13 ਵਿਧਾਇਕਾਂ ਵੱਲੋਂ ਅਸਤੀਫ਼ੇ

ਕਰਨਾਟਕ ਸਰਕਾਰ ਸੰਕਟ ’ਚ
ਕਾਂਗਰਸ ਨੇ ਭਾਜਪਾ ’ਤੇ ਲਾਇਆ ਗੱਠਜੋੜ ਸਰਕਾਰ ਡੇਗਣ ਦੀ ਕੋਸ਼ਿਸ਼ ਦਾ ਦੋਸ਼
ਕਰਨਾਟਕ ਦੀ ਜੇਡੀ(ਐੱਸ)-ਕਾਂਗਰਸ ਗੱਠਜੋੜ ਸਰਕਾਰ ਦੇ 13 ਵਿਧਾਇਕਾਂ ਨੇ ਵਿਧਾਨ ਸਭਾ ਸਪੀਕਰ ਨੂੰ ਅਸਤੀਫ਼ੇ ਸੌਂਪ ਕੇ ਸਰਕਾਰ ਦੀ ਹੋਂਦ ਨੂੰ ਖ਼ਤਰਾ ਖੜ੍ਹਾ ਕਰ ਦਿੱਤਾ ਹੈ। ਜੇ ਅਸਤੀਫ਼ੇ ਸਵੀਕਾਰ ਕਰ ਲਏ ਜਾਂਦੇ ਹਨ ਤਾਂ ਪਹਿਲਾਂ ਤੋਂ ਹੀ ਟੁੱਟ-ਭੱਜ ਦਾ ਸ਼ਿਕਾਰ ਗੱਠਜੋੜ 224 ਮੈਂਬਰੀ ਵਿਧਾਨ ਸਭਾ ਵਿਚ ਬਹੁਮਤ ਗੁਆ ਦੇਵੇਗਾ ਤੇ ਇਸ ਦੀ ਗਿਣਤੀ 104 ਮੈਂਬਰਾਂ ਤੱਕ ਸਿਮਟ ਜਾਵੇਗੀ। ਇਸੇ ਦੌਰਾਨ ਕਾਂਗਰਸ ਨੇ ਭਾਜਪਾ ’ਤੇ ਸੂਬਾ ਸਰਕਾਰ ਨੂੰ ਡੇਗਣ ਦੇ ਯਤਨ ਕਰਨ ਦਾ ਦੋਸ਼ ਲਾਿੲਆ ਹੈ। ਲੋਕ ਸਭਾ ਚੋਣਾਂ ’ਚ ਭਾਜਪਾ ਵੱਲੋਂ ਸੂਬੇ ’ਚ ਸ਼ਾਨਦਾਰ ਕਾਰਗੁਜ਼ਾਰੀ ਦਿਖਾਉਣ ਤੋਂ ਬਾਅਦ ਤੋਂ ਹੀ ਰਾਜ ਸਰਕਾਰ ਲਈ ਸਥਿਤੀ ਸੰਕਟ ਵਾਲੀ ਬਣੀ ਹੋਈ ਹੈ। ਕਾਂਗਰਸ ਤੇ ਜੇਡੀ(ਐੱਸ) ਵਿਧਾਇਕ ਅੱਜ ਅਸਤੀਫ਼ੇ ਲੈ ਕੇ ਸਪੀਕਰ ਦਫ਼ਤਰ ਪੁੱਜ ਗਏ ਤੇ ਬਾਅਦ ਵਿਚ ਰਾਜਪਾਲ ਵਾਜੂਭਾਈ ਵਲਾ ਨੂੰ ਵੀ ਮਿਲੇ। ਰਾਜਪਾਲ ਨੂੰ ਮਿਲਣ ਤੋਂ ਬਾਅਦ ਜੇਡੀ(ਐੱਸ) ਵਿਧਾਇਕ ਏ.ਐੱਚ. ਵਿਸ਼ਵਨਾਥ ਨੇ ਕਿਹਾ ਕਿ 13 ਵਿਧਾਇਕਾਂ ਨੇ ਸਪੀਕਰ ਨੂੰ ਅਸਤੀਫ਼ੇ ਸੌਂਪ ਦਿੱਤੇ ਹਨ। ਵਿਸ਼ਵਨਾਥ ਨੇ ਕਿਹਾ ਕਿ ਮੁੱਖ ਮੰਤਰੀ ਐਚ.ਡੀ. ਕੁਮਾਰਸਵਾਮੀ ਦੀ ਅਗਵਾਈ ਵਾਲੀ ਸਰਕਾਰ ਆਪਣਾ ਫ਼ਰਜ਼ ਅਦਾ ਕਰਨ ਵਿਚ ਨਾਕਾਮ ਰਹੀ ਹੈ। ਉਨ੍ਹਾਂ ਇਸ ਗੱਲ ਤੋਂ ਇਨਕਾਰ ਕੀਤਾ ਕਿ ਇਸ ਬਾਗ਼ੀ ਰੁਖ਼ ਪਿੱਛੇ ਭਾਜਪਾ ਦਾ ਹੱਥ ਹੈ। ਵਿਧਾਇਕ ਨੇ ਕਿਹਾ ਕਿ ਸਰਕਾਰ ਸਾਰੇ ਵਿਧਾਇਕਾਂ ਨੂੰ ਨਾਲ ਲੈ ਕੇ ਚੱਲਣ ਵਿਚ ਅਸਫ਼ਲ ਹੋਈ ਹੈ ਤੇ ਲੋਕਾਂ ਦੀਆਂ ਆਸਾਂ ਉੱਤੇ ਵੀ ਖ਼ਰੀ ਨਹੀਂ ਉਤਰ ਸਕੀ। ਆਖ਼ਰੀ ਹੰਭਲੇ ਵਜੋਂ ਕਾਂਗਰਸ ਦੇ ‘ਸੰਕਟ ਮੋਚਕ’ ਤੇ ਮੰਤਰੀ ਡੀ.ਕੇ ਸ਼ਿਵਕੁਮਾਰ ਨੇ ਵਿਧਾਇਕਾਂ ਨਾਲ ਗੱਲਬਾਤ ਕਰ ਕੇ ਉਨ੍ਹਾਂ ਨੂੰ ਸਹਿਮਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਸ਼ਿਵਕੁਮਾਰ ਨੇ ਰਾਮਲਿੰਗਾ ਰੈੱਡੀ ਸਣੇ ਚਾਰ ਕਾਂਗਰਸੀ ਵਿਧਾਇਕਾਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਹੈ ਪਰ ਉਹ ਸਫ਼ਲ ਨਹੀਂ ਹੋ ਸਕੇ। ਰੈੱਡੀ ਗੱਠਜੋੜ ਸਰਕਾਰ ਤੋਂ ਸ਼ੁਰੂ ਤੋਂ ਹੀ ਨਾਖ਼ੁਸ਼ ਹਨ। ਸਿੱਧਾਰਮਈਆ ਨੇ ਦੱਸਿਆ ਕਿ ਕਾਂਗਰਸ ਦੇ ਕੌਮੀ ਜਨਰਲ ਸਕੱਤਰ ਵੇਣੂਗੋਪਾਲ ਆਗੂਆਂ ਨਾਲ ਗੱਲਬਾਤ ਕਰਨ ਲਈ ਆ ਰਹੇ ਹਨ।ਉਨ੍ਹਾਂ ਕਿਹਾ ਕਿ ਅਸਤੀਫ਼ੇ ਅਜੇ ਪ੍ਰਵਾਨ ਨਹੀਂ ਕੀਤੇ ਗਏ ਤੇ ਕੋਈ ਵੀ ਕਿਆਸ ਲਾਉਣਾ ਵਾਜਬ ਨਹੀਂ ਹੈ। ਸਿੱਧਾਰਮਈਆ ਜੋ ਕਿ ਕਾਂਗਰਸੀ ਵਿਧਾਇਕ ਦਲ ਦੇ ਆਗੂ ਵੀ ਹਨ, ਨੇ ਕਿਹਾ ਕਿ ਉਹ ਵਿਧਾਇਕਾਂ ਨਾਲ ਗੱਲਬਾਤ ਕਰਨਗੇ। ਉਨ੍ਹਾਂ ਨਾਲ ਸੰਪਰਕ ਕਰਨ ਤੇ ਸੰਕਟ ਦਾ ਹੱਲ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅਸਤੀਫ਼ਾ ਦੇਣ ਵਾਲੇ ਵਿਧਾਇਕਾਂ ਸਣੇ ਵਿਧਾਨ ਸਭਾ ਵਿਚ ਜੇਡੀ(ਐੱਸ)-ਕਾਂਗਰਸ ਗੱਠਜੋੜ ਦੇ ਮੈਂਬਰਾਂ ਦੀ ਗਿਣਤੀ 118 ਹੈ (ਕਾਂਗਰਸ-78, ਜੇਡੀ (ਐੱਸ)-37, ਬਸਪਾ-1, ਆਜ਼ਾਦ-ਦੋ)। ਭਾਜਪਾ ਦੇ ਮੈਂਬਰਾਂ ਦੀ ਗਿਣਤੀ 105 ਹੈ। ਬਹੁਮਤ ਹਾਸਲ ਕਰਨ ਲਈ 113 ਵਿਧਾਇਕਾਂ ਦੇ ਸਮਰਥਨ ਦੀ ਲੋੜ ਹੈ।

Previous articleਸੰਧੂ ਡਾਂਸ ਅਕੈਡਮੀ ਮਹਿਤਪੁਰ ਦੇ ਬੱਚਿਆਂ ਨੇ ਭੰਗੜੇ ਮੁਕਾਬਲੇ ਚ ਮਾਰੀਆ ਮੱਲਾ
Next article‘ਜੈ ਸ੍ਰੀ ਰਾਮ’ ਦੇ ਨਾਅਰੇ ਬੰਗਾਲੀ ਸੱਭਿਆਚਾਰ ਦਾ ਹਿੱਸਾ ਨਹੀਂ: ਅਮਰਤਿਆ ਸੇਨ