(ਸਮਾਜ ਵੀਕਲੀ)
ਇਸ ਵਿੱਚ ਕੋਈ ਸ਼ੱਕ ਨਹੀਂ ਕਿ ਸੰਸਾਰ ਉੱਤੇ ਮਨੁੱਖ ਸਭ ਤੋਂ ਸਰਵ ਸ੍ਰੇਸਟ ਅਤੇ ਬੁੱਧੀਮਾਨ ਪ੍ਰਾਣੀ ਹੈ ਪਰ ਇਹ ਆਪਣੀਆਂ ਨਲਾਇਕੀਆਂ ਅਤੇ ਭੈੜੀਆਂ ਕਾਢਾਂ ਕਰਕੇ ਆਪਣੇ ਆਪ ਅਤੇ ਦੂਜਿਆਂ ਲਈ ਦੁੱਖਾਂ ਦਾ ਕਾਰਨ ਬਣਦਾ ਰਿਹਾ । ਇਹ ਦੁੱਖ ਉਸਦੇ ਦੁਆਰਾ ਕੀਤੇ ਜਾਣ ਵਾਲੇ ਭੈੜੇ ਕਾਰਨਾਮਿਆਂ ਕਰਕੇ ਪੈਦਾ ਹੁੰਦੇ ਹਨ ਭਾਵੇਂ ਉਸਦੇ ਦੁਆਰਾ ਇਜਾਦ ਕੀਤੇ ਖਤਰਨਾਕ ਅਵੀਸ਼ਕਾਰ ਹੋਣ ਜਾਂ ਆਪਣੇ ਚੋਚ ।
ਪੂਰੇ ਭਾਰਤ ਵਿੱਚ ਅਣਗਿਤ ਬਿਮਾਰੀਆਂ ਅਤੇ ਅਲਾਮਤਾ ਦਿਨ ਬ ਦਿਨ ਆਪਣੇ ਪੈਰ ਪਸਾਰ ਰਹੀਆਂ ਹਨ ਜਿੰਨ੍ਹਾਂ ਦਾ ਇਲਾਜ ਇੱਕ ਆਮ ਨਾਗਰਿਕ ਕੋਲ ਸੰਭਵ ਨਹੀਂ ।ਇਹ ਬਿਮਾਰੀਆਂ ਤੋਂ ਅੱਜ ਕੱਲ੍ਹ ਦਾ ਕੋਈ ਵੀ ਬੰਦਾ ਅਣਜਾਣ ਨਹੀਂ ਹੈ। ਪਰ ਇਨ੍ਹੀ ਦਿਨੀਂ ਜਦ ਫਰਵਰੀ ਦਾ ਮਹੀਨਾ ਚੱਲ ਰਿਹਾ ਹੈ ਜਿਸ ਵਿੱਚ ਬਸੰਤ ਪੰਚਮੀ ਦਾ ਤਿਉਹਾਰ ਆਉਣ ਵਾਲਾ ਹੈ ਜਿਸ ਵਿੱਚ ਲੋਕ ਵੱਡੀ ਗਿਣਤੀ ਵਿੱਚ ਪਤੰਗਬਾਜ਼ੀ ਕਰਨਗੇ ਅਤੇ ਡੀ.ਜੇ ਚਲਾ ਕੇ ਸਰੀਫ ਲੋਕਾਂ ਨੂੰ ਪਰੇਸ਼ਾਨ ਕਰਨਗੇ ਅਤੇ ਕਈ ਮਨੁੱਖਾਂ ਤੇ ਪੰਛੀਆਂ ਲਈ ਮੌਤ ਦਾ ਕਾਰਨ ਬਣਨਗੇ।ਪਿੰਡਾਂ ਸ਼ਹਿਰਾਂ ਵਿੱਚ ਲੋਕ ਵੱਡੀ ਗਿਣਤੀ ਵਿੱਚ ਪਤੰਗ ਚੜ੍ਹਾਉਂਦੇ ਹਨ।
ਸ਼ਹਿਰਾਂ ਵਿੱਚ ਇਹ ਪਤੰਗਬਾਜ਼ੀ ਜਿਆਦਾ ਜ਼ੋਰਾਂ ਸ਼ੋਰਾਂ ‘ਤੇ ਦੇਖੀ ਜਾ ਸਕਦੀ ਹੈ । ਕੀ ਨਿਆਣਾ ਕੀ ਸਿਆਣਾ ਪਤੰਗ ਚੜ੍ਹਾਉਂਦਾ ਨਜ਼ਰ ਆ ਰਿਹਾ ਹੈ। ਇਹ ਪਤੰਗ ਚੜ੍ਹਾਉਣ ਲਈ ਆਮ ਕਰਕੇ ਚਾਇਨਾ ਦੁਆਰਾ ਇਜਾਦ ਕੀਤੀ ਚਾਇਨਾ ਦੀ ਡੋਰ ਅਤੇ ਹੋਰ ਪਤਾ ਨਹੀਂ ਕਿਹੜੀਆਂ ਕਿਹੜੀਆਂ ਤਿੱਖੀਆਂ ਡੋਰਾਂ ਇਸਤੇਮਾਲ ਕੀਤਾ ਜਾਂਦਾ ਹੈ ਜਿਹੜਾ ਕਿ ਕਈ ਬੇਦੋਸ਼ੇ ਬੰਦਿਆਂ ਅਤੇ ਜਾਨਵਰਾਂ ਨੂੰ ਆਏ ਦਿਨ ਬਲੀ ਦਾ ਬੱਕਰਾ ਬਣਾ ਰਹੀ ਹੈ। ਜਿਹੜੇ ਬੰਦਿਆਂ ਨੇ ਕਦੇ ਜਿੰਦਗੀ ਵਿੱਚ ਪਤੰਗ ਦੀ ਕਦੇ ਤੀਲ ਨਹੀਂ ਖਰੀਦੀ ਉਹ ਵਿਚਾਰੇ ਇਨ੍ਹਾਂ ਤਿੱਖੀਆਂ ਡੋਰਾਂ ਕਾਰਨ ਹਾਦਸਿਆਂ ਦਾ ਸ਼ਿਕਾਰ ਹੋ ਰਹੇ ਹਨ।
ਮੇਰੇ ਆਪਣੇ ਅੱਖੀ ਦੇਖਣ ਦੀ ਗੱਲ ਹੈ ਇੱਕ ਬੱਚਾ ਘਰ ਤੋਂ ਸਾਇਕਲ ‘ਤੇ ਟਿਊਸ਼ਨ ਪੜ੍ਹਨ ਜਾ ਰਿਹਾ ਸੀ ਉਸਦੇ ਗਲ ਵਿੱਚ ਚਾਇਨਾ ਦੀ ਡੋਰ ਪੈ ਗਈ ਡੋਰ ਨੇ ਦੇਖਦਿਆਂ ਦੇਖਦਿਆਂ ਧੜ ਸਰੀਰ ਤੋਂ ਵੱਖ ਕਰ ਦਿੱਤੀ।ਇਹ ਦੇਖ ਕੇ ਮੇਰਾ ਸਰੀਰ ਸੁੰਨ ਸਾਨ ਹੋ ਗਿਆ ਸੀ।ਇਸ ਤਰ੍ਹਾਂ ਦੀਆਂ ਪਤਾ ਨਹੀਂ ਹੋਰ ਕਿੰਨੀਆਂ ਕੁ ਦਿਲ ਦਹਿਲਾ ਦੇਣ ਵਾਲੀਆਂ ਘਟਨਾਵਾਂ ਏਸ ਚਾਈਨਾ ਦੀਆਂ ਡੋਰਾਂ ਕਾਰਨ ਪਤਾ ਨਹੀਂ ਹੋਰ ਕਿੱਥੇ ਕਿੱਥੇ ਵਾਪਰਦੀਆਂ ਹਨ।ਇਹ ਡੋਰਾਂ ਮਨੁੱਖ ਦੀਆਂ ਦੁਆਰਾ ਇਸਤੇਮਾਲ ਕੀਤੀਆਂ ਜਾਂਦੀਆਂ ਹਨ ਪਰ ਮੌਤ ਦਾ ਕਾਰਨ ਬੇਦੋਸ਼ੇ ਪੰਛੀਆਂ ਅਤੇ ਜਾਨਵਰਾਂ ਦਾ ਵੀ ਬਣਦੀਆਂ ਹਨ ।
ਅਸੀਂ ਅਕਸਰ ਪੰਛੀਆਂ ਦੇ ਹੱਥ ਪੈਰ ਕੱਟੇ ਦੇਖਦੇ ਹਾਂ ਜਾ ਕਈ ਪੰਛੀਆਂ ਦੀਆਂ ਗਰਦਨਾਂ ਕੱਟੀਆਂ ਦੇਖਦੇ ਹਾਂ । ਨਿਰਦਈ ਕਿਸਮ ਦੇ ਲੋਕ ਜਿਹੜੇ ਪਤੰਗਬਾਜ਼ੀ ਕਰਦੇ ਸਮੇਂ ਤਿੱਖੀਆਂ ਚਾਈਨਾਂ ਦੀਆਂ ਡੋਰਾਂ ਵਰਤੇ ਹਨ ਤਾਂ ਇਹ ਪੰਛੀ ਉੱਡਦੇ ਸਮੇਂ ਇਨ੍ਹਾਂ ਵਿੱਚ ਫਸ ਜਾਂਦੇ ਹਨ ਜਾਂ ਕਈ ਦਰੱਖਤਾਂ ‘ਤੇ ਲਟਕਦੀਆਂ ਡੋਰਾਂ ਵਿੱਚ ਫਸ ਕੇ ਆਪਣੀ ਜਾਨ ਤੋਂ ਹੱਥ ਧੋ ਬੈਠਦੇ ਹਨ। ਜਿੰਨ੍ਹਾਂ ਦੇ ਮਰਨ ਬਾਦ ਉਨ੍ਹਾਂ ਦੇ ਨਿੱਕੇ ਨਿੱਕੇ ਬੋਟ ਹਮੇਸ਼ਾਂ ਲਈ ਲਾਵਾਰਸ਼ ਹੋ ਜਾਂਦੇ ਹਨ । ਆਖਿਰ ਮਾਂ ਬਾਪ ਤਾਂ ਮਾਂ ਬਾਪ ਹੀ ਹੁੰਦਾ ਹੈ ਚਾਹੇ ਮਨੁੱਖ ਦਾ ਹੋਵੇ ਜਾਂ ਪਸ਼ੂ ਪੰਛੀ ਦਾ। ਕੀ ਅਜਿਹਾ ਕਰਕੇ ਜੀਵ ਸੁਰੱਖਿਆ ਐਕਟ ਦੀਆਂ ਧੱਜੀਆਂ ਨਹੀਂ ਉਡਾਈਆਂ ਜਾਂਦੀਆਂ।
ਦੂਜੇ ਦੇਸ਼ ਜਿਹੜੇ ਹਰੇਕ ਜੀਵ ਦੀ ਰੱਖਿਆ ਦਾ ਵਿਸ਼ੇਸ਼ ਧਿਆਨ ਰੱਖਦੀ ਹੈ ਉਨ੍ਹਾਂ ਦੇਸ਼ਾਂ ਵਿੱਚ ਇਸ ਤਰ੍ਹਾਂ ਦੀਆਂ ਡੋਰਾਂ ਅਤੇ ਪਤੰਗਬਾਜ਼ੀ ਦੀ ਮੁਕੰਮਲ ਮਨਾਹੀ ਹੈ। ਕੀ ਅਸੀਂ ਏਨੇ ਹੀ ਗਏ ਗੁਜਰੇ ਹਾਂ ਜਿਹੜੇ ਆਪਣੇ ਭਲੇ ਬੁਰੇ ਦਾ ਖਿਆਲ ਨਹੀਂ ਕਰ ਸਕਦੇ । ਉਂਝ ਅਸੀਂ ਕਹਿੰਦੇ ਹਾਂ ਕਿ ਬਹੁਤ ਮਾੜਾ ਹੋਇਆ ਪਰ ਕਦੇ ਸੋਚਿਆ ਇਹ ਮਾੜਾ ਕਿਉਂ ਹੋਇਆ ਜੇ ਅਸੀਂ ਇਹ ਡੋਰਾਂ ਦਾ ਇਸਤੇਮਾਲ ਨਾ ਕਰਦੇ ਤਾਂ ਨਾਲੇ ਤਾਂ ਸਾਡੇ ਬੇਦੋਸ਼ੇ ਭੈਣ ਭਰਾ ਜਿੰਨ੍ਹਾਂ ਨੇ ਕਦੇ ਜਿੰਦਗੀ ਵਿੱਚ ਪਤੰਗ ਦਾ ਸੁਪਨਾ ਵੀ ਨਹੀਂ ਲਿਆ ਹੋਣਾ ਬਚ ਜਾਂਦੇ ਨਾਲ ਸਾਡੇ ਕੁਦਰਤੀ ਸੰਪਤੀ ਸਾਡੇ ਪਸ਼ੂ ਪੰਛੀ ਵੀ ਬਚ ਜਾਂਦੇ । ਪਰ ਅਫਸੋਸ ਅਸੀਂ ਬਹੁਤ ਅਹਿਸਾਨ ਫਰਾਮੋਸ਼ ਲੋਕ ਹਾਂ।
ਆਪਣੇ ਗੁਆਂਢੀ ਦਾ ਭਲਾ ਨਹੀਂ ਕਰ ਸਕਦੇ ਫਿਰ ਦੂਜਿਆਂ ਦਾ ਭਲਾ ਕਰਨਾਂ ਤਾ ਬਹੁਤ ਦੂਰ ਦੀ ਗੱਲ ਹੈ। ਸਾਡੀਆਂ ਸਰਕਾਰਾਂ ਤਾਂ ਪਹਿਲਾਂ ਹੀ ਸਾਡਾ ਗਲਾ ਘੁੱਟਣ ਤੇ ਤੁਲੀਆ ਹੋਈਆਂ ਹਨ ਉਹ ਇਸ ਤਰ੍ਹਾਂ ਦੇ ਸੁਰੱਖਿਆ ਨਿਯਮਾਂ ਕੀ ਗੌਰ ਕਰ ਸਕਦੇ ਹਨ ਅਤੇ ਨਾ ਹੀ ਉਨ੍ਹਾਂ ਤੋਂ ਕੋਈ ਭਲੇ ਦੀ ਆਸ ਕੀਤੀ ਜਾ ਸਕਦੀ ਹੈ। ਪਰ ਇਹ ਬਹੁਤ ਧਿਆਨ ਦੇਣ ਯੋਗ ਗੱਲ ਹੈ ਜਿਸ ਬਾਰੇ ਧਿਆਨ ਦੇਣਾ ਸਾਡਾ ਫਰਜ਼ ਬਣਦਾ ਹੈ ।
ਅਸੀਂ ਜੇਕਰ ਸਮਾਜ ਲਈ ਕੁਝ ਚੰਗਾ ਨਹੀਂ ਕਰ ਸਕਦੇ ਤਾਂ ਸਮਾਜ ਲਈ ਮਾੜਾ ਕਰਨ ਦਾ ਵੀ ਸਾਡਾ ਕੋਈ ਹੱਕ ਨਹੀਂ। ਅਸੀਂ ਆਪਣੇ ਚੰਦ ਮਿੰਟਾਂ ਦੇ ਸੁਗਲ ਲਈ ਆਮ ਨਿਰਦੋਸ਼ ਲੋਕਾਂ ਲਈ ਮੌਤ ਦੇ ਫਾਹੇ ਨਹੀਂ ਲਗਾ ਸਕਦੇ। ਆਓ ਰਲ ਕੇ ਦੇਸ਼ ਅੰਦਰ ਤੇਜੀ ਨਾਲ ਵੱਧ ਰਹੀ ਇਹ ਭੈੜੀ ਅਲਾਮਤ ਤੋਂ ਛੁਟਕਾਰਾ ਪਾਈਏ ਅਤੇ ਆਪਣੇ ਸਮਾਜ ਲਈ ਕੁਝ ਚੰਗਾ ਕਰੀਏ ਪਸ਼ੂ ਪੰਛੀਆਂ ਅਤੇ ਜੀਵਾਂ ਦਾ ਖਿਆਲ ਰੱਖੀਏ। ਹਰ ਮਨੁੱਖ ਦੇ ਜੀਵਨ ਦੀ ਕਦਰ ਕਰਦੇ ਹੋਏ ਇਸ ਪਤੰਗਬਾਜ਼ੀ ਵਿੱਚ ਵਰਤੀ ਜਾਣ ਵਾਲੀ ਆਤਮਘਾਤੀ ਚਾਇਨਾ ਡੋਰ ਬੰਦ ਕਰੀਏ।
ਸਤਨਾਮ ਸਮਾਲਸਰੀਆ
9710860004