ਫ਼ਤਹਿਗੜ੍ਹ ਸਾਹਿਬ (ਸਮਾਜਵੀਕਲੀ) : ਸ਼ਹੀਦਾਂ ਦੀ ਧਰਤੀ ਫ਼ਤਹਿਗੜ੍ਹ ਸਾਹਿਬ ਤੇ ਚਮੌਕਰ ਸਾਹਿਬ ਦੇ ਸੁੰਦਰੀਕਰਨ ਤੇ ਇੱਥੋਂ ਦੀਆਂ ਇਤਿਹਾਸਕ ਇਮਾਰਤਾਂ ਦੀ ਸਾਂਭ-ਸੰਭਾਲ ਲਈ ਪੰਜਾਬ ਸਰਕਾਰ ਵੱਲੋਂ ਉਚੇਚੇ ਤੌਰ ’ਤੇ ਉਪਰਾਲੇ ਕੀਤੇ ਜਾ ਰਹੇ ਹਨ ਤੇ ਇਨ੍ਹਾਂ ਥਾਵਾਂ ਦੇ ਵਿਕਾਸ ਵਿਚ ਕੋਈ ਕਸਰ ਨਹੀਂ ਛੱਡੀ ਜਾਵੇਗੀ।
ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲੇ ਤੇ ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਇੱਥੇ ਜੋਤੀ ਸਰੂਪ ਮੋੜਾਂ ਵਿਚ ਫ਼ਤਹਿਗੜ੍ਹ ਸਾਹਿਬ ਦੇ ਸੁੰਦਰੀਕਰਨ ਤੇ ਇਤਿਹਾਸਕ ਇਮਾਰਤਾਂ ਦੀ ਸੰਭਾਲ ਸਬੰਧੀ 14 ਕਰੋੜ ਦੀ ਲਾਗਤ ਵਾਲੇ ਪ੍ਰਾਜੈਕਟ ਦਾ ਨੀਂਹ ਪੱਥਰ ਰੱਖਣ ਮੌਕੇ ਕੀਤਾ।
ਉਨ੍ਹਾਂ ਕਿਹਾ ਕਿ ਫ਼ਤਹਿਗੜ੍ਹ ਸਾਹਿਬ ਦੇ ਸੁੰਦਰੀਕਰਨ ਤੇ ਇਤਿਹਾਸਕ ਇਮਾਰਤਾਂ ਦੀ ਸੰਭਾਲ ਲਈ 30 ਕਰੋੜ ਖਰਚੇ ਜਾਣਗੇ, ਜਿਨ੍ਹਾਂ ਵਿਚੋਂ 11 ਕਰੋੜ ਆਮ ਖ਼ਾਸ ਬਾਗ ਦੀ ਸੰਭਾਲ ਲਈ ਖਰਚੇ ਜਾ ਰਹੇ ਹਨ ਅਤੇ ਸੰਘੋਲ ਵਿਚ ਸੈਰ ਸਪਾਟੇ ਲਈ 5 ਕਰੋੜ ਰੁਪਏ ਖਰਚੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ 14 ਕਰੋੜ ਦੀ ਲਾਗਤ ਵਾਲੇ ਪ੍ਰਾਜੈਕਟ ਤਹਿਤ ਜਿੱਥੇ ਜੋਤੀ ਸਰੂਪ ਮੋੜਾਂ ਵਿਚ ਸੁੰਦਰ ਚੌਕ ਬਣਾ ਕੇ ਇੱਥੇ ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਦਾ ਬੁੱਤ ਸਥਾਪਤ ਕੀਤਾ ਜਾਵੇਗਾ, ਇਸ ਚੌਕ ਤੋਂ ਗੁਰਦੁਆਰਾ ਜੋਤੀ ਸਰੂਪ ਸਾਹਿਬ, ਗੁਰਦੁਆਰਾ ਫ਼ਤਹਿਗੜ੍ਹ ਸਾਹਿਬ ਤੇ ਆਮ ਖ਼ਾਸ ਬਾਗ ਨੂੰ ਜਾਂਦੀਆਂ ਸੜਕਾਂ ਦਾ ਸੁੰਦਰੀਕਰਨ ਕੀਤਾ ਜਾਵੇਗਾ।
ਇਸ ਪ੍ਰਾਜੈਕਟ ਤਹਿਤ ਹੀ ਸ਼ਹੀਦ ਊਧਮ ਸਿੰਘ ਦੇ ਸਮਾਰਕ, ਦੀਵਾਨ ਟੋਡਰ ਮੱਲ ਦੀ ਹਵੇਲੀ (ਜਹਾਜ਼ ਹਵੇਲੀ), ਡੇਰਾ ਮੀਰ ਮੀਰਾਂ ਵਿਚ ਸਥਿਤ ਮਕਬਰੇ ਅਤੇ ਭਗਤ ਸਧਨਾ ਦੇ ਮਕਬਰੇ ਦੀ ਸੰਭਾਲ ਅਤੇ ਆਲੇ-ਦੁਆਲੇ ਦਾ ਸੁੰਦਰੀਕਰਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਫ਼ਤਹਿਗੜ੍ਹ ਸਾਹਿਬ ਦੇ ਭਗੜਾਣਾ ਵਿਚ 11 ਕਰੋੜ ਨਾਲ ਆਈਟੀਆਈ ਬਣਾਈ ਜਾਣੀ ਹੈ, ਜਿਸ ਦਾ ਕੰਮ ਬਹੁਤ ਜਲਦ ਸ਼ੁਰੂ ਹੋਵੇਗਾ। ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਕਿਹਾ ਕਿ ਹਲਕੇ ਦੇ ਵਿਕਾਸ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ ਤੇ ਹਲਕੇ ਦੀਆਂ ਵੱਡੀ ਗਿਣਤੀ ਸੜਕਾਂ ਦੀ ਕਾਇਆ ਕਲਪ ਕੀਤੀ ਗਈ ਹੈ। ਇਸ ਦੇ ਨਾਲ-ਨਾਲ 10 ਕਰੋੜ ਦੀ ਲਾਗਤ ਨਾਲ ਜੱਚਾ ਬੱਚਾ ਹਸਪਤਾਲ ਬਣਾਇਆ ਜਾ ਰਿਹਾ ਹੈ।