(ਸਮਾਜ ਵੀਕਲੀ)
ਦਿਨੇਸ਼ ਕਮਰੇ ਵਿੱਚ ਬੈਠਾ ਇੱਕ ਕਵਿਤਾ ਲਿਖ ਰਿਹਾ ਸੀ ਕਿ ਅਚਾਨਕ ਉਸਦੇ ਫੋਨ ਦੀ ਘੰਟੀ ਵੱਜੀ ਉਸਨੇ ਫੋਨ ਉਕੇ ਕੀਤਾ ਤਾਂ ਅੱਗੋ ਕਿਸੇ ਮਲੂਕ ਜਿਹੀ ਬੱਚੀ ਦੀ ਅਵਾਜ਼ ਆਈ ਇਹ ਦਰਅਸ਼ਲ ਉਸਦੀ ਇੱਕ ਵਿਦਿਆਰਥਣ ਮਨਪ੍ਰੀਤ ਕੌਰ ਦਾ ਫੋਨ ਸੀ, ਉਸਨੇ ਕਿਹਾ ਸਰ, ” ਮੈਂ ਮਨਪ੍ਰੀਤ ਕੌਰ ਬੋਲਦੀ ਹਾਂ ਤੁਹਾਡੇ ਤੋਂ ਨੰਬਰ ਲਿਆ ਸੀ ।”
ਉਹ ਝੱਟ ਸਮਝ ਗਿਆ ਕਿ ਇਹ ਮੇਰੀ ਕਲਾਸ ਦੀ ਇੱਕ ਵਿਦਿਆਰਣ ਹੈ ਜਿਹੜੀ ਪਿਛਲੇ ਸਾਲ ਪੂਰੇ ਜਿਲ੍ਹੇ ਵਿੱਚੋਂ ਅੱਵਲ ਆਈ ਸੀ।
ਉਸਨੇ ਕਿਹਾ ,” ਹਾਂ ਬੇਟਾ ਜੀ ਬੋਲੋ ।”
ਮਨਪ੍ਰੀਤ ਨੇ ਕਿਹਾ ਕਿ ਸਰ ਸਾਡੇ ਘਰ ਕੋਈ ਫੋਨ ਨਹੀਂ ਹੈ ਤੇ ਇਹ ਫੋਨ ਵੀ ਮੈਂ ਗੁਆਂਢੀਆਂ ਦੇ ਫੋਨ ਤੋਂ ਕੀਤਾ ਹੈ , ਮੈਨੂੰ ਸਕੂਲ ਦੇ ਕਿਸੇੇ ਕੰਮ ਦਾ ਕੋਈ ਪਤਾ ਨਹੀਂ ਲੱਗ ਰਿਹਾ ਕੀ ਹੋ ਰਿਹਾ ਹੈ , ਇਹ ਕਹਿੰਦੀ ਕੁੜੀ ਦਾ ਗੱਚ ਭਰ ਗਿਆ ?
ਦਿਨੇਸ਼ ਨੇ ਇਸ ਗੱਲ ਦੀ ਚਿੰਤਾ ਜਤਾਉਂਦੇ ਹੋਏ ਕਿਹਾ ,” ਹਾਂ ਬੇਟਾ ਇਸ ਤਰ੍ਹਾਂ ਤਾਂ ਤੁਹਾਡਾ ਬਹੁਤ ਨੁਕਸਾਨ ਹੋ ਰਿਹਾ ਹੈ , ਚੱਲ ਪੁੱਤ ਏਦਾਂ ਕਰ ਤੂੰ ਕੱਲ੍ਹ ਆਪਣੇ ਬਾਪੂ ਨਾਲ ਗੱਲ ਕਰਵਾਈ ਕਿਸੇ ਦਾ ਦੋ ਮਿੰਟ ਫੋਨ ਲੈ ਕੇ ।
ਕਰਦੇ ਆ ਕੋਈ ਇੰਤਜਾਮ ਫੋਨ ਦਾ ਇਹ ਕਹਿ ਕੇ ਦਿਨੇਸ਼ ਨੇ ਫੋਨ ਕੱਟ ਦਿੱਤਾ। ਹੁਣ ਉਹ ਆਪਣੀ ਕਵਿਤਾ ਛੱਡ ਕੇ ਆਪਣੇ ਸਕੂਲ ਦੇ ਬਣੇ ਸਾਰੇ ਅਧਿਆਪਕਾਂ ਦੇ ਗਰੁੱਪ ਵਿੱਚ ਇਸ ਬਾਰੇ ਲਿਖ ਕੇ ਪਾਉਣ ਲੱਗਾ ਕਿ ਆਪਾਂ ਨੂੰ ਇਸ ਤਰ੍ਹਾਂ ਦੇ ਬੱਚਿਆਂ ਬਾਰੇ ਕੁਝ ਕਰਨਾ ਚਾਹੀਦਾ ਹੈ ਕਿਉਂ ਕਿ ਅਸੀਂ ਹੁਣ ਵੀ ਵਿਹਲੇ ਬੈਠੇ ਸੱਠ ਹਜ਼ਾਰ ਰੁਪਏ ਤਨਖਾਹ ਲੈ ਹੀ ਰਹੇ ਹਾਂ ਜਦੋਂ ਕਿ ਇਹ ਤਨਖ਼ਾਹ ਸਾਨੂੰ ਬੱਚਿਆਂ ਕਰਕੇ ਹੀ ਆਉਂਦੀ ਹੈ ।
ਸਾਨੂੰ ਇਸ ਤਨਖਾਹ ਦਾ ਕੁਝ ਮੁੱਲ ਇਸ ਤਰ੍ਹਾਂ ਦੇ ਲੋੜਵੰਦ ਬੱਚਿਆਂ ਦੀ ਮੱਦਦ ਕਰਕੇ ਕਰ ਦੇਣੀ ਚਾਹੀਦੀ ਹੈ। ਇਹ ਲਿਖ ਕੇ ਪਾਉਣ ਦੀ ਦੇਰ ਸੀ ਸਾਰੇ ਅਧਿਆਪਕ ਉਸਨੂੰ ਚਾਰੇ ਚੱਕ ਕੇ ਪੈ ਗਏ ਸਾਡੇ ਤਾਂ ਆਵਦੇ ਖਰਚੇ ਨੀ ਲੋਟ ਆਉਂਦੇ ਅਸੀਂ ਕੀ ਕਰੀਏ ? ਦਿਨੇਸ਼ ਨੂੰ ਸਮਝ ਆ ਗਿਆ ਕਿ ਇਹ ਸਾਰੇ ਆਵਦੇ ਬੱਚਿਆਂ ਲਈ ਤਾਂ ਖੜ੍ਹੇ ਪੈਰ ਲੱਖਾਂ ਰੁਪਏ ਲਾਉਣ ਲਈ ਤਿਆਰ ਹੋ ਜਾਂਦੇ ਹਨ ਪਰ ਇਹੋ ਜਿਹੇ ਬੱਚਿਆਂ ਲਈ ਪੰਜ ਸੋ ਰੁਪਏ ਵੀ ਨਹੀਂ ਦੇ ਸਕਦੇ ।
ਅਗਲੇ ਦਿਨ ਮਨਪ੍ਰੀਤ ਦੇ ਪਿਤਾ ਦਾ ਫੋਨ ਆਇਆ ਦਿਨੇਸ਼ ਨੇ ਉਨ੍ਹਾਂ ਨੂੰ ਬਜ਼ਾਰ ਵਿੱਚ ਬਾਲਾ ਜੀ ਟੈਲੀਕਾਮ ਵਾਲਿਆਂ ਤੋਂ ਦਸ ਹਜ਼ਾਰ ਰੁਪਏ ਵਾਲੇ ਕੋਈ ਵੀ ਫੋਨ ਮਨਪ੍ਰੀਤ ਲਈ ਲਿਆਉਣ ਲਈ ਕਹਿ ਦਿੱਤਾ ਕਿਉਂਕਿ ਪੈਸੇ ਪਹਿਲਾਂ ਹੀ ਉਨ੍ਹਾਂ ਦੇ ਖਾਤੇ ਵਿੱਚ ਪਾ ਕੇ ਫੋਨ ਦੇਣ ਲਈ ਕਹਿ ਦਿੱਤਾ ਸੀ।ਇਸ ਤਰ੍ਹਾਂ ਕਰਕੇ ਉਸਨੇ ਆਪਣੀ ਤਨਖ਼ਾਹ ਦਾ ਮੁੱਲ ਮੋੜ੍ਹ ਦਿੱਤਾ ਸੀ।
ਸਤਨਾਮ ਸਮਾਲਸਰੀਆ
97108 60004