ਬਲਾਚੌਰ, (ਸਮਾਜ ਵੀਕਲੀ) (ਜਤਿੰਦਰ ਪਾਲ ਸਿੰਘ ਕਲੇਰ )ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ ਬਾਰ੍ਹਵੀਂ ਜਮਾਤ ਦੇ ਨਤੀਜਿਆਂ ਵਿੱਚ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਸਬ-ਡਿਵੀਜ਼ਨ ਬਲਾਚੌਰ ਦੇ ‘ਸਕੂਲ ਆਫ਼ ਐਮੀਨੈਂਸ’ ਮਹਿੰਦੀਪੁਰ ਦੀ ਹੋਣਹਾਰ ਵਿਦਿਆਰਥਣ ਹਰਸਿਮਰਨ ਕੌਰ ਨੇ ਸ਼ਾਨਦਾਰ ਮੱਲਾਂ ਮਾਰੀਆਂ ਹਨ। ਹਰਸਿਮਰਨ ਕੌਰ ਨੇ ਕੁੱਲ 500 ਅੰਕਾਂ ਵਿੱਚੋਂ 491 ਅੰਕ ਪ੍ਰਾਪਤ ਕਰਕੇ ਜਿੱਥੇ ਪੰਜਾਬ ਭਰ ਦੀ ਮੈਰਿਟ ਸੂਚੀ ਵਿੱਚ ਦਸਵਾਂ ਸਥਾਨ ਹਾਸਲ ਕੀਤਾ ਹੈ, ਉੱਥੇ ਹੀ ਜ਼ਿਲ੍ਹੇ ਭਰ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕਰਕੇ ਆਪਣੇ ਮਾਪਿਆਂ, ਪਿੰਡ ਅਤੇ ਪੂਰੇ ਇਲਾਕੇ ਦਾ ਨਾਂ ਰੋਸ਼ਨ ਕੀਤਾ ਹੈ।ਇਸ ਇਤਿਹਾਸਕ ਪ੍ਰਾਪਤੀ ਦੀ ਖ਼ੁਸ਼ੀ ਵਿੱਚ ਅੱਜ ਪਿੰਡ ਲੋਹਟ ਵਿਖੇ ਇੱਕ ਵਿਸ਼ੇਸ਼ ਸਨਮਾਨ ਸਮਾਰੋਹ ਉਲੀਕਿਆ ਗਿਆ, ਜਿਸ ਵਿੱਚ ਹੋਣਹਾਰ ਵਿਦਿਆਰਥਣ ਹਰਸਿਮਰਨ ਕੌਰ ਅਤੇ ਉਸ ਦੇ ਪਰਿਵਾਰ ਨੂੰ ਉਚੇਚੇ ਤੌਰ ‘ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਪੁੱਜੇ ਕਰਨ ਵੀਰ ਕਟਾਰੀਆ ਅਤੇ ਡਾ. ਭੁਪਿੰਦਰ ਸਿੰਘ ਸੂਰੀ ਨੇ ਵਿਦਿਆਰਥਣ ਨੂੰ ਆਸ਼ੀਰਵਾਦ ਦਿੱਤਾ ਅਤੇ ਭਵਿੱਖ ਵਿੱਚ ਹੋਰ ਅੱਗੇ ਵਧਣ ਲਈ ਪ੍ਰੇਰਿਤ ਕੀਤਾ।
ਇਸ ਸਨਮਾਨ ਸਮਾਰੋਹ ਦੌਰਾਨ ਪਿੰਡ ਦੀ ਸਰਪੰਚ ਅਤੇ ਪੰਚਾਇਤ ਮੈਂਬਰਾਂ ਵੱਲੋਂ ਹਰਸਿਮਰਨ ਦੀ ਇਸ ਪ੍ਰਾਪਤੀ ਨੂੰ ਪੂਰੇ ਇਲਾਕੇ ਲਈ ਮਾਣ ਵਾਲੀ ਗੱਲ ਦੱਸਿਆ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਧਾਨ ਜਸਵਿੰਦਰ ਸਿੰਘ, ਮਨਮੋਹਨ ਸਿੰਘ, ਸਤਨਾਮ ਸਿੰਘ, ਹਰਮੇਸ਼ ਲਾਲ, ਬਲਜੀਤ ਸਿੰਘ, ਮਹਿੰਦਰ ਸਿੰਘ, ਅਮਨ ਸਹਿਜਪਾਲ, ਸੰਦੀਪ ਸਿੰਘ ਅਤੇ ਪੰਚਾਇਤ ਮੈਂਬਰ ਭੁਪਿੰਦਰ ਸਿੰਘ, ਗੁਰਮੁਖ ਸਿੰਘ, ਜਗਤਾਰ ਸਿੰਘ, ਜਸਬੀਰ ਸਿੰਘ, ਸਤਵਿੰਦਰ ਕੌਰ ਅਤੇ ਆਸ਼ਾ ਰਾਣੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ। ਸਮੂਹ ਹਾਜ਼ਰੀਨ ਨੇ ਬੱਚੀ ਦੇ ਸੁਨਹਿਰੀ ਭਵਿੱਖ ਦੀ ਕਾਮਨਾ ਕੀਤੀ ਅਤੇ ਮਾਪਿਆਂ ਨੂੰ ਮੁਬਾਰਕਬਾਦ ਦਿੱਤੀ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



