕਲਕੱਤਾ ਵਿੱਚ ਰੇਡੀਓ ਪ੍ਰਸਾਰਣ ਕੀਤਾ ਗਿਆ, ਜਦੋਂ ਕਿ 23 ਜੁਲਾਈ 1927 ਤੋਂ ਇੰਡੀਅਨ ਬ੍ਰੌਡਕਾਸਟਿੰਗ ਕੰਪਨੀ (IBC) ਵਲੋਂ ਮੀਡੀਮਵੇਵ ਪ੍ਰਸਾਰਣ ਸ਼ੁਰੂ ਹੋਇਆ। ਜਿਸ ਨੂੰ 8 ਜੂਨ 1936 ਵਿਚ ਆਲ ਇੰਡੀਆ ਰੇਡੀਓ (AIR) ਦਾ ਨਾਂ ਦਿੱਤਾ ਗਿਆ। ਆਜ਼ਾਦੀ ਤੋਂ ਬਾਅਦ ਫਿਰ ਇਸ ਨੂੰ ਆਕਾਸ਼ਵਾਣੀ ਦਾ ਨਾਮ ਦਿੱਤਾ ਗਿਆ। 1947 ਦੀ ਭਾਰਤ-ਪਾਕਿ ਵੰਡ ਵੇਲੇ 9 ਰੇਡੀਓ ਸਟੇਸ਼ਨ ਸਨ, ਜਿਨ੍ਹਾਂ ਵਿੱਚੋਂ 3 ਪਾਕਿਸਤਾਨ ਵਿੱਚ ਅਤੇ 6 ਭਾਰਤ ਵਿੱਚ ਰਹਿ ਗਏ ਸਨ। ਭਾਰਤ ਵਿੱਚ 3 ਅਕਤੂਬਰ 1957 ਨੂੰ ਮਨੋਰੰਜਨ ਚੈਨਲ ਵਿਵਧ ਭਾਰਤੀ ਸੇਵਾ ਅਤੇ 23 ਜੁਲਾਈ 1977 ਨੂੰ ਐੱਫ ਐੱਮ ਬੈਂਡ ਰੇਡੀਓ ਚੈਨਲ ਦੀ ਸ਼ੁਰੂਆਤ ਹੋਈ ਸੀ।
ਹੁਣ ਗੱਲ ਕਰਦੇ ਹਾਂ 13 ਫ਼ਰਵਰੀ ਵਾਲੇ ਕੌਮਾਂਤਰੀ ਰੇਡੀਓ ਦਿਹਾੜੇ ਦੇ ਇਤਿਹਾਸ ਦੀ। 20ਵੀਂ ਸਦੀ ਦੌਰਾਨ 13 ਫ਼ਰਵਰੀ ਉਹ ਤਾਰੀਖ਼ ਸੀ, ਜਦੋਂ 1946 ਨੂੰ ਸੰਯੁਕਤ ਰਾਸ਼ਟਰ (UN) ਦਾ ਰੇਡੀਓ ਪ੍ਰਸਾਰਣ ਸ਼ੁਰੂ ਹੋਇਆ ਸੀ। ਇਸ ਦਿਨ ਲੋਕਲ ਰੇਡੀਓ (MW) ਅਤੇ ਅੰਤਰਰਾਸ਼ਟਰੀ ਪ੍ਰਸਾਰਣ ਸੇਵਾ (SW) ਦੀ ਸਥਾਪਨਾ ਕੀਤੀ ਗਈ ਸੀ। 21ਵੀਂ ਸਦੀ ਚ ਸਪੇਨ ਰੇਡੀਓ ਅਕੈਡਮੀ ਨੇ ਪਹਿਲੀ ਵਾਰ 2010 ‘ਚ ਰੇਡੀਓ ਦਿਹਾੜੇ ਦਾ ਪ੍ਰਸਤਾਵ ਪੇਸ਼ ਕੀਤਾ ਸੀ। 2011 ‘ਚ ਯੂਨੈਸਕੋ ਦੀ ਜਨਰਲ ਅਸੈਂਬਲੀ ਦੇ 36ਵੇਂ ਸੈਸ਼ਨ ‘ਚ 13 ਫ਼ਰਵਰੀ ਨੂੰ ਕੌਮਾਂਤਰੀ ਰੇਡੀਓ ਦਿਵਸ ਵਜੋਂ ਘੋਸ਼ਿਤ ਕੀਤਾ ਗਿਆ ਅਤੇ ਪਹਿਲਾ ਰੇਡੀਓ ਦਿਹਾੜਾ ਰਸਮੀ ਤੌਰ ‘ਤੇ ਸੰਯੁਕਤ ਰਾਸ਼ਟਰ ਵਲੋਂ 2012 ‘ਚ ਮਨਾਇਆ ਗਿਆ ਸੀ।
ਇਸ ਸਾਲ 2025 ਵਿਚ ਰੇਡੀਓ ਦਿਹਾੜੇ ਮੌਕੇ ਦਾ ਥੀਮ ਹੈ “Radio and Climate Change” ਯਾਨੀ ਕਿ ਰੇਡੀਓ ਅਤੇ ਮੌਸਮੀ ਤਬਦੀਲੀਆਂ। ਰੇਡੀਓ ਦੀ ਸ਼ਕਤੀ ਲੋਕਾਂ ਨੂੰ ਮੌਸਮੀ ਤਬਦੀਲੀਆਂ ਪ੍ਰਤੀ ਜਾਗਰੂਕ ਕਰਕੇ ਇਸ ਚੁਣੌਤੀ ਤੇ ਕੰਮ ਕਰਨ ਲਈ ਪ੍ਰੇਰਿਤ ਕਰ ਸਕਦੀ ਹੈ। ਰੇਡੀਓ ਮੌਸਮ ਤਬਦੀਲੀ ਉੱਤੇ ਪੱਕੀਆਂ (ਟਿਕਾਊ) ਕੋਸ਼ਿਸ਼ਾਂ ਕਰਨ ਤੇ ਮਹੱਤਵਪੂਰਨ ਜਾਣਕਾਰੀ ਸਾਂਝੀ ਕਰਨ ਲਈ ਇੱਕ ਉੱਤਮ ਪਲੇਟਫਾਰਮ ਹੈ। ਇਸ ਮੁੱਦੇ ਸਬੰਧੀ ਵੱਖੋ-ਵੱਖ ਦ੍ਰਿਸ਼ਟੀਕੋਣਾਂ ਅਤੇ ਜ਼ਮੀਨ ਪੱਧਰ ਤੇ ਹੋ ਰਹੀਆਂ ਕੋਸ਼ਿਸ਼ਾਂ ਦੀ ਜਾਣਕਾਰੀ ਦੇ ਕੇ ਇਸ ਵਿਸ਼ੇ ਤੇ ਉਤਸ਼ਾਹਿਤ ਕਰ ਸਕਦਾ ਹੈ।
ਰੇਡੀਓ ਸਰੋਤਾ ਅਸ਼ੋਕ ਕੁਮਾਰ, ਬਿਜੇਂਦਰ ਜੈਜਾਨ, ਰਵੀ ਕੁਮਾਰ ਰਾਹੁਲ, ਗਿਆਨ ਭੂਸ਼ਨ ਸ਼ਰਮਾ, ਸਤੀਸ਼ ਮਿਗਲਾਨੀ, ਗੁਰਪ੍ਰੀਤ ਸਿੰਘ ਬਿਲਿੰਗ, ਮੁਕੇਸ਼ ਬੱਤਾ ਦਾ ਮੰਨਣਾ ਹੈ ਕਿ ਰੇਡੀਓ ਇੱਕ ਅਜਿਹਾ ਦੋਸਤ ਹੈ ਜੋ ਸਾਨੂੰ ਵਿਭਿਨਤਾਵਾਂ ਚ ਰਹਿੰਦਿਆਂ ਸਟੀਕ ਜਾਣਕਾਰੀ, ਮਨੋਰੰਜਨ, ਸਿੱਖਿਆ ਦਿੰਦਾ ਹੈ ਅਤੇ ਅਪਣੱਤ ਦਾ ਅਹਿਸਾਸ ਕਰਵਾਉਂਦਾ ਹੋਇਆ ਹਰ ਰੋਜ਼ ਸਾਡੀ ਸੰਗਤ ਕਰਦਾ ਹੈ ਅਤੇ ਸਭ ਨੂੰ ਆਪਸ ‘ਚ ਜੁੜਨ ਦਾ ਮੌਕਾ ਵੀ ਦਿੰਦਾ ਹੈ।
ਹੁਣ ਵੀ ਰੇਡੀਓ ਦੀ ਪ੍ਰਸਿੱਧੀ ਲਗਾਤਾਰ ਵੱਧ ਰਹੀ ਹੈ। ਰੇਡੀਓ Free ਚ ਆਮ ਚਰਚਾਵਾਂ, ਗੀਤਾਂ, ਨਾਟਕਾਂ, ਕਹਾਣੀਆਂ, ਮੁਸ਼ਾਇਰੇ, ਕਵੀ ਦਰਬਾਰ ਆਦਿ ਮਨੋਰੰਜਕ ਪ੍ਰੋਗਰਾਮਾਂ ਦੇ ਨਾਲ-ਨਾਲ ਦੁਨੀਆਂ ਭਰ ਦੀਆਂ ਖ਼ਬਰਾਂ ਜਾਣਨ ਦਾ ਇਕ ਖੁੱਲ੍ਹਾ ਤੇ ਅਨੰਤ ਰਸਤਾ ਹੈ। ਇਸ ਦੇ ਨਾਲ ਹੀ ਬਹੁਤ ਸਾਰੇ ਚੈਨਲ ਸਰਕਾਰੀ ਭਲਾਈ ਸਕੀਮਾਂ, ਜਨਤਕ ਮੁਹਿੰਮਾਂ, ਪਿੰਡ ਤੇ ਸ਼ਹਿਰ ਦੀ ਸਫਾਈ ਕਰਨ ਸਬੰਧੀ ਜਾਗਰੂਕ ਕਰਨ, ਟ੍ਰੈਫਿਕ ਕਾਨੂੰਨਾਂ ਦੀ ਜਾਣਕਾਰੀ ਦੇਣ ਵਰਗੀਆਂ ਵਿਸ਼ੇਸ਼ ਮੁਹਿੰਮਾਂ ਚਲਾਉਂਦੇ ਰਹਿੰਦੇ ਹਨ। ਜਿਸ ਕਾਰਨ ਦੇਸ਼ ਦੇ ਲੋਕ ਜਾਗਰੂਕ ਹੋ ਰਹੇ ਹਨ। ਕੁੱਲ ਮਿਲਾਕੇ ਰੇਡੀਓ ਦਾ ਮਤਲਬ ਹੈ ਜਾਣਕਾਰੀ, ਸੰਚਾਰ, ਸਿੱਖਿਆ ਅਤੇ ਮਨੋਰੰਜਨ ਦਾ ਭੰਡਾਰ।