(ਸਮਾਜ ਵੀਕਲੀ)
ਦੁਨੀਆਂ ਅੰਦਰ ਕੁਦਰਤ ਨੇ ਬਹੁਤ ਸਾਰੇ ਰਿਸ਼ਤਿਆਂ ਦਾ ਤਾਣਾ ਬਾਣਾ ਬੁਣਿਆ ਹੋਇਆ ਹੈ ਹਰੇਕ ਰਿਸ਼ਤਾ ਆਪਣੀ ਖਾਸ ਵਿਸ਼ੇਸ਼ਤਾ ਰੱਖਦਾ ਹੈ । ਇਨ੍ਹਾਂ ਬਹੁਤ ਸਾਰੇ ਕੁਦਰਤ ਦੇ ਬਣਾਏ ਰਿਸ਼ਤਿਆਂ ਵਿੱਚੋਂ ਇੱਕ ਰਿਸ਼ਤਾ ਪਤੀ ਅਤੇ ਪਤਨੀ ਦਾ ਹੁੰਦਾ ਹੈ । ਇਹ ਰਿਸ਼ਤਾ ਮੋਹ ਦੀਆਂ ਨਾਜੁਕ ਤੰਦਾਂ ਨਾਲ ਜਵਾਨੀ ਦੇ ਤਿੱਖੜ ਦੁਪਹਿਰ ਸ਼ੁਰੂ ਹੁੰਦਾ ਹੈ ਅਤੇ ਜਿੰਦਗੀ ਦੇ ਅਖੀਰਲੇ ਪੁੜਾ ਭਾਵ ਮੋਤ ਤੱਕ ਨਾਲ ਨਾਲ ਚੱਲਦਾ ਹੈ। ਹਰੇਕ ਇਨਸਾਨ ਦੀ ਜਿੰਦਗੀ ਵਿੱਚ ਉਸਦੇ ਬਚਪਨ ਅਤੇ ਜਵਾਨੀ ਤੱਕ ਦੇ ਵੱਖਰੇ ਵੱਖਰੇ ਅਹਿਸਾਸ , ਭਾਵਨਾਵਾਂ ਅਤੇ ਤਜਰਬੇ ਭਿੰਨ ਭਿੰਨ ਹੁੰਦੇ ਹਨ।
ਪਰ ਜਦੋਂ ਉਸਦੇ ਜਵਾਨੀ ਦਾ ਪੁੜਾਅ ਸ਼ੁਰੂ ਹੁੰਦਾ ਹੈ ਤਾਂ ਉਸਦੇ ਅੰਦਰ ਖਾਸ ਬਦਲਾਵ ਹੋਣਾ ਜ਼ਰੂਰੀ ਹੁੰਦਾ ਹੈ (ਇਹ ਗੱਲ ਮਨੋਵਿਗਿਆਨ ਵੀ ਮੰਨਦਾ ਹੈ) ਉਸਦਾ ਸਰੀਰਕ ਬਣਤਰ ਬਦਲਣੀ ਸ਼ੁਰੂ ਹੋ ਜਾਂਦੀ ਹੈ ,ਉਸਦੇ ਪਸੰਦ ਨਾ ਪਸੰਦ, ਦੋਸਤ ਮਿੱਤਰ , ਪਹਿਰਾਵਾ ਅਤੇ ਗੱਲਾਂ ਬਾਤਾਂ ਬਦਲ ਜਾਣੀਆਂ ਜ਼ਰੂਰੀ ਹੁੰਦੀਆਂ ਹਨ। ਇਹ ਤਬਦੀਲੀਆਂ ਲੜਕਾ ਅਤੇ ਲੜਕੀ ਦੋਨਾਂ ਵਿੱਚ ਖਾਸ ਰੂਪ ਵਿੱਚ ਹੁੰਦੀਆਂ ਹਨ।ਵਿਆਹ ਤੋਂ ਪਹਿਲਾਂ ਜਿਹੜਾ ਇਨਸਾਨ ਆਪਣੇ ਮਾਂ ਬਾਪ ਜਾਂ ਆਪਣੇ ਦੋਸਤਾਂ ਮਿੱਤਰਾਂ ਬਿਨ੍ਹਾ ਇੱਕ ਪਲ ਵੀ ਨਹੀਂ ਸਾਰਦਾ ਹੁੰਦਾ ਇੱਕ ਦਮ ਆਪਣੇ ਪਤਨੀ (ਆਪਣੀ ਜੀਵਨ ਸਾਥਣ) ਪ੍ਰਤੀ ਝੁਕਾ ਵੱਧ ਜਾਂਦਾ ਹੈ।
ਇਹ ਵਧਣਾ ਇੱਕ ਕੁਦਰਤੀ ਗੱਲ ਹੈ। ਇਸੇ ਤਰ੍ਹਾਂ ਹੀ ਇੱਕ ਲੜਕੀ ਨਾਲ ਹੁੰਦਾ ਹੈ । ਪੁਰਾਣੇ ਸਮਿਆਂ ਵਿੱਚ ਜਦੋਂ ਲੋਕ ਅਨਪੜ੍ਹ ਹੁੰਦੇ ਸਨ ਤਾਂ ਮਾ ਬਾਪ ਆਪਣੇ ਧੀਆਂ ਪੁੱਤਰਾਂ ਲਈ ਜਿਸ ਤਰ੍ਹਾਂ ਦਾ ਰਿਸ਼ਤਾ ਟੋਲ ਦਿੰਦੇ ਸਨ ਬੱਚੇ ਖਿੜ੍ਹੇ ਮੱਥੇ ਸਵੀਕਾਰ ਕਰ ਲੈਂਦੇ ਸਨ ਪਰ ਸਮੇਂ ਦੇ ਬਦਲਣ ਨਾਲ ਇਹ ਰੀਤ ਬਦਲ ਗਈ ਹੁਣ ਹਰੇਕ ਮੁੰਡਾ ਕੁੜੀ ਆਪਣਾ ਜੀਵਨ ਸਾਥੀ ਟੋਲਣ ਲਈ ਮਾਂ ਬਾਪ ਨਾਲੋਂ ਆਪਣੀ ਖੁਦ ਦੀ ਸਹਿਮਤੀ ਜਿਆਦਾ ਜਤਾਉਂਦਾ ਹੈ।ਇਹ ਇੱਕ ਚੰਗੀ ਗੱਲ ਹੈ ਕਿਉਂ ਕਿ ਜਿਸਦੇ ਨਾਲ ਜਿੰਦਗੀ ਬਿਤਾਉਂਣੀ ਹੁੰਦੀ ਹੈ ਉਸ ਬਾਰੇ ਜਾਣਨਾ ਜ਼ਰੂਰੀ ਵੀ ਹੁੰਦਾ ਹੈ।ਪਰ ਪੁਰਾਣੇ ਸਮਿਆਂ ਦੇ ਮੁਕਾਬਲੇ ਅੱਜ ਜਿਆਦਾ ਤਲਾਕ ਹੋ ਰਹੇ ਹਨ।
ਇਸਦਾ ਕੀ ਕਾਰਨ ਹੋ ਸਕਦਾ ਹੈ? ਸ਼ਾਇਦ ਅੱਜ ਦੇ ਮੁੰਡਾ ਕੁੜੀ ਇੱਕ ਦੂਜੇ ਨੂੰ ਚੰਗੀ ਤਰ੍ਹਾਂ ਸਮਝ ਹੀ ਨਹੀਂ ਪਾਉਂਦੇ। ਉਹ ਨਹੀਂ ਜਾਣਦੇ ਕੀ ਇੱਕ ਪਤੀ ਪਤਨੀ ਦਾ ਰਿਸ਼ਤਾ ਸਦੀਵ ਰਿਸ਼ਤਾ ਹੁੰਦਾ ਹੈ । ਜਿਹੜਾ ਸਾਡੇ ਜੀਵਨ ਦਾ ਇੱਕ ਨਵਾਂ ਪਹਿਲੂ ਹੁੰਦਾ ਹੈ ਇੱਕ ਨਵੀਂ ਸ਼ੁਰੂਆਤ ਜਿਸਦੇ ਵਿੱਚ ਹਰੇਕ ਮੁੰਡੇ ਕੁੜੀ ਨੂੰ ਆਪਣੀਆਂ ਕੁਝ ਮਾੜੀਆਂ ਆਦਤਾਂ ਛੱਡ ਕੇ ਚੰਗੀਆਂ ਆਦਤ ਗ੍ਰਹਿਣ ਕਰਨੀਆਂ ਪੈਂਦੀਆਂ ਹਨ ਅਤੇ ਇੱਕ ਦੂਜੇ ਕੋਲੋਂ ਕੁਝ ਚੰਗਾ ਸਿੱਖਣ ਨੂੰ ਮਿਲਦਾ ਹੈ। ਜਿਵੇੇੇਂ ਅਸੀਂ ਆਮ ਹੀ ਸੁਣਦੇ ਦੇਖਦੇ ਹਾਂ ਕਿ ਫਲਾਨਾ ਤਾਂ ਬੜ੍ਹਾ ਭੈੜਾ ਬੰਦਾ ਸੀ ਵੇਖ ਲਓ ! ਜਦੋਂ ਦਾ ਵਿਆਹ ਹੋਇਆ ਐਂ ਮਾਊਂ ਬਣ ਗਿਆ (ਛੈਂ ਹੋ ਗਿਆ) ਅਸਲ ਵਿੱਚ ਉਸਨੂੰ ਜ਼ਿੰਦਗੀ ਜਿਉਣ ਦਾ ਤਰੀਕਾ ਹੀ ਆਪਣੀ ਪਤਨੀ ਕੋਲੋਂ ਆਇਆ ਜਾਂ ਪਤਨੀ ਜਿੰਦਗੀ ਜਿਉਣ ਦਾ ਤਰੀਕਾ ਹੀ ਆਪਣੇ ਪਤੀ ਕੋਲੋ ਆਇਆ ਹੈ।
ਕਈ ਔਰਤਾਂ ਨੂੰ ਜਿੰਦਗੀ ਦੀ ਮੂਲ ਸਚਾਈ ਪਤਾ ਲੱਗ ਜਾਂਦੀ ਹੈ ਕਿ ਸੁੰਦਰਤਾਂ ਗਹਿਣੀਆਂ ਵਿੱਚ ਨਹੀਂ ਬਲਕਿ ਰਿਸ਼ਤਿਆਂ ਦੀ ਮਿਠਾਸ ਵਿੱਚ ਹੁੰਦੀ ਹੈ। ਜਿੰਨ੍ਹਾਂ ਪਤਨੀਆਂ ਨੂੰ ਇਸ ਗੱਲ ਦੀ ਸਮਝ ਆ ਜਾਂਦੀ ਹੈ ਉਹ ਫਿਰ ਸੂਟਾਂ, ਜੁੱਤੀਆਂ ਅਤੇ ਹੋਰ ਜੁਰਾਬਾਂ ਪਿੱਛੇ ਕਦੇ ਆਪਣੇ ਘਰਵਾਲਿਆਂ ਨਾਲ ਜਿੰਦਗੀ ਭਰ ਗੁੱਸੇ ਨਹੀਂ ਹੁੰਦੀਆਂ।ਉਹ ਆਪਣੇ ਕੁਝ ਕੁ ਸੂਟਾਂ ਅਤੇ ਜੁੱਤੀਆਂ ਨੂੰ ਐਨੀ ਸਾਦਗੀ ਅਤੇ ਸਜੀਦਗੀ ਨਾਲ ਸਾਂਭ ਕੇ ਰੱਖ ਲੈਂਦੀਆਂ ਹਨ ਕਿ ਕਦੇ ਅਧੂਰੇ ਪਨ ਦਾਅਹਿਸਾਸ ਨਹੀਂ ਹੋਣ ਦਿੰਦੀਆਂ। ਪਰ ਅਜਿਹੀਆਂ ਔਰਤਾਂ ਪਹਿਲੇ ਸਮਿਆਂ ਦੇ ਮੁੁਕਾਬਲੇ ਅੱਜ ਬਹੁਤ ਘੱਟ ਹਨ।
ਕਈ ਲੋਕ ਆਪਣੀਆਂ ਘਰਵਾਲੀਆਂ ਜਾਂ ਕਈ ਘਰਵਾਲੀਆਂ ਆਪਣੇ ਘਰਵਾਲਿਆਂ ਤੋਂ ਏਨੀਆਂ ਪਰੇਸ਼ਾਨ ਹੁੰਦੀਆਂ ਹਨ ਕਿ ਉਨ੍ਹਾਂ ਨੂੰ ਇਹ ਕਹਿਣਾ ਪੈਂਦਾ ਹੈ ਕਿ ਕਾਹਦਾ ਰੱਬਾ ਮੈਂ ਤਾਂ ਵਿਆਹ ਕਰਾ ਕੇ ਪਛਤਾ ਰਿਹਾ ਜਾ ਰਹੀਂ ਹਾਂ। ਜੇਕਰ ਉਹ ਦੋਨੋਂ ਇੱਕ ਦੂਜੇ ਦੇ ਨੂੰ ਚੰਗੀ ਤਰ੍ਹਾਂ ਸਮਝ ਲੈਣ ਭਾਵ ਸਮਾਜਿਕ ਅਤੇ ਆਰਥਿਕ ਪਹਿਲੂਆਂ ਤੋਂ ਜਾਣੂ ਹੋ ਜਾਣ ਤਾਂ ਇੱਕ ਜਿੰਮੇਵਾਰ ਅਤੇ ਵਧੀਆ ਪਤੀ ਪਤਨੀ ਬਣ ਸਕਦੇ ਹਨ। ਫਿਰ ਅਜਿਹੇ ਪਤੀ ਪਤਨੀ ਦੀਆਂ ਉਦਾਹਰਨਾਂ ਆਮ ਹੀ ਆਂਢ ਗੁਆਂਢ ਅਤੇ ਰਿਸ਼ਤੇਦਾਰੀਆਂ ਵਿੱਚ ਲੋਕ ਦੇਣ ਲੱਗ ਜਾਂਦੇ ਹਨ। ਸਾਨੂੰ ਇਸ ਫੁੱਲਾਂ ਵਰਗੇ ਰਿਸ਼ਤੇ ਨੂੰ ਹਮੇਸ਼ਾ ਹੀ ਇਮਾਨਦਾਰੀ ਅਤੇ ਸੱਚੇ ਦਿਲੋਂ ਨਿਭਾਉਣਾ ਚਾਹੀਦਾ ਹੈ ਤਾਂ ਹੀ ਅਸੀਂ ਇੱਕ ਚੰਗੇ ਪਤੀ ਪਤਨੀ ਬਣ ਸਕਦੇ ਹਾਂ।
ਸਤਨਾਮ ਸਮਾਲਸਰੀਆ
9914298580