(ਸਮਾਜ ਵੀਕਲੀ)
ਬਦਲ ਕੇ ਰੱਖ ਦਿੱਤੇ ਸਭ, ਸੀ ਜੋ ਨਾਮ ਮੁਸਲਮਾਨਾਂ ਦੇ
ਇਹ ਕਰਕੇ ਕਹਿੰਦੇ ਸਾਡਾ ਤਾਂ, ਸੀਨਾ ਫ਼ੌਲਾਦੀ ਹੋ ਗਿਆ
ਦੁਨੀਆਂ ਤਾਂ ਹੁਣ ਵੀ ਜਾਣਦੀ ਉਹਨੂੰ, ਪਹਿਲੇ ਹੀ ਨਾਮ ਨਾ’
ਅਕਬਰ ਇਲਾਹਾ..ਬਾਦੀ ਜੋ, ਪਰਿਆਗਬਾਦੀ ਹੋ ਗਿਆ
ਮਹਿੰਗਾਈ ਬੇਰੁਜ਼ਗਾਰੀ ਨੇ ਕੱਢ ‘ਤਾ ਦੀਵਾਲ਼ਾ ਦੇਸ਼ ਦਾ
‘ਸਭ ਦਾ ਵਿਕਾਸ’ ਨਾਅਰਾ, ਸਭ ਦੀ ਬਰਬਾਦੀ ਹੋ ਗਿਆ
ਹੋਰਾਂ ਦੀ ਦੇਸ਼ ਭਗਤੀ , ਹੈ ਨਜ਼ਰ ਕਿਉਂ ਨਹੀਂ ਆਂਵਦੀ
ਰਾਸ਼ਟਰ ਹੀ ਸਾਰਾ ਵੇਚ ਕਿੰਝ , ਕੋਈ ਰਾਸ਼ਟਰਵਾਦੀ ਹੋ ਗਿਆ
ਖੁਦ ਦੇ ਤਾਂ ਪੁੱਤ ਭਤੀਜੇ ਸਭ, ਉੱਤਰਾਧਿਕਾਰੀ ਕਰ ਲਏ
ਹੋਰਾਂ ‘ਤੇ ਕੱਸਦੇ ਤੰਜ ਕਿ ਉਹ, ਪਰਿਵਾਰਵਾਦੀ ਹੋ ਗਿਆ
ਬੜਾ ਹੀ ਸਸਤਾ ਸੀ ਕੱਪੜਾ, ਗਰੀਬਾਂ ਲਈ ਜੋ ਖੱਦਰ ਦਾ
ਨੇਤਾਵਾਂ ਨੇ ਕੀ ਪਹਿਨਿਆਂ , ਮਹਿੰਗਾ ਇਹ ਖਾਦੀ ਹੋ ਗਿਆ
ਭੜਕਾਉਂਦੇ ਕਿਉਂ ਨੇ ਉਹ ‘ਖੁਸ਼ੀ’, ਕਿਸੇ ਨੂੰ ਬੋਲ ਕੇ ਮੰਦੜਾ
ਸੁਣਿਆਂ ਕਿ ਭੜਕ ਕੇ ਕੋਈ, ਬੰਦਾ ਜੱਲਾਦੀ ਹੋ ਗਿਆ
ਖੁਸ਼ੀ ਮੁਹੰਮਦ “ਚੱਠਾ”
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly