10 ਸਾਲ ਪਹਿਲਾਂ ਅੱਜ 25 ਮਈ ਨੂੰ ਮਾਤਾ ਜੀ ਨਾਲ ਸਾਡੀ ਆਖਰੀ ਰਾਤ

ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) (ਸਮਾਜ ਵੀਕਲੀ): ਦਿਨ, ਮਹੀਨੇ, ਸਾਲ ਆਉਂਦੇ ਰਹਿੰਦੇ ਹਨ, ਜਾਂਦੇ ਰਹਿੰਦੇ ਹਨ। ਪਰ ਜਿਹੜੇ ਵਿਛੜ ਗਏ, ਉਹਨਾਂ ਨੇ ਮੁੜ ਕੇ ਨਹੀਂ ਆਉਣਾ। ਸਿਰਫ ਉਹਨਾਂ ਦੀਆਂ ਯਾਦਾਂ ਹੀ ਬਾਕੀ ਰਹਿ ਜਾਂਦੀਆ ਹਨ, ਉਹਨਾਂ ਨੂੰ ਯਾਦ ਕਰਕੇ ਹੀ ਸਮਾਂ ਲੰਘਾਉਣਾ ਪੈਂਦਾ ਹੈ। ਕੋਈ ਵੀ ਏਸੀ ਘੜੀ, ਪਲ ਨਹੀਂ ਹੁੰਦਾ ਜਦੋਂ ਆਪਣਿਆ ਦੀ ਯਾਦ ਨਾ ਆਵੇ। ਮੇਰੇ ਮਾਤਾ ਜੀ ਸਵਰਗਵਾਸੀ ਸ੍ਰੀਮਤੀ ਦਰਸ਼ਨਾ ਦੇਵੀ ਨੂੰ ਅੱਜ ਸਾਡੇ ਕੋਲੋਂ ਦੂਰ ਗਏ 10 ਸਾਲ ਹੋ ਗਏ। ਅੱਜ ਦੇ ਦਿਨ ਭਾਵ 25 ਮਈ 2013 ਸ਼ਨੀਵਾਰ ਨੂੰ ਉਹ ਠੀਕ ਮਹਿਸੂਸ ਨਹੀਂ ਕਰ ਰਹੇ ਸੀ। ਜਿਸ ਕਰਕੇ ਉਹਨਾਂ ਦਾ ਚੈਕਅੱਪ ਕਰਵਾਉਣ ਲਈ ਮੇਰੇ ਪਿਤਾ ਜੀ ਅਤੇ ਰੀਤੂ ਉਹਨਾਂ ਨੂੰ ਸੰਗਰੂਰ ਸਥਿਤ ਡਾਕਟਰ ਕੇ. ਜੀ. ਸਿੰਗਲਾ ਕੋਲ ਲੈ ਗਏ।

ਜਿੱਥੇ ਡਾਕਟਰ ਸਾਹਿਬ ਨੇ ਸਾਰੇ ਟੈਸਟ ਵਗੈਰਾ ਕਰਵਾ ਕੇ ਦਵਾਈ ਦੇ ਕੇ ਵਾਪਸ ਘਰ ਭੇਜ ਦਿੱਤਾ ਅਤੇ ਡਾਕਟਰ ਸਾਹਿਬ ਮੁਤਾਬਿਕ ਕੋਈ ਸੀਰੀਅਸ ਬਿਮਾਰੀ ਨਹੀਂ ਸੀ। ਮਾਤਾ ਜੀ ਠੀਕ ਤਾਂ ਸੀ ਪ੍ਰੰਤੂ ਪੂਰੀ ਤਰਾਂ ਤੰਦਰੁਸਤ ਨਹੀਂ ਸੀ। ਦੁਪਹਿਰ ਦੇ ਸਮੇਂ ਉਹਨਾਂ ਨੇ ਮੇਰੇ ਪਿੰਡ ਤੂਰਬੰਜਾਰਾ ਰਹਿੰਦੀ ਮੇਰੀ ਤਾਈ ਜੀ ਨੂੰ ਮਿਲਣ ਦੀ ਇੱਛਾ ਜਤਾਈ ਤਾਂ ਮੇਰੀ ਪਤਨੀ ਰੀਤੂ ਬਾਂਸਲ ਨੇ ਪਿੰਡ ਫੋਨ ਕਰਕੇ ਤਾਈ ਜੀ ਨੂੰ ਬੁਲਾ ਦਿੱਤਾ। ਤਾਈ ਜੀ ਆਏ ਤਾਂ ਮਾਤਾ ਬਹੁਤ ਖੁਸ਼ ਸੀ। ਉਹਨਾਂ ਸਾਰਿਆ ਨੇ ਖੂਬ ਹੱਸ ਹੱਸ ਕੇ ਗੱਲਾ ਬਾਤਾ ਕੀਤੀਆ। ਸਾਨੂੰ ਜਾਂ ਉਹਨਾਂ ਨੂੰ ਕੀ ਪਤਾ ਸੀ ਕਿ ਇਹ ਹਾਸੇ ਖੁਸ਼ੀਆ ਸਿਰਫ ਅੱਜ ਦੇ ਦਿਨ ਦੀਆਂ ਹੀ ਹਨ। ਮੈਂ ਖੁਦ ਵੀ ਉਸ ਦਿਨ ਘਰ ਹੀ ਰਿਹਾ। ਮੇਰਾ ਮਿੱਤਰ ਸੁਨੀਲ ਗੁਪਤਾ ਵੀ ਦਿੱਲੀ ਤੋਂ ਮਿਲਣ ਲਈ ਆਇਆ ਹੋਇਆ ਸੀ।

ਸ਼ਾਮ ਦੇ ਸਮੇਂ ਰਾਤ ਦੇ ਖਾਣੇ ਤੋਂ ਬਾਅਦ ਮਾਤਾ ਜੀ ਫਿਰ ਤਕਲੀਫ ਮੰਨ ਰਹੇ ਸੀ ਤਾਂ ਮੇਰੇ ਛੋਟੇ ਭਰਾ ਨਵੀਨ ਦੀ ਪਤਨੀ ਸੁਮਨ ਨੇ ਕਿਹਾ ਕਿ ਜੁਗਰਾਜ ਵੀਰ ਜੀ ਨੂੰ ਬੁਲਾ ਦਿਉ। ਫੋਨ ਕਰਨ ਸਾਰ ਉਹ ਉਸੀ ਸਮੇਂ ਆ ਗਏ ਅਤੇ ਉਹਨਾਂ ਚੈਕਅੱਪ ਕਰਕੇ ਦਵਾਈ ਦੇ ਦਿੱਤੀ। ਡਾ. ਜੁਗਰਾਜ ਸਾਡਾ ਗੁਆਂਢੀ ਹੋਣ ਦੇ ਨਾਲ ਨਾਲ ਸਾਡੇ ਪਰਿਵਾਰ ਦਾ ਮੈਂਬਰ ਵੀ ਹੈ। ਇਸੇ ਕਰਕੇ ਮਾਤਾ ਉਸ ਨਾਲ ਗੱਲਾ ਬਾਤਾਂ ਕਰਕੇ ਵੀ ਠੀਕ ਹੋਂ ਜਾਂਦੀ ਸੀ। ਉਸ ਰਾਤ ਅਸੀਂ ਸਾਰੇ ਪਰਿਵਾਰ ਦੇ ਮੈਂਬਰ ਮੰਮੀ ਕੋਲ ਬੈਠੇ ਰਹੇ। ਕਿਸੇ ਨੂੰ ਵੀ ਇਸ ਗੱਲ ਦਾ ਇਲਮ ਨਹੀਂ ਸੀ ਕਿ ਮਾਤਾ ਇਸ ਬੈਡ ਤੇ ਸਿਰਫ ਅੱਜ ਦੀ ਰਾਤ ਹੀ ਸੌਂ ਸਕੇਗੀ। ਨਾ ਹੀ ਸਾਡੇ ਬੱਚਿਆ ਨੂੰ ਪਤਾ ਸੀ ਕਿ ਉਹਨਾਂ ਦੀ ਦਾਦੀ ਤਾਂ ਉਡਾਰੀ ਮਾਰਨ ਦੀ ਤਿਆਰੀ ਕਰ ਰਹੀ ਹੈ। ਕਾਸ਼! ਉਹ ਰਾਤ ਦੁਬਾਰਾ ਮਿਲ ਜਾਵੇ। ਮੰਮੀ….. ਆ ਜੋ….!!!

ਅਗਲੇ ਦਿਨ ਸਵੇਰੇ ਮੈਂ ਮਾਤਾ ਜੀ ਕੋਲ ਬੈਡ ਤੇ ਬੈਠਾ ਸੀ ਤਾਂ ਮੈਨੂੰ ਮਾਤਾ ਕੁਝ ਠੀਕ ਨਹੀਂ ਲੱਗ ਰਹੀ ਸੀ। ਮੈਂ ਪੁੱਛਿਆ ਕਿ ਮੰਮੀ ਕਿਵੇਂ ਹੋ! ਤਾਂ ਉਸ ਨੇ ਕੋਈ ਸਾਰਥਿਕ ਉੱਤਰ ਨਾ ਦਿੱਤਾ। ਮੈਂ ਇਧਰ-ਉਧਰ ਫੋਨ ਕਰਨ ਤੋਂ ਬਾਅਦ ਪਟਿਆਲਾ ਸਥਿਤ ਕੋਲੰਬੀਆ ਏਸ਼ੀਆ ਹਸਪਤਾਲ ਲੈ ਕੇ ਜਾਣ ਦਾ ਮਨ ਬਣਾਇਆ ਤਾਂ ਮੰਮੀ ਕਹਿੰਦੀ! ਤੂੰ ਦੇਖ ਲੈ ਜਿਵੇ ਤੈਨੂੰ ਠੀਕ ਲੱਗਦਾ। ਪਿਤਾ ਜੀ ਨਾਲ ਸਲਾਹ ਤੋੰ ਬਾਅਦ ਮੰਮੀ- ਪਾਪਾ, ਮੈਂ ਤੇ ਰੀਤੂ ਪਟਿਆਲਾ ਲਈ ਚੱਲ ਪਏ।

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਏਹੁ ਹਮਾਰਾ ਜੀਵਣਾ ਹੈ -294
Next articleCar crashes into Downing Street gates, driver held