ਵਹਿਮ ਭਰਮ ਅਤੇ ਲੋਕ ਵਿਸ਼ਵਾਸ

(ਸਮਾਜ ਵੀਕਲੀ)

(ਭਾਗ ਪਹਿਲਾ)

ਪੁਰਾਣੇ ਸਮੇਂ ਵਿੱਚ ਲੋਕਾਂ ਨੇ ਦੁੱਖਸੁੱਖ ਅਤੇ ਕੰਮ ਦੇ ਵਿਗੜਨ ਅਤੇ ਸਵਰਨ ਸਬੰਧੀ ਵਹਿਮਾਂ ਭਰਮਾਂ ਨੂੰ ਆਪਣੇਆਪਣੇ  ਹਿਸਾਬ ਨਾਲ ਘੜ ਰੱਖਿਆ ਸੀ ਜਿਹੜੇ ਕਿ ਉਨ੍ਹਾਂ ਨੇ ਆਪਣੇ ਪੁਰਖਿਆਂ ਤੋਂ ਗ੍ਰਹਿਣ ਕੀਤੇ ਹੁੰਦੇ ਸਨ ਅਤੇ ਅੱਗੇ ਆਪਣੇ ਬੱਚਿਆਂ ਨੂੰ ਵੀ ਇਨ੍ਹਾਂ ਵਹਿਮਾ ਭਰਮਾਂ ਵਿੱਚ ਫਸਾ ਕੇ ਲੋਕ ਵਿਸਵਾਸ਼ ਬਣਾ ਰੱਖਿਆ ਸੀ।

ਲੋਕ ਜੇ ਕੋਈ ਗੱਲ ਚੰਗੀ ਹੋ ਜਾਵੇ ਤਾਂ ਉਸਦੇ ਸਬੰਧ ਵਿੱਚ ਕੰਮ ਕਰਨ ਸਮੇਂ ਸੁਭ ਅਵਸਰਾਂ ਜਾਂ ਚੰਗੇ ਮਾੜੇ ਦਿਨਾਂ ਸਬੰਧੀ ਦੀ ਮਨੌਤ ਮੰਨਦੇ ਸਨ ਅਤੇ ਜੇਕਰ ਕੋਈ ਕੰਮ ਖਰਾਬ ਜਾਂ ਮਾੜੀ ਖਬਰ ਆ ਜਾਵੇ ਤਾਂ ਇਸ ਸਬੰਧੀ ਕੰਮ ਸ਼ੁਰੂ ਕਰਨ ਸਮੇਂ ਕਿਸੇ ਅਪਸ਼ਗਨੀ ਜਾਂ ਕਿਸੇ ਮਾੜੇ ਬੰਦੇ ਮੱਥੇ ਲੱਗਣ ਦਾ ਰਿਵਾਜ ਆਮ ਪ੍ਰਚਲਿਤ ਹੁੰਦਾ ਸੀ। ਇਹ ਵਹਿਮ ਭਰਮ ਕਰਨ ਵਾਲੇ ਲੋਕ ਵਿਗਿਆਨਕ ਸੋਚ ਤੋਂ ਕੋਹਾਂ ਦੂਰ ਹੁੰਦੇ ਸਨ।

ਕੁਦਰਤੀ ਤੌਰ ਤੇ ਵਾਪਰਨ ਵਾਲੀਆਂ ਘਟਨਾਵਾਂ ਨੂੰ ਲੋਕਾਂ ਨੇ ਸ਼ਗਨ ਅਤੇ ਅਪਸ਼ਗਨ ਦੀ ਸੀਮਾਂ ‘ਤੇ ਲਿਆ ਕੇ ਖੜ੍ਹਾ ਕੀਤਾ ਹੋਇਆ ਸੀ। ਭਾਵੇਂ ਅਸੀਂ ਪੜ੍ਹ ਲਿਖ ਗਏ ਹਾਂ ਪਰ ਹਾਲੇ ਵੀ ਬਹੁਤ ਸਾਰੇ ਪੜ੍ਹੇ ਲਿਖੇ ਅਨਪੜ੍ਹ ਲੋਕ ਅਜਿਹੇ ਵਹਿਮਾਂ ਭਰਮਾਂ ਵਿੱਚ ਫਸੇ ਹੋਏ ਹਨ । ਅਜਿਹੇ ਹੀ ਕੁਝ ਵਹਿਮ ਭਰਮ ਦੀ ਗੱਲ ਅੱਜ ਅਸੀਂ ਕਰਦੇ ਹਾਂ ।

ਸਭ ਤੋਂ ਪਹਿਲਾਂ ਕਿਸੇ ਸੁਭ ਕਾਰਜ ਲਈ ਘਰੋਂ ਤੁਰਨ ਲੱਗਿਆ ਜੇਕਰ ਕਿਸੇ ਵਿਅਕਤੀ ਦੇ ਘਰੋਂ ਨਿਕਲਦਿਆਂ ਖਾਲੀ ਟੋਕਰਾ , ਤੋੜਾ ਜਾਂ ਕੋਈ ਹੋਰ ਖਾਲੀ ਭਾਂਡਾ ਮੱਥੇ ਲੱਗ ਜਾਂਦਾ ਸੀ ਤਾਂ ਇਸਨੂੰ ਅਸੁੱਭ ਮੰਨਿਆਂ ਸੀ ।ਪਿੱਛੋਂ ਅਵਾਜ਼ ਮਾਰ ਦੇਣਾ , ਛਿੱਕ ਮਾਰ ਦੇਣਾ ਜਾਂ ਘਰੋਂ ਨਿਕਲਣ ਲੱਗਿਆਂ ਕੁੱਤੇ ਦੇ ਕੰਨ ਫਟਕਾਰਨਾ ਜਾਂ ਕਾਲੇ ਹਿਰਨ ਦਾ ਸੱਜਿਉ ਲੰਘ ਜਾਣ ਇਹ ਬਹੁਤ ਹੀ ਅਸੁੱਭ ਮੰਨਿਆਂ ਜਾਂਦਾ ਸੀ । ਜੇਕਰ ਇਸ ਤਰ੍ਹਾਂ ਹੁੰਦਾ ਸੀ ਤਾਂ ਕੰਮ ਤੇ ਜਾਣ ਵਾਲੇ ਛਿੱਕ ਵੱਜਣ ਤੇ ਜਰਾ ਕੁ ਰੁੱਕ ਕੇ ਪੈਰ ਦੀ ਜੁੱਤੀ ਝਾੜ ਕੇ ਪਾਉਂਦੇ ਸਨ , ਪਿੱਛੋਂ ਅਵਾਜ਼ ਵੱਜ ਜਾਣ ਤੇ ਪਿੱਛੇ ਮੁੜ ਕੇ ਵਾਪਸ ਕੰਮ ਤੇ ਜਾਇਆ ਜਾਂਦਾ ਸੀ ।

ਕਈ ਲੋਕ ਦੇ ਕਿਸੇ ਬੰਦੇ ਸਬੰਧੀ ਵੀ ਇਹ ਲੋਕ ਵਿਸ਼ਵਾਸ ਦਾ ਵਹਿਮ ਹੁੰਦਾ ਸੀ ਕਿ ਇਹ ਬੰਦਾ ਜਾਂ ਔਹ ਬੁੜੀ ਨੂੰ ਮੱਥੇੇ ਲੱਗ ਜਾਏ ਤਾਂ ਕੰਮ ਬਿਲਕੁੱਲ ਹੀ ਨਹੀਂ ਬਣਨਾ ਅਤੇ ਕਈ ਅਜਿਹੇ ਬੰਦੇ ਜਾਂ ਮਜ੍ਹਬੀ ਸਿੱਖ ਬੰਦੇ ਦਾ ਮੱਥੇ ਲੱਗਾ ਕੇ ਕੰਮ ਤੇ ਨਿਕਲਿਆ ਜਾਂਦਾ ਸੀ ਕਿ ਕੰਮ ਝੱਟ ਬਣ ਜਾਂਦਾ ਸੀ। ਇਸ ਬਾਰੇ ਇੱਕ ਲੋਕ ਵਿਸ਼ਵਾਸ ਇਹ ਵੀ ਸੀ ਕਿ ਭਰਿਆ ਟੋਕਰਾ ਜਾਂ ਹੋਰ ਕੋਈ ਬਰਤਨ ਭਰਿਆ ਘਰੋਂ ਨਿਕਲਦਿਆਂ ਮੱਥੇ ਲੱਗੇ ਤਾਂ ਕੰਮ ਪੂਰੀ ਤਰ੍ਹਾਂ ਬਣੇਗਾ।ਪਰ ਇਹ ਧਾਰਨਾਂ ਮਹਿਜ ਇੱਕ ਲੋਕ ਵਹਿਮ ਹੈ ਜੋ ਕਿ ਵਿਗਿਆਨਕ ਕਸਵੱਟੀ ‘ਤੇ ਪੂਰਾ ਨਹੀਂ ਉੱਤਰਦਾ ਹੈ।

ਲੋਕਾਂ ਦੇ ਭੂਤਾਂ ਪ੍ਰੇਤਾਂ ਸਬੰਧੀ ਵੀ ਆਪਣੇ ਆਪਣੇ ਵਹਿਮ ਪਾਲੇ ਜਾਂਦੇ ਸਨ। ਲੋਕਾਂ ਦਾ ਮੰਨਣਾ ਸੀ ਕਿ ਜੇਕਰ ਮਰਨ ਸਮੇਂ ਕਿਸੇ ਵਿਅਕਤੀ ਦੀ ਸੁਤਾ ਜਿਸ ਚੀਜ਼ ਵਿੱਚ ਹੁੰਦੀ ਸੀ ਉਹ ਮਰਨ ਤੋਂ ਬਾਦ ਉਹ ਚੀਜ਼ ਦੀ ਪ੍ਰਾਪਤੀ ਲਈ ਪ੍ਰੇਤ ਬਣ ਕੇ ਆਪਣੀ ਇਸ ਚੀਜ਼ ਦੀ ਪਰਿਵਾਰਕ ਮੈਂਬਰਾਂ ਤੋਂ ਮੰਗ ਕਰਦਾ ਹੈ। ਕਹਿੰਦੇ ਹਨ ਕਿ ਜਿਹੜੇ ਲੋਕਾਂ ਦਾ ਮਰਨ ਸਮੇਂ ਧਿਆਨ ਧਨ ਸਪੱਤੀ ਵਿੱਚ ਹੁੰਦਾ ਹੈ ਉਹ ਮਰਨ ਤੋਂ ਬਾਅਦ ਸੱਪ ਬਣ ਕੇ ਟਿੱਬਿਆਂ ਉੱਪਰ ਟਹਿਲਦੇ ਹਨ ਕਹਿੰਦੇ ਹਨ ਕਿ ਉਹ ਦੱਬੇ ਹੋਏ ਖਜ਼ਾਨਿਆਂ ਦੀ ਰਖਵਾਲੀ ਕਰ ਰਹੇ ਹੁੰਦੇ ਹਨ।

ਜਿਹੜਾ ਬੰਦਾ ਕਮੌਤ ਮਰੇ ਜਾਂ ਵਿਆਹ ਧਰੇ ਮਰ ਜਾਵੇ ਤਾਂ ਉਸਦੀ ਗਤ ਲਈ ਪਹੋਏ ਨਹਾਉਣ ਦੀ ਰਿਵਾਇਤ ਪ੍ਰਚਲਿਤ ਹੁੰਦੀ ਸੀ ਫਿਰ ਉਹ ਆਪਣੀ ਮਨੌਤ ਕਰਵਾਉਂਦਾ ਹੈ ਭਾਵ ਘਰ ਵਿੱਚ ਹੋਣ ਵਾਲੇ ਹਰ ਖੁਸ਼ੀ ਦੇ ਮੌਕੇ ਵਿਆਹ ਆਦਿ ਕਾਰਜਾਂ ਵਿੱਚ ਸਭ ਤੋਂ ਪਹਿਲਾਂ ਉਸਦੀ ਮਨੌਤ ਕੀਤੀ ਜਾਂਦੀ ਹੈ ਜਾਂ ਚੌਦੇ ਸੰਗਰਾਂਦ ਉਸਦੀ ਬਣਾਈ ਮੜ੍ਹੀ ਉੱਪਰ ਜਾ ਕੇ ਉਸਦੀ ਮਿੱਟੀ ਕੱਢੀ ਜਾਂਦੀ ਹੈ ਕੱਚੀ ਲੱਸੀ ਨਾਲ ਇਸਨਾਨ ਕਰਵਾਇਆ ਜਾਂਦਾ ਹੈ । ਜੇਕਰ ਘਰ ਵਿੱਚ ਕੋਈ ਲੜਾਈ ਕਲੇਸ਼ ਹੋ ਜਾਏ ਤਾਂ ਇਹ ਆਮ ਹੀ ਕਿਹਾ ਜਾਂਦਾ ਹੈ ਕਿ ਤੁਹਾਡਾ ਕਮੌਤ ਮਰਿਆ ਨੌਜਵਾਨ ਜਾਂ ਔਤ ਮਰਿਆ ਬਜੁਰਗ ਤੁਹਾਨੂੰ ਤੰਗ ਪਰੇਸ਼ਾਨ ਕਰਦਾ ਹੈ।

ਇਸ ਕਰਕੇ ਲੋਕ ਮਰਨ ਵਾਲੇ ਦੇ ਕੱਪੜੇ ਪੰਜ ਕਾਪੜੀ ਰੂਪ ਵਿੱਚ ਪਰਿਵਾਰ ਦੇ ਕਿਸੇ ਮੈਂਬਰ ਨੂੰ ਉਸਦਾ ਨਾਂ ਲੈ ਕੇ ਪਵਾਉਂਦੇ ਹਨ। ਜਿਹੜੀ ਔਰਤ ਸਿਲੇ ਜਾਂ ਜਣੇਪੇ ਵਿੱਚ ਕੁਚੀਲ ਮਰ ਜਾਏ ਤਾਂ ਉਹ ਚੁੜੇਲ ਬਣ ਜਾਂਦੀ ਹੈ ਇਹ ਲੋਕ ਵਿਸ਼ਵਾਸ ਵੀ ਕੀਤਾ ਜਾਂਦਾ ਹੈ।ਫਿਰ ਉਸਦੀ ਗੱਤ ਲਈ ਵੀ ਬੰਨ ਸੁੱਭ ਕੀਤੇ ਜਾਂਦੇ ਹਨ। ਕਈ ਤਕੜੇ ਲੋਕ ਤਾਂ ਮਰਨ ਵਾਲੇ ਬੰਦੇ ਦੇ ਸਾਰੇ ਕੱਪੜੇ , ਬਿਸਤਰਾ ਆਦਿ ਗ਼ਰੀਬ ਸੀਰੀ ਬੰਦੇ ਨੂੰ ਦੇ ਦਿੱਤੇ ਜਾਂਦੇ ਹਨ ਕੇ ਕੀ ਪਤਾ ਬਾਪੂ ਲੀੜਿਆਂ ਕਰਕੇ ਹੀ ਸਾਡੇ ਘਰ ਡੇਰੇ ਲਾ ਕੇ ਬੈਠਾ ਰਹੇ ,ਅੱਗੋ ਉਹ ਗਰੀਬ ਬੰਦਾ ਉਹ ਕੱਪੜੇ ਹੱਸ ਕੇ ਫੜ੍ਹ ਲੈਂਦਾ ਹੈ ਉਸਨੂੰ ਕੋਈ ਵਹਿਮ ਨਹੀਂ ਹੁੰਦਾ ਉਹਨੂੰ ਪਤਾ ਹੁੰਦਾ ਹੈ ਕਿ ਇਨ੍ਹਾਂ ਦਾ ਬਾਪੂ ਤਾਂ ਚੰਗੀ ਸਕੋਚ ਪੀਂਦਾ ਸੀ ਮੇਰੇ ਘਰ ਆਕੇ ਉਹਨੇ ਭੁੱਖਾ ਮਰਨਾ ।

ਅਸਲ ਵਿੱਚ ਉਹ ਉਸ ਅਮੀਰ ਨਾਲੋਂ ਵਿਗਿਆਨਕ ਸੋਚ ਰੱਖਦਾ ਹੈ। ਕਹਿੰਦੇ ਹਨ ਕਿ ਬੱਚੇ ਨੂੰ ਜਨਮ ਦੇਣ ਵਾਲੀ ਜੱਚਾ ਦੇ ਬਾਹਰ ਵਧਾਉਣ ਤੋਂ ਪਹਿਲਾਂ ਉਸਨੂੰ ਉਪਰੀਆਂ ਰੂਹਾਂ ਆਦਿ ਤੋਂ ਬਚਾਉਣ ਲਈ ਉਸਦੇ ਮੰਜੇ ਹੇਠ ਦਾਤੀ, ਦੰਦਲਾ,ਲੋਹੇ ਦਾ ਜਿੰਦਾ , ਮੰਤਰ ਪੜ੍ਹ ਕੇ ਪਾਣੀ ਦਾ ਕੁੱਜਾ ਰੱਖਿਆ ਜਾਂਦਾ ਤੇ ਧੁਖਦੇ ਠਿੱਕਰ ਵਿੱਚ ਗੂਗਲ ਦੀ ਧੂਣੀ ਲਈ ਅੱਗ ਮਘਾ ਕੇ ਗੁੱਗਲ ਦੀ ਧੂਣੀ ਕੀਤੀ ਜਾਂਦੀ ਹੈ।ਘਰ ਵਿੱਚ ਬੱਚੇ ਦਾ ਜਨਮ ਦੱਸਣ ਲਈ ਗੇਟ ਦੇ ਬਾਹਰ ਸ਼ਰੀਹ ਜਾਂ ਹੋਰ ਕਿਸੇ ਦਰੱਖਤ ਦੀਆਂ ਵਾਹਣੀਆਂ ਬੰਨ੍ਹ ਦਿੱਤੀਆਂ ਜਾਂਦੀਆਂ ਹਨ ਤਾਂ ਕਿ ਬਾਹਰੋਂ ਆਉਣ ਵਾਲੇ ਬੰਦੇ ਨੂੰ ਘਰ ਵਿੱਚ ਜਣੇਪੇ ਜਾਂ ਜੱਚਾ ਅਤੇ ਬੱਚਾ ਬਾਰੇ ਪਤਾ ਲੱਗ ਸਕੇ।

ਇਸ ਤਰ੍ਹਾਂ ਜਣੇਪੇ ਵਾਲੀ ਔਰਤ ਨੂੰ ਬਾਹਰ ਵਧਾਉਣ ਵਾਲੇ ਸਮੇਂ ਤੱਕ ਖਾਸ ਅਤਿਹਾਤ ਵਰਤੇ ਜਾਂਦੇ ਸਨ ਕਿਸੇ ਕੁੱਤੇ ਬਿੱਲੀ ਰਾਖੀ ਜਾਂ ਬਾਹਰੋਂ ਆਉਣ ਵਾਲੇ ਨੂੰ ਸਿੱਧਾ ਜੱਚਾ ਬੱਚਾ ਦੇ ਮੱਥੇ ਨਹੀ ਲੱਗਣ ਦਿੱਤਾ ਜਾਂਦਾ ਸਗੋਂ ਪਹਿਲਾਂ ਪੈਰ ਹੱਥ ਧੁਵਾ ਕੇ ਅੰਦਰ ਆਉਣ ਦਿੱਤਾ ਜਾਂਦਾ ਸੀ।।ਜੇਕਰ ਕਿਸੇ ਘਰ ਬੱਚਾ ਬੱਚਦਾ ਨਾ ਹੋਵੇ ਤਾਂ ਪਹਿਲਾ ਬੱਚੇ ਕਿਸੇ ਸਾਧ ਦੇ ਡੇਰੇ ਚੜ੍ਹਾ ਦਿੱਤਾ ਜਾਂਦਾ ਸੀ ਜਾਂ ਸੱਤਾ ਖੂਹਾਂ ਦਾ ਪਾਣੀ ਇਕੱਠਾ ਕਰਕੇ ਉਸਨੂੰ ਨਹਾਇਆ ਜਾਂਦਾ ਸੀ ਅਤੇ ਕਈ ਵਾਰੀ ਤਾਂ ਪਹਿਲੇ ਬੱਚੇ ਦਾ ਨੱਕ ਜਾਂ ਕੰਨ ਵਿੰਨ ਕੇ ਉਸਦਾ ਨਾਮ ਨੱਥਾ ਸਿੰਘ ਰੱਖਿਆ ਜਾਂਦਾ ਸੀ ।

ਤਿੰਨ ਕੁੜੀਆਂ ਪਿੱਛੋ ਹੋਣ ਵਾਲੇ ਬੱਚੇ ਨੂੰ ਤੇਲੜ ਕਿਹਾ ਜਾਂਦਾ ਸੀ ਅਜਿਹਾ ਬੱਚਾ ਪਰਿਵਾਰ ਲਈ ਸੁਭ ਨਹੀਂ ਸਮਝਿਆ ਜਾਂਦਾ ਸੀ ਅਜਿਹਾ ਵਿਸ਼ਵਾਸ ਕੀਤਾ ਜਾਂਦਾ ਸੀ ਕਿ ਅਜਿਹਾ ਜਨਮਿਆਂ ਬੱਚਾ ਪਰਿਵਾਰ ਵਿੱਚੋਂ ਕਿਸੇ ਨਾ ਕਿਸੇ ਦੀ ਮੌਤ ਦਾ ਕਾਰਨ ਜ਼ਰੂਰ ਬਣੇਗਾ ( ਜਿਵੇਂ ਪਹਿਲਾ ਪਰਿਵਾਰ ਵਿੱਚ ਸਾਰੇ ਅਮਰ ਹੀ ਰਹਿੰਦੇ ਹਨ) ਅੱਠਵੇਂ ਮਹੀਨੇ ਪੈਦਾ ਹੋਏ ਬੱਚੇ ਨੂੰ ਅਠਰਾਹ ਹੋਣ ਦੀ ਉਪਾਧੀ ਦਿੱਤੀ ਜਾਂਦੀ ਹੈ । ਅਜਿਹਾ ਬੱਚਾ ਵੀ ਪਰਿਵਾਰ ਲਈ ਅਪਸ਼ਗਨੀ ਦਾ ਸੂਚਕ ਮੰਨਿਆਂ ਜਾਂਦਾ ਹੈ ਉਹ ਵੀ ਪਰਿਵਾਰ ਲਈ ਕੋਈ ਨਾ ਕੋਈ ਮੁਬਬਿਤ ਖੜੀ ਕਰੀ ਰੱਖਣ ਵਾਲਾ ਸਮਝਿਆ ਜਾਂਦਾ ਹੈ।

ਇਸ ਦੇ ਲਈ ਕਰਾਂ ਤਰ੍ਹਾਂ ਦੇ ਉਪਾਅ ਕੀਤੇ ਜਾਂਦੇ ਸਨ ਜਿਵੇਂ ਕਿਸੇ ਤਕਈਏ ਵਾਲੇ ਸਾਧ ਦੇ ਡੇਰੇ ਤੇ ਜਾ ਕੇ ਹਥੋਲਾ ਕਰਾ ਕਿ ਕੋਈ ਰੱਖ ਬਣਾ ਕੇ ਉਸਦੇ ਗੱਲ ਵਿੱਚ ਜਾਂ ਡੋਲੇ ਨਾਲ ਬੰਨ੍ਹ ਦਿੱਤੀ ਜਾਂਦੀ ਸੀ ਅਤੇ ਗੁੂਗਲ ਦੀ ਧੂਫ ਕਰਵਾ ਕੇ ਲਿਆਂਦੀ ਜਾਂਦੀ ਸੀ ਜਿਸਦੀ ਧੁੁੂਣੀ ਸਾਰੇ ਘਰ ਵਿੱਚ ਮਘਦੀ ਅੱਗ ਤੇ ਧੁਖਾ ਕੇ ਕੀਤੀ ਜਾਂਦੀ ਸੀ।

ਨਜਰ ਨੂੰ ਆਮ ਕਰਕੇ ਟਪਾਰ ਵੀ ਕਿਹਾ ਜਾਂਦਾ ਹੈ । ਇਸ ਨਜ਼ਰ ਲੱਗਣ ਸਬੰਧੀ ਵੀ ਕਈ ਤਰ੍ਹਾਂ ਦੇ ਵਹਿਮ ਭਰਮ ਲੋਕ ਵਿਸ਼ਵਾਸ ਬਣੇ ਹੋਏ ਸਨ ਕਹਿੰਦੇ ਹਨ ਕਿ ਭੈੜੀ ਨਜ਼ਰ ਤਾਂ ਪੱਥਰਾਂ ਨੂੰ ਵੀ ਪਾੜ ਦਿੰਦੀ ਹੈ । ਇਸ ਬਾਰੇ ਲੋਕਾਂ ਦਾ ਮੰਨਣਾ ਸੀ ਕਿ ਕੋਈ ਲੋਕਾਂ ਦੀ ਨਜਰ ਬਹੁਤ ਭੈੜੀ ਹੁੰਦੀ ਹੈ ਇਸ ਕਰਕੇ ਅਜਿਹੇ ਲੋਕਾਂ ਦੀ ਭੈੜੀ ਨਜ਼ਰ ਤੋਂ ਬਚਾਉਣ ਲਈ ਨਵੇਂ ਪਾਏ ਘਰਾਂ ਉੱਪਰ ਕੁੱਜਾ ਕਾਲਾ ਕਰਕੇ ਜਾਂ ਟੁੱਟਿਆਂ ਛਿੱਤਰ ਬਨ੍ਹੇਰੇ ਨਾਲ ਟੰਗ ਦਿੱਤਾ ਜਾਂਦਾ ਹੈ ਕਈ ਵਾਰੀ ਨਵੀਂ ਲਿਆਂਦੀ ਮਿਸ਼ਨਰੀ ਨਾਲ ਵੀ ਇਹ ਚੀਜ਼ਾਂ ਟੰਗੀਆਂ ਜਾਂਦੀਆਂ ਹਨ।

ਬੱਚਿਆਂ ਨੂੰ ਨਜ਼ਰ ਤੋਂ ਬਚਾਉਣ ਲਈ ਉਨ੍ਹਾਂ ਨੂੰ ਨਹਾ ਕੇ ਸੁਰਮਾ ਪਾ ਕੇ ਕਾਲਾ ਟਿੱਕਾ ਮੱਥੇ ‘ਤੇ ਲਗਾ ਦਿੱਤਾ ਜਾਂਦਾ ਹੈ ਜਾਂ ਫਿਰ ਇੱਕ ਕਾਲੇ ਰੰਗ ਦਾ ਭੱਦਾ ਜਿਹਾ ਛੋਟਾ ਪੱਥਰ ਦਾ ਟੁਕੜਾ ਜਿਸਨੂੰ ਨਜ਼ਰ ਬਟੂ ਕਿਹਾ ਜਾਂਦਾ ਹੈ ਧਾਗੇ ਵਿੱਚ ਮੜ੍ਹਾ ਕੇ ਬੱਚੇ ਦੇ ਗਲ ਵਿੱਚ ਪਾ ਦਿੱਤਾ ਜਾਂਦਾ ਹੈ । ਹੋਰ ਤਾਂ ਹੋਰ ਨਜ਼ਰ ਲੱਗਣ ਵਾਲੇ ਬੰਦੇ ਦੇ ਪੈਰ ਦੀ ਮਿੱਟੀ ਚੱਕ ਕੇ ਨਜ਼ਰ ਲੱਗੀ ਵਾਲੇ ਬੱਚੇ ਦੇ ਸੱਤ ਵਾਰ ਸਿਰ ਉੱਤੋਂ ਦੀ ਵਾਰ ਕੇ ਚੁੱਲ੍ਹੇ ਵਿੱਚ ਸੁੱਟ ਦਿੱਤੀ ਜਾਂਦੀ ਹੈ ।

ਨਜ਼ਰ ਦੇ ਪਰਕੋਪ ਨੂੰ ਘਟਾਉਣ ਲਈ ਲਾਲ ਮਿਰਚਾ ਵਾਰ ਕੇ ਚੁੱਲੇ ਵਿੱਚ ਸੁੱਟੀਆਂ ਜਾਂਦੀ ਹਨ ਅਤੇ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਜੇਕਰ ਤਾਂ ਭੰਕ ਚੜ੍ਹ ਗਈ ਤਾਂ ਨਜ਼ਰ ਨਹੀਂ ਜੇਕਰ ਭੰਕ ਚੜ੍ਹ ਜਾਵੇ ਤਾਂ ਪੱਕਾ ਕਿਸੇ ਦੀ ਨਜ਼ਰ ਲੱਗੀ ਹੈ । ਨਜ਼ਰ ਉਤਾਰਨ ਲਈ ਫਟਕੜੀ ਨੂੰ ਤੜੇ ਤੇ ਖਿੱਲ ਕਰਕੇ ਉਸਨੂੰ ਕੜਛੇ ਵਿੱਚ ਪਾਕੇ ਚੁਰਸਤੇ ਵਿੱਚ ਲਜਾ ਕੇ ਛਿੱਤਰਾਂ ਨਾਲ ਕੁੱਟਿਆ ਜਾਂਦਾ ਹੈ , ਅਜਿਹਾ ਕਰਨ ਨਾਲ ਨਜ਼ਰ ਉੱਤਰ ਜਾਂਦੀ ਹੈ । ਇਹ ਵੀ ਲੋਕਾਂ ਦਾ ਇੱਕ ਲੋਕ ਵਿਸ਼ਵਾਸ ਮੰਨਿਆ ਜਾਂਦਾ ਹੈ।

ਕਈ ਲੋਕ ਤਾਂ ਚਿਮਟਾ, ਖੁਰਚਣਾ ਪਰਾਂਤ ਵਿੱਚ ਧੋ ਕੇ ਪਾਣੀ ਪਿਲਾਉਣ ਜਾਂ ਉੱਤੇ ਛਿੱਟਕਣ ਨਾਲ ਨਜ਼ਰ ਦਾ ਅਸਰ ਘਟ ਜਾਂਦਾ ਹੈ ਅਤੇ ਕਈ ਲੋਕਾਂ ਵਿਸ਼ਵਾਸ ਹੈ ਕਿ ਜੇਕਰ ਜਿਆਦਾ ਰੋਂਦਾ ਹੈ ਤਾਂ ਉਸਨੂੰ ਗੁਰਦੁਆਰੇ ਦੇ ਭਾਈ , ਪੰਡਤ ਜਾਂ ਕਿਸੇ ਡੇਰੇ ਦੇ ਸਾਧ ਤੋਂ ਹਥੌਲਾਂ ਕਰਵਾਇਆ ਜਾਂਦਾ ਹੈ । ਸੋਚਣ ਵਾਲੀ ਗੱਲ ਤਾਂ ਇਹ ਹੈ ਕਿ ਗੁਰਦੁਆਰੇ ਦਾ ਭਾਈ ਦੇ ਵੀ ਤਾਂ ਬੱਚੇ ਉਹ ਵੀ ਤਾਂ ਕਿਸੇ ਵਕਤ ਰੋ ਸਕਦੇ ਹਨ ਤਾਂ ਫਿਰ ਉਹ ਆਪਣੇ ਬੱਚਿਆਂ ਦੀ ਨਜ਼ਰ ਉਤਾਰਨ ਲਈ ਕਿਸ ਕੋਲ ਫਾਂਡਾ(ਹਥੌਲਾ) ਕਰਵਾਉਣ ਜਾਏਗਾ।

ਬੱਚਾ ਤਾਂ ਕਿਸੇ ਵੇਲੇ ਕਿਸੇ ਦਾ ਵੀ ਰੋ ਸਕਦਾ ਹੈ । ਇਹ ਸਭ ਵਹਿਮ ਭਰਮ ਸਾਡੇ ਦਿਮਾਗ ਦੀ ਉਪਜ ਹਨ ਜਿਹੜੇ ਮੌਲਿਕਤਾ ਤੋਂ ਕੋਹਾਂ ਦੂਰ ਹਨ । ਸਾਰਥਿਕ ਨਾ ਹੋ ਕੇ ਨਿਰਾਥਿਕ ਗੱਲਾਂ ਹਨ ਜਿੰਨ੍ਹਾਂ ਵਿੱਚ ਸਾਡਾ ਸਮਾਜ ਹਾਲੇਂ ਤੱਕ ਵੀ ਗ੍ਰਸਿਆ ਹੋਇਆ ਹੈ । ਸਾਡਾ ਬਹੁਤ ਸਾਰਾ ਪੜ੍ਹਿਆ ਲਿਖਿਆ ਵਰਗ ਹਾਲੇ ਵੀ ਭੂਤਾਂ ਪ੍ਰੇਤਾਂ , ਰੂਹਾਂ ਬਰੂਹਾਂ ਅਤੇ ਨਜਰਾਂ ਦੇ ਵਹਿਮਾਂ ਭਰਮਾਂ ਵਿੱਚ ਫਸਿਆ ਹੋਇਆ ਹੈ ਇੱਟਾਂ ਨੂੰ ਮੱਥੇ ਟੇਕੀ ਜਾ ਰਿਹਾ ਹੈ ਦਰਖੱਤਾਂ ਦੀ ਪੂਜਾ ਕਰੀ ਜਾਂਦਾ ਹੈ ।ਇਹ ਨਿਰੇ ਵਹਿਮ ਭਰਮ ਹਨ ਜਿਹੜੇ ਲੋਕ ਵਿਸ਼ਵਾਸ ਬਣੇ ਹੋਏ ਹਨ।

ਸਤਨਾਮ ਸਮਾਲਸਰੀਆ
ਸੰਪਰਕ: 97108 60004

Previous articleTrump expects Covid vaccine to be available for ‘every American’ by April
Next articleAl-Qaeda men nabbed from Kochi, rented homes during lockdown