ਸ਼ਰਾਬ ਦੇ ਠੇਕਿਆਂ ਦੀ ਲਾਟਰੀ ਰਾਹੀਂ ਨਿਲਾਮੀ ਲਈ ਇਕੱਲੇ ਫ਼ਰੀਦਕੋਟ ਜ਼ਿਲ੍ਹੇ ਲਈ 1759 ਅਰਜ਼ੀਆਂ ਆਈਆਂ ਹਨ। ਫ਼ਰੀਦਕੋਟ ਵਿੱਚ 20 ਮਾਰਚ ਨੂੰ ਪ੍ਰਸ਼ਾਸਨਿਕ ਅਤੇ ਆਬਕਾਰੀ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਜਨਤਕ ਤੌਰ ’ਤੇ ਲਾਟਰੀ ਕੱਢ ਕੇ ਠੇਕੇ ਅਲਾਟ ਕੀਤੇ ਜਾਣਗੇ। ਮੌਜੂਦਾ ਆਬਕਾਰੀ ਵਰ੍ਹੇ ਦੌਰਾਨ ਸਾਬਕਾ ਅਕਾਲੀ ਵਿਧਾਇਕ ਦੀਪ ਮਲਹੋਤਰਾ ਪੂਰੇ ਜ਼ਿਲ੍ਹੇ ਦੇ ਕਾਰੋਬਾਰ ’ਤੇ ਕਾਬਜ਼ ਹੈ। ਇਸ ਵਾਰ ਵੀ ਕੁੱਲ ਪਈਆਂ ਲਾਟਰੀਆਂ ’ਚੋਂ ਕਰੀਬ ਅੱਧੀ ਗਿਣਤੀ ਮਲਹੋਤਰਾ ਜਾਂ ਉਸ ਦੇ ਹਿੱਸੇਦਾਰਾਂ ਦੀਆਂ ਹਨ। ਸੂਤਰਾਂ ਮੁਤਾਬਿਕ 2012 ਵਿੱਚ ਜ਼ਿਲ੍ਹੇ ’ਚੋਂ ਬਾਹਰ ਹੋਏ ਸ਼ਿਵ ਲਾਲ ਡੋਡਾ ਦੀ ਫਰਮ ਨੇ ਇਸ ਵਰ੍ਹੇ ਤੋਂ ਫਿਰ ਫ਼ਰੀਦਕੋਟ ਜ਼ਿਲ੍ਹੇ ’ਚ ਦਸਤਕ ਦਿੱਤੀ ਹੈ। ਇਸ ਤੋਂ ਇਲਾਵਾ ਪੌਂਟੀ ਚੱਢਾ, ਮਰਹੂਮ ਦਰਸ਼ਨ ਕੁਮਾਰ ਬਾਜਾਖਾਨਾ ਅਤੇ ਖਾਸਾ ਡਿਸਟਲਰੀ ਦੇ ਹਿੱਸੇਦਾਰਾਂ ਨੇ ਵੀ ਇਸ ਵਾਰ ਜ਼ਿਲ੍ਹੇ ਅੰਦਰ ਲਾਟਰੀਆਂ ਪਾਈਆਂ ਹਨ। ਜੈਤੋ ਦੇ ਗਰੁੱਪਾਂ ’ਤੇ ਜ਼ਿਆਦਤਰ ਲਾਟਰੀ ਮਲਹੋਤਰਾ ਗਰੁੱਪ ਨੇ ਪਾਈ ਹੈ ਜਦ ਕਿ ਫ਼ਰੀਦਕੋਟ ਅਤੇ ਕੋਟਕਪੂਰਾ ਲਈ ਬਹੁਤ ਸਾਰੇ ਬਿਨੈਕਾਰਾਂ ਨੇ ਦਿਲਚਸਪੀ ਵਿਖਾਈ ਹੈ। ਜ਼ਿਲ੍ਹੇ ਅੰਦਰ ਠੇਕਿਆਂ ਦੇ ਵੱਖ-ਵੱਖ 18 ਗਰੁੱਪ ਬਣਾਏ ਗਏ ਹਨ। ਇਨ੍ਹਾਂ ਵਿੱਚੋਂ 7 ਗਰੁੱਪ ਫ਼ਰੀਦਕੋਟ, 7 ਕੋਟਕਪੂਰਾ, 3 ਜੈਤੋ ਅਤੇ 1 ਗਰੁੱਪ ਸਾਦਿਕ ਦੇ ਤਿਆਰ ਕੀਤੇ ਗਏ ਹਨ। ਆਬਕਾਰੀ ਨੀਤੀ 2019-20 ਲਈ ਲਾਟਰੀ ਦੀ ਪ੍ਰਤੀ ਅਰਜ਼ੀ ਕੀਮਤ 30 ਹਜ਼ਾਰ ਮਿਥੀ ਗਈ ਸੀ। ਫ਼ਰੀਦਕੋਟ ਦੇ 7 ਗਰੁੱਪਾਂ ਲਈ 765, ਕੋਟਕਪੂਰਾ ਦੇ 7 ਗਰੁੱਪਾਂ ਲਈ 687, ਜੈਤੋ ਦੇ 3 ਗਰੁੱਪਾਂ ਲਈ 256 ਅਤੇ ਸਾਦਿਕ ਦੇ ਇੱਕੋ-ਇੱਕ ਗਰੁੱਪ ਲਈ 51 ਅਰਜ਼ੀਆਂ ਦਾਖ਼ਲ ਹੋਈਆਂ ਹਨ। ਫ਼ਰੀਦਕੋਟ ਜ਼ਿਲ੍ਹੇ ਦੀ ਸਾਲਾਨਾ ਲਾਇਸੰਸ ਫੀਸ ਕਰੀਬ 115 ਕਰੋੜ ਰੁਪਏ ਨਿਰਧਾਰਤ ਕੀਤੀ ਗਈ ਹੈ। ਸਰਕਾਰ ਨੂੰ ਲਾਟਰੀ ਬਿਨੈ-ਪੱਤਰਾਂ ਦੇ ਕਰੀਬ 5.27 ਕਰੋੜ ਰੁਪਏ ਇਸ ਤੋਂ ਅਲੱਗ ਪ੍ਰਾਪਤ ਹੋਏ ਹਨ।
INDIA ਫ਼ਰੀਦਕੋਟ ਜ਼ਿਲ੍ਹੇ ਦੇ 18 ਆਬਕਾਰੀ ਗਰੁੱਪਾਂ ਲਈ 1759 ਅਰਜ਼ੀਆਂ ਦਾਖ਼ਲ