ਫ਼ਰੀਦਕੋਟ (ਸਮਾਜਵੀਕਲੀ) : ਫ਼ਰੀਦਕੋਟ ਦੀ ਰਿਆਸਤ ਦੀ ਵਿਰਾਸਤ ਦਾ ਝਗੜਾ ਹੁਣ ਗੰਭੀਰ ਰੂਪ ਧਾਰਨ ਕਰਦਾ ਜਾ ਰਿਹਾ ਹੈ। ਫ਼ਰੀਦਕੋਟ ਰਿਆਸਤ ਦੇ ਆਖਰੀ ਮਹਾਰਾਜਾ ਹਰਿੰਦਰ ਸਿੰਘ ਬਰਾੜ ਦੀ ਵਸੀਅਤ ਟੁੱਟਣ ਤੋਂ ਬਾਅਦ ਕੁਝ ਵਿਅਕਤੀਆਂ ਨੇ ਅੱਜ ਗੈਰਕਾਨੂੰਨੀ ਤਰੀਕੇ ਨਾਲ ਰਿਆਸਤ ਦੇ ਰਾਜ ਮਹਿਲ ਅਤੇ ਕਿਲ੍ਹਾ ਮੁਬਾਰਕ ‘ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ।
ਸ਼ਿਕਾਇਤ ਮਿਲਣ ਤੋਂ ਬਾਅਦ ਪੁਲੀਸ ਨੇ ਰਾਜ ਮਹਿਲ ਅਤੇ ਕਿਲ੍ਹਾ ਮੁਬਾਰਕ ‘ਚੋਂ ਛੇ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਹੈ, ਜਿਨ੍ਹਾਂ ਨੇ ਕਥਿਤ ਤੌਰ ‘ਤੇ ਨਾਜਾਇਜ਼ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ। 1 ਜੂਨ 2020 ਨੂੰ ਫਰੀਦਕੋਟ ਦੇ ਰਾਜਾ ਹਰਿੰਦਰ ਸਿੰਘ ਬਰਾੜ ਦੀ ਵਸੀਅਤ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਗੈਰਕਾਨੂੰਨੀ ਘੋਸ਼ਿਤ ਕਰ ਦਿੱਤੀ ਸੀ ਅਤੇ ਰਿਆਸਤ ਦੀ ਹਜ਼ਾਰਾਂ ਕਰੋੜ ਦੀ ਜਾਇਦਾਦ ਦਾ ਮਾਲਕ ਰਾਜਾ ਹਰਿੰਦਰ ਸਿੰਘ ਬਰਾੜ ਦੇ ਪਰਿਵਾਰਕ ਮੈਂਬਰਾਂ ਨੂੰ ਬਣਾ ਦਿੱਤਾ ਸੀ।
ਇਸ ਤੋਂ ਪਹਿਲਾਂ ਰਿਆਸਤ ਦੀ ਕੁੱਲ ਜਾਇਦਾਦ ਦੀ ਸਾਂਭ-ਸੰਭਾਲ ਵਸੀਅਤ ਮੁਤਾਬਿਕ ਮਹਾਰਾਵਲ ਖੇਵਾ ਜੀ ਟਰੱਸਟ ਕਰ ਰਿਹਾ ਸੀ। ਟਰੱਸਟ ਦੇ ਮੁੱਖ ਕਾਰਜਕਾਰੀ ਅਧਿਕਾਰੀ ਜਗੀਰ ਸਿੰਘ ਸਰਾ ਨੇ ਕਿਹਾ ਕਿ ਰਾਜ ਕੁਮਾਰੀ ਅੰਮ੍ਰਿਤ ਕੌਰ ਨੇ ਰਾਜੇ ਦੀ ਵਸੀਅਤ ਨੂੰ ਚੁਣੌਤੀ ਦਿੱਤੀ ਸੀ ਅਤੇ ਇਹ ਕਾਨੂੰਨੀ ਕਾਰਵਾਈ ਲੜਨ ਦੇ ਅਧਿਕਾਰ ਉਸ ਨੇ ਤੀਜੀ ਧਿਰ ਨੂੰ ਸੌਂਪ ਦਿੱਤੇ, ਉਸੇ ਤੀਜੀ ਧਿਰ ਨੇ ਰਾਜ ਮਹਿਲ ਅਤੇ ਕਿਲ੍ਹੇ ਉੱਪਰ ਨਜਾਇਜ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਹੈ।
ਜ਼ਿਲ੍ਹਾ ਪੁਲੀਸ ਮੁਖੀ ਸਵਰਨਦੀਪ ਸਿੰਘ ਨੇ ਕਿਹਾ ਕਿ ਪੁਲੀਸ ਇਸ ਮਾਮਲੇ ਦੀ ਪੜਤਾਲ ਕਰ ਰਹੀ ਹੈ। ਉਹਨਾਂ ਕਿਹਾ ਕਿ ਅਦਾਲਤ ਨੇ ਫਿਲਹਾਲ ਕਬਜ਼ੇ ਦੇ ਵਾਰੰਟ ਕਿਸੇ ਦੇ ਹੱਕ ਵਿੱਚ ਜਾਰੀ ਨਹੀਂ ਕੀਤੇ। ਇਸ ਲਈ ਗੈਰਕਾਨੂੰਨੀ ਤਰੀਕੇ ਨਾਲ ਕਿਸੇ ਵਿਅਕਤੀ ਨੂੰ ਕਬਜ਼ਾ ਲੈਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।
ਰਾਜ ਮਹਿਲ ਦੇ ਮੁਲਾਜ਼ਮਾਂ ਨੇ ਵਿਵਾਦ ਤੋਂ ਬਾਅਦ ਰਾਜ ਮਹਿਲ ਅਤੇ ਕਿਲ੍ਹੇ ਦਾ ਗੇਟ ਬੰਦ ਕਰ ਦਿੱਤਾ ਹੈ। ਪਤਾ ਲੱਗਾ ਹੈ ਕਿ ਭੂ-ਮਾਫ਼ੀਆ ਰਿਆਸਤ ਦੀ ਜਾਇਦਾਦ ਉੱਪਰ ਕਬਜ਼ੇ ਲਈ ਸਰਗਰਮ ਹੈ ਅਤੇ ਅੱਜ ਜਿਹੜੇ ਵਿਅਕਤੀ ਕਬਜ਼ਾ ਕਰਨ ਆਏ ਸਨ, ਉਹਨਾਂ ਵਿੱਚ ਕੁਝ ਸਥਾਨਕ ਭੂ-ਮਾਫ਼ੀਆ ਨਾਲ ਵੀ ਸੰਬੰਧਤ ਸਨ। ਬਾਹਰੋਂ ਸ਼ਾਹੀ ਮਹਿਲ ਦਾ ਕਬਜਾ ਲੈਣ ਆਏ ਵਿਅਕਤੀਆਂ ਨੂੰ ਸ਼ਹਿਰ ਦੇ ਲੋਕਾਂ ਦੇ ਵੀ ਸਖ਼ਤ ਵਿਰੋਧ ਦਾ ਸਾਹਮਣਾ ਕਰਨਾ ਪਿਆ।
ਗੁਰਦਿੱਤ ਸਿੰਘ ਸੇਖੋਂ, ਸ਼ਵਿੰਦਰਪਾਲ ਸਿੰਘ ਅਤੇ ਸਵਰਨ ਸਿੰਘ ਨੇ ਕਿਹਾ ਕਿ ਫ਼ਰੀਦਕੋਟ ਦੀਆਂ ਵਿਰਾਸਤੀ ਇਮਾਰਤਾਂ ਨਾਲ ਫਰੀਦਕੋਟ ਦੇ ਲੋਕਾਂ ਦੀ ਜਜ਼ਬਾਤੀ ਸਾਂਝ ਹੈ ਅਤੇ ਕਿਸੇ ਵੀ ਹਾਲਤ ਵਿੱਚ ਇਹਨਾਂ ਇਮਾਰਤਾਂ ਦਾ ਸਰੂਪ ਨਹੀਂ ਬਦਲਣ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਰਾਜੇ ਦੀ ਰਿਆਸਤ ਦਾ ਅੰਤਿਮ ਫੈਸਲਾ ਅਜੇ ਸੁਪਰੀਮ ਕੋਰਟ ਦੇ ਵਿਚਾਰ ਅਧੀਨ ਹੈ।