ਹਾਂ ਅੱਜ ਦੇ ਦਿਨ 24 ਜੂਨ 1975 ਨੂੰ ਛੇਵਾਂ ਆਖਰੀ ਦਿਨ ਸੀ ਪੰਜਾਬ ਸਟੂਡੈਂਟ ਦੇ ਅਜਲਾਸ ਦਾ ਜੋ ਮਸਤੂਆਣਾ ਕਾਲਜ ਵਿੱਚ ਚੱਲ ਰਿਹਾ ਸੀ ।
ਕਾਫ਼ੀ ਗਰਮਾ ਗਰਮ ਬਹਿਸ ਚੱਲ ਰਹੀ ਸੀ ਸਥਿਤੀ ਵੀ ਕਾਫ਼ੀ ਤਣਾਅ -ਪੂਰਨ ਬਣੀ ਰਹੀ ਸੀ । ਇਸ ਦੌਰਾਨ ਇੱਕ ਧੱੜਾ ਵਾਕ-ਆਊਟ ਵੀ ਕਰ ਗਿਆ ਸੀ । PSU ਦੇ ਦੋ ਅਜਲਾਸ ਸਮਾਨੰਤਰ ਚੱਲਣ ਲੱਗੇ । ਇੱਕ ਪ੍ਰਿਥੀਪਾਲ ਰੰਧਾਵਾ ਤੇ ਸਾਥੀ ਨਰਿੰਦਰ ਚਹਿਲ ਤੇ ਬਲਜੀਤ ਬੱਲੀ ਆਦਿ ਸਨ ਮਸਤੂਆਣਾ ਕਾਲਜ ਵਿੱਚ ਜੋ ਇਜਲਾਸ ਚੱਲ ਰਿਹਾ ਸੀ । ਦੂਜਾ ਅਜਲਾਸ ਰੋਡੇ ਚੱਲ ਰਿਹਾ ਸੀ ਬਲਵਾਨ ਤੇ ਬਿੱਕਰ ਐਸ਼ੀ ਧੱੜੇ ਵੱਲੋਂ । PSU ਦੋ ਧੱੜਿਆਂ ਵਿੱਚ ਵੰਡੀ ਗਈ , ਦੋਨੋਂ ਹੀ ਆਪਣੇ ਆਪ ਨੂੰ PSU ਜਥੇਬੰਦੀ ਹੋਣ ਦਾ ਦਾਅਵਾ ਕਰਦੇ ਸਨ ।
ਅੱਗਲੇ ਦਿਨ 25 ਜੂਨ 1975 ਨੂੰ ਇੰਦਰਾਂ ਨੇ ਐਮਰਜੈਂਸੀ ਐਲਾਨ ਕੇ ਲਾਗੂ ਕਰ ਦਿੱਤੀ । PSU ਵਿੱਚ ਪਾੜਾ ਪੈਣ ਦੇ ਲੀਡਰਸ਼ਿਪ ਦੇ ਆਪਸੀ ਮੱਤ-ਭੇਦ ਸਨ PSU ਦੀਆਂ ਨੀਤੀਆਂ ਲਾਗੂ ਕਰਨ ਬਾਰੇ । ਸੋ ਇਹ ਪਾੜਾ ਸਥਾਈ ਤੌਰ ਤੇ ਹੀ ਪੈ ਗਿਆ, ਸ਼ਾਇਦ ਇਸਦਾ ਇੱਕ ਕਾਰਨ ਐਮਰਜੈਂਸੀ ਦਾ ਲੱਗਣਾ ਵੀ ਸੀ ਜੋ ਕਿ ਮੁੜ ਕੇ ਨੇੜਤਾ ਨਾ ਬਣ ਸਕੀ ।
ਮੇਰੀ ਜਾਚੇ ਇਹ ਕੋਈ ਵੱਡੇ /ਮੁੱਖ ਮੱਤ-ਭੇਦ ਨਹੀਂ ਸਨ ਪ੍ਰੋਗਰਾਮ ਸੰਬੰਧੀ ਜਾਂ ਨੀਤੀਆਂ ਸੰਬੰਧੀ । ਕੋਈ ਮਾਮੂਲੀ ਜਾਂ ਦੋਮ ਦਰਜੇ ਦੇ ਮੱਤ-ਭੇਦ ਕਹਿ ਸਕਦੇ ਹਾਂ । ਜਾਣੀ ਇਨੀ ਗੱਲ ਤੇ ਦੋ ਧੱੜੇ ਨਹੀਂ ਸੀ ਬਣਨੇ ਚਾਹੀਦੇ ਜੋ ਕਿ ਵਿਦਿਆਰਥੀ ਵਰਗ ਦਾ ਬਹੁਤ ਹੀ ਨੁਕਸਾਨ ਹੋਇਆ । ਜੂਨ ਮਹੀਨੇ ਦੇ ਉਹ ਦਿਨ ਕਦੀ ਨਹੀਂ ਭੁੱਲਣੇ ।ਹਾਂ ਇਹਨਾਂ ਹੀ ਦਿਨਾਂ ਵਿੱਚ ਇਹ ਦੁਖਾਂਤ ਵਾਪਰਿਆ ਸੀ ।
ਸਿੱਟੇ ਵਜੋਂ ਉਹ ਪਹਿਲਾਂ ਵਾਲੀ ਚੱੜਤ ਤੇ ਠੁੱਕ PSU ਦਾ ਨਾ ਰਿਹਾ ਜਿਸਤੋਂ ਸਰਕਾਰ ਤੇ ਅਫਸਰਸ਼ਾਹੀ ਥਰ ਥਰ ਕੰਬਦੀ ਸੀ । ਦੂਜਾ ਉੱਤੋ ਐਮਰਜੈਂਸੀ ਨੇ ਸੰਘਰਸ਼ਾਂ ਨੂੰ ਨੱਪ ਲਿਆ ਤੇ ਮੁੱਖ ਲੀਡਰਸ਼ਿਪ ਜਿਹੜੀ ਵੀ ਫੜੀ ਗਈ ਸਰਕਾਰ ਦੀ ਪੁਲਸ ਨੇ ਚੁੱਕ ਕੇ ਜੇਲ੍ਹੀਂ ਤੁੰਨ ਦਿੱਤੀ । ਜਿਹੜੇ ਪੁਲੀਸ ਦੀ ਗ੍ਰਿਫ਼ਤ ਤੋਂ ਬੱਚ ਨਿਕਲੇ ਉਹਨਾਂ ਨੇ ਆਪਣੇ ਵਿੱਤ ਮੁਤਾਬਕ ਘੋਲ ਸਰਗਰਮੀਆਂ ਜਾਰੀ ਰੱਖੀਆਂ । ਜਿੱਥੇ ਬਿੱਕਰ ਗਰੁੱਪ ਨੇ ਆਪਣੀ ਸਾਰੀ ਲੀਡਰਸ਼ਿਪ ਅੰਡਰਗਰਾਊਂਡ ਕਰ ਲਈ ਤਾਂ ਕਿ ਪੁਲੀਸ ਦੀ ਗ੍ਰਿਫ਼ਤ ਤੋਂ ਵੱਚਿਆ ਜਾ ਸਕੇ । ਉੱਥੇ ਰੰਧਾਵਾ ਗਰੁੱਪ ਨੇ ਮੁੱਖ ਲੀਡਰਸ਼ਿਪ ਨੂੰ ਬਚਾਉਣ ਲਈ ਅੰਡਰਗਰਾਊਂਡ ਕਰ ਲਿਆ ਤੇ ਬਾਕੀਆਂ ਨੂੰ ਪੇਸ਼ ਕਰਾ ਦਿੱਤਾ ਪਰ ਕੁੱਝ ਮੁੱਖ ਲੀਡਰਸ਼ਿਪ ਵਿੱਚੋਂ ਵੀ ਸਟੇਟ ਦਾ ਤੱਸ਼ਦਦ ਨਾ ਸਹਾਰਦੇ ਹੋਏ ਪੇਸ਼ ਹੋ ਗਏ । ਜੋ ਕਿ ਜ਼ੱਬਰ ਨਾ ਝੱਲ ਸੱਕਣ ਦੇ ਕਾਰਨ ਉਹਨਾਂ ਦਾ ਪੇਸ਼ ਹੋਣਾ ਠੀਕ ਨਹੀਂ ਸੀ ਮੰਨਿਆਂ ਜਾਂਦਾ । ਹੋਰ ਦੁਖਾਂਤ ਇਹ ਵਾਪਰਿਆ PSU ਬਿੱਕਰ ਹੁਰਾਂ ਦੀ ਸੂਬਾ ਕਮੇਟੀ ਦੀ ਮੀਟਿੰਗ ਦੌਰਾਨ ਸਾਰੀ ਦੀ ਸਾਰੀ ਸੂਬਾ ਕਮੇਟੀ ਕਿਸੇ ਮੈਂਬਰ ਦੀ ਦਿੱਤੀ ਸੂਹ ਕਾਰਨ ਫੱੜੀ ਗਈ ।
ਮੁੱਕਦੀ ਗੱਲ ਦੋਨਾਂ ਹੀ ਜਥੇਬੰਦੀਆਂ ਦਾ ਗ੍ਰਿਫ਼ਤਾਰੀਆਂ ਕਾਰਨ ਕਾਫ਼ੀ ਨੁਕਸਾਨ ਹੋਇਆ ਜਿਹਦਾ ਮਾੜਾ ਅਸਰ ਵੀ ਵਿੱਦਿਆਰਥੀ ਸੰਘਰਸ਼ਾਂ ਤੇ ਪਿਆ । ਸੋ ਇੱਕ ਫੁੱਟ ਤੇ ਦੂਜਾ ਲੀਡਰਸ਼ਿਪ ਦਾ ਨੁਕਸਾਨ ਤੇ ਤੀਜਾ ਐਮਰਜੈਂਸੀ ਕਾਰਨ ਸੰਘਰਸ਼ਾਂ ਨੂੰ ਵੱਡੀ ਪੱਧਰ ਤੇ ਖੜੋਤ ਆਈ । ਬਿੱਕਰ – ਬਲਵਾਨ ਦੀ ਪੀ ਐਸ ਯੂ ਨੇ ਸੈਕੰਡ ਲੀਡਰਸ਼ਿੱਪ ( ਸਮੇਤ ਮੇਰੇ ) ਨੂੰ ਅੱਗੇ ਲਿਆ ਕੇ ਮੱੁੜ ਸੂਬਾ ਕਮੇਟੀ ਦੀ ਉਸਾਰੀ ਕਰ ਲਈ ਤੇ ਉਸਨੇ ਵਿੱਤ ਮੂਜਬ ਐਮਰਜੈਂਸੀ ਦੇ ਦੌਰ ‘ਚ ਵੀ ਸਰਗਮੀਆਂ ਵਿੱਢੀ ਰੱਖੀਆਂ ਤੇ ਕਈ ਸੰਘਰਸ਼ ਜਿੱਤੇ ਵੀ ਤੇ ਮੱਸਲੇ ਹੱਲ ਵੀ ਕਰਾਏ ।
ਪਰ ਇੱਕ ਗੱਲ ਜੋ ਸਦਾ ਹੀ ਅੱਜ ਤੱਕ ਮੇਰੇ ਮਨ ਵਿੱਚ ਰੱੜਕਦੀ ਰਹੀ ਕਿ ਪੀ ਐਸ਼ ਯੂ ਦੋ ਨਹੀਂ ਸੀ ਬਣਨੀਆਂ ਚਾਹੀਦੀਆਂ !
ਭਾਵੇਂ ਅੱਗੇ ਜਾ ਕੇ 1977 ਵਿੱਚ ਤਿੰਨ ਧੱੜੇ ਬਣ ਜਾਣਾ ਹੋਰ ਵੀ ਦੁੱਖਦਾਇਕ ਸੀ । ਉਦੋਂ ਪਾਰਲੀਮਾਨੀ ਵੋਟਾਂ ਦੇ ਸਵਾਲ ਤੇ ਵਿਖੇੜਾ ਖੱੜਾ ਹੋ ਗਿਆ । ਬਿੱਕਰ ਹੁਰਾਂ ਦੀ ਲੀਡਰਸ਼ਿੱਪ ਐਲਾਨਨਾਵੇਂ ਵਿੱਚ ਪਾਰਲੀਮਾਨੀ ਵੋਟਾਂ ਦੀ ਮੱਦ ਪਾਕੇ ਵੋਟਾਂ ਵਿੱਚ ਸਾਰੀ ਯੂਨੀਅਨ ਨੂੰ ਉਸ ਪੱਟੜੀ ਤੇ ਚਾੜ੍ਹ ਰਹੇ ਸੀ ਜਦ ਕਿ ਦੂਜੀ ਸੁਖਦੇਵ ਪਾਂਧੀ ਦੀ ਧਿਰ ਨੂੰ ਇਹ ਮਨਜ਼ੂਰ ਨਹੀਂ ਸੀ । ਸੋ ਸੁਖਦੇਵ ਪਾਂਧੀ ਹੁਰਾਂ ਦੀ ਧਿਰ ਲੱਖਣਕੇ-ਪੱਡੇ ਵਾਲੇ ਇਜਲਾਸ ਚੋਂ ਦੂਸਰੇ ਦਿਨ ਵਾਕ -ਆਊਟ ਕਰ ਗਈ ਤੇ ਬੁੰਡਾਲਾ ( ਜਲੰਧਰ ) ਜਾ ਕੇ ਇਜਲਾਸ ਕਰ ਕੇ ਸੂਬਾ ਕਮੇਟੀ ਦੀ ਚੋਣ ਕੀਤੀ ਜਿਸ ਵਿੱਚ ਮੈਨੂੰ ਵੀ ਸ਼ਾਮਲ ਕਰ ਲਿਆ ।
ਸੁਖਦੇਵ ਪਾਂਧੀ ਨੂੰ ਜਨਰਲ ਸਕੱਤਰ ਚੁਣਿਆਂ ਗਿਆ । ਬਿੱਕਰ ਹੁਰਾਂ ਦੀ ਪੀ ਐਸ ਯੂ ਨੇ ਬਾਅਦ ਵਿੱਚ ਅੱਗੇ ਜਾਕੇ ਪਰਮਜੀਤ ਕਾਹਮਾਂ ਜੀ ਹੁਰਾਂ ਨੂੰ ਜਨਰਲ ਸੱਕਤਰ ਚੁੱਣਿਆਂ ਪਰ ਪਹਿਲਾਂ ਬਿੱਕਰ ਹੀ ਸੀ ।
PSU ਦੇ ਤਿੰਨ ਟੋਟੇ ਹੋ ਜਾਣ ਨਾਲ PSU ਦੀ ਤਾਕਤ ਤੇ ਬਹੁਤ ਗਹਿਰੀ ਸੱਟ ਵੱਜੀ ਜੋ ਕਿ ਅੱਗੇ ਜਾਕੇ ਵਿਦਿਆਰਥੀ ਲਹਿਰ ਦਾ ਬਹੁਤ ਹੀ ਵੱਡਾ ਨੁਕਸਾਨ ਹੋਇਆ । ਚਾਹੇ ਕੁੱਛ ਵੀ ਸੀ ਕਿਸੇ ਨਾ ਕਿਸੇ ਤਰਾਂ ਸਮੁੱਚੀ ਲੀਡਰਸ਼ਿਪ ਨੂੰ ਗਹਿਰ ਗੰਭੀਰਤਾ ਤੇ ਠਰੰਮੇ ਨਾਲ ਸੋਚ ਕੇ ਇਕੱਠੇ ਰਹਿਣਾ ਚਾਹੀਦਾ ਸੀ ਤਾਂ ਜੋ ਵਿਦਿਆਰਥੀ ਲਹਿਰ ਦੇ ਵੱਡੇ ਨੁਕਸਾਨ ਤੋਂ ਬਚਿਆ ਜਾ ਸਕਦਾ । ਕੋਈ ਵਿੱਚਾਲੇ ਵਾਲਾ ਸਾਰਿਆਂ ਦੀ ਆਪਸੀ ਰਜਾਮੰਦੀ ਵਾਲਾ ਰਸਤਾ ਅਖਤਿਆਰ ਕਰਕੇ ਕੋਈ ਹੱਲ ਨਿੱਕਲ ਸਕਦਾ ਸੀ ।
ਮਲਕੀਤ ਝਿੰਗੜ
ਸਾਬਕਾ ਸੂਬਾ ਕਮੇਟੀ ਮੈਂਬਰ
ਪੰਜਾਬ ਸਟੂਡੈਂਟ ਯੂਨੀਅਨ