ਸੰਗਰੂਰ- ਪਿੰਡ ਚੰਗਾਲੀਵਾਲਾ ’ਚ ਚਾਰ ਨੌਜਵਾਨਾਂ ਵੱਲੋਂ ਦਲਿਤ ਪਰਿਵਾਰ ਨਾਲ ਸਬੰਧਤ ਇੱਕ ਵਿਅਕਤੀ ਉਪਰ ਢਾਹੇ ਕਥਿਤ ਤਸ਼ੱਦਦ ਨੇ ਉਸ ਨੂੰ ਸਦਾ ਲਈ ਅਪਾਹਜ ਬਣਾ ਦਿੱਤਾ ਹੈ। ਪਰਿਵਾਰਕ ਮੈਂਬਰਾਂ ਅਨੁਸਾਰ ਪੀਜੀਆਈ ਚੰਡੀਗੜ੍ਹ ’ਚ ਜ਼ੇਰੇ ਇਲਾਜ ਜਗਮੇਲ ਸਿੰਘ ਦੀਆਂ ਦੋਵੇਂ ਲੱਤਾਂ ਕੱਟ ਦਿੱਤੀਆਂ ਗਈਆਂ ਹਨ। ਇਨਫੈਕਸ਼ਨ ਵਧਣ ਕਾਰਨ ਜਗਮੇਲ ਸਿੰਘ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਇਸ ਘਟਨਾ ਦਾ ਜਿਥੇ ਐੱਸਸੀ ਕਮਿਸ਼ਨ ਪੰਜਾਬ ਨੇ ਗੰਭੀਰ ਨੋਟਿਸ ਲਿਆ ਹੈ, ਉਥੇ ਵੱਖ-ਵੱਖ ਜਥੇਬੰਦੀਆਂ ਵੱਲੋਂ ਘਟਨਾ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਪੀੜਤ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਡਟਵੀਂ ਹਮਾਇਤ ਦਾ ਐਲਾਨ ਕੀਤਾ ਹੈ। ਜਾਣਕਾਰੀ ਅਨੁਸਾਰ ਦਲਿਤ ਪਰਿਵਾਰ ਨਾਲ ਸਬੰਧਤ 37 ਸਾਲਾ ਜਗਮੇਲ ਸਿੰਘ ਦਾ ਪਿੰਡ ਦੇ ਕੁਝ ਨੌਜਵਾਨਾਂ ਨਾਲ ਝਗੜਾ ਹੋ ਗਿਆ ਸੀ। ਇਸ ਝਗੜੇ ਦਾ ਪੰਚਾਇਤੀ ਰਾਜ਼ੀਨਾਮਾ ਹੋ ਗਿਆ ਸੀ ਪਰ ਬੀਤੀ 7 ਨਵੰਬਰ ਨੂੰ ਜਦੋਂ ਉਹ ਗੁਰਦਿਆਲ ਸਿੰਘ ਪੰਚ ਦੇ ਘਰ ਬੈਠਾ ਸੀ ਤਾਂ ਤਿੰਨ ਜਣੇ ਰਿੰਕੂ, ਲੱਕੀ ਅਤੇ ਬਿੱਟਾ ਆ ਕੇ ਕਹਿਣ ਲੱਗੇ ਕਿ ਉਸ ਨੂੰ ਦਵਾਈ ਦਿਵਾਉਣੀ ਹੈ। ਮੋਟਰਸਾਈਕਲ ’ਤੇ ਬਿਠਾ ਕੇ ਉਸ ਨੂੰ ਰਿੰਕੂ ਦੇ ਘਰ ਲੈ ਗਏ, ਜਿਥੇ ਅਮਰਜੀਤ ਸਿੰਘ ਨਾਮੀ ਨੌਜਵਾਨ ਪਹਿਲਾਂ ਹੀ ਮੌਜੂਦ ਸੀ। ਪੀੜਤ ਦੀ ਪਤਨੀ ਅਤੇ ਭੈਣ ਨੇ ਦੱਸਿਆ ਕਿ ਜਗਮੇਲ ਸਿੰਘ ਨੂੰ ਬੰਨ੍ਹ ਕੇ ਰਾਡਾਂ ਨਾਲ ਕੁੱਟਿਆ ਗਿਆ। ਪਾਣੀ ਮੰਗਣ ’ਤੇ ਉਸ ਨੂੰ ਕਥਿਤ ਜਬਰੀ ਪਿਸ਼ਾਬ ਪਿਲਾਇਆ ਗਿਆ। ਮੌਕੇ ’ਤੇ ਪੁੱਜੇ ਪੀੜਤ ਦੇ ਦੋਸਤ ਨੇ ਉਸ ਨੂੰ ਮੁਲਜ਼ਮਾਂ ਕੋਲੋਂ ਛੁਡਵਾਇਆ ਸੀ। ਲਹਿਰਾਗਾਗਾ ਥਾਣੇ ਦੀ ਪੁਲੀਸ ਨੇ ਜਗਮੇਲ ਸਿੰਘ ਦੇ ਬਿਆਨਾਂ ’ਤੇ ਰਿੰਕੂ ਸਿੰਘ, ਲੱਕੀ, ਅਮਰਜੀਤ ਸਿੰਘ ਅਤੇ ਬਿੱਟਾ ਉਰਫ਼ ਬਿੰਦਰ ਖ਼ਿਲਾਫ਼ ਵੱਖ-ਵੱਖ ਧਰਾਵਾਂ ਕੇਸ ਦਰਜ ਕਰ ਲਿਆ ਹੈ।
ਕੁੱਟਮਾਰ ਦਾ ਸ਼ਿਕਾਰ ਜਗਮੇਲ ਸਿੰਘ ਪੀਜੀਆਈ ਚੰਡੀਗੜ੍ਹ ’ਚ ਜ਼ੇਰੇ ਇਲਾਜ ਹੈ, ਜਿਥੇ ਉਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਜਗਮੇਲ ਸਿੰਘ ਦੀ ਭੈਣ ਤੇਜ ਕੌਰ ਨੇ ਦੱਸਿਆ ਕਿ ਇਨਫੈਕਸ਼ਨ ਵੱਧ ਜਾਣ ਕਾਰਨ ਜਗਮੇਲ ਸਿੰਘ ਦੀ ਲੱਤ ਪੂਰੀ ਕੱਟ ਦਿੱਤੀ ਗਈ ਹੈ ਜਦੋਂ ਕਿ ਦੂਜੀ ਲੱਤ ਅੱਧੀ ਕੱਟੀ ਗਈ ਹੈ।
ਜ਼ਿਲ੍ਹਾ ਪੁਲੀਸ ਮੁਖੀ ਡਾ. ਸੰਦੀਪ ਗਰਗ ਦਾ ਕਹਿਣਾ ਹੈ ਕਿ ਇਸ ਮਾਮਲੇ ’ਚ ਤਿੰਨ ਜਣਿਆਂ ਰਿੰਕੂ ਸਿੰਘ, ਅਮਰਜੀਤ ਸਿੰਘ ਅਤੇ ਲੱਕੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਜਦੋਂ ਕਿ ਬਿੱਟਾ ਉਰਫ਼ ਬਿੰਦਰ ਹਾਲੇ ਫ਼ਰਾਰ ਹੈ। ਪੰਜਾਬ ਐੱਸਸੀ ਕਮਿਸ਼ਨ ਵੱਲੋਂ ਇਸ ਘਟਨਾ ਦਾ ਗੰਭੀਰ ਨੋਟਿਸ ਲਿਆ ਹੈ ਅਤੇ ਪੂਰੀ ਘਟਨਾ ਦੀ ਜ਼ਿਲ੍ਹਾ ਪੁਲੀਸ ਮੁਖੀ ਸੰਗਰੂਰ ਤੋਂ 28 ਨਵੰਬਰ ਨੂੰ ਰਿਪੋਰਟ ਮੰਗੀ ਹੈ। ਐਸ.ਸੀ. ਕਮਿਸ਼ਨ ਦੀ ਮੈਂਬਰ ਪੂਨਮ ਕਾਂਗੜਾ ਦਾ ਕਹਿਣਾ ਹੈ ਕਿ ਪੁਲੀਸ ਨੂੰ ਘਟਨਾ ਲਈ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਲਈ ਆਖਿਆ ਹੈ ਅਤੇ ਘਟਨਾ ਦੀ ਪੂਰੀ ਰਿਪੋਰਟ ਮੰਗੀ ਗਈ ਹੈ।
ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਪ੍ਰਧਾਨ ਮੁਕੇਸ਼ ਮਲੌਦ ਅਤੇ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਸੰਜੀਵ ਮਿੰਟੂ ਨੇ ਕਿਹਾ ਕਿ ਇੱਕ ਦਲਿਤ ਵਿਅਕਤੀ ਉਪਰ ਅਣਮਨੁੱਖੀ ਤਸ਼ੱਦਦ ਢਾਹਿਆ ਗਿਆ ਹੈ ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਉਹ ਇਨਸਾਫ਼ ਦਿਵਾਉਣ ਲਈ ਪਰਿਵਾਰ ਦੇ ਨਾਲ ਹਨ ਅਤੇ ਕਿਸੇ ਵੀ ਸੰਘਰਸ਼ ਤੋਂ ਪਿੱਛੇ ਨਹੀਂ ਹਟਣਗੇ। ਉਨ੍ਹਾਂ ਮੰਗ ਕੀਤੀ ਕਿ ਇਸ ਮਾਮਲੇ ’ਚ ਪੁਲੀਸ ਵਲੋਂ ਦਰਜ ਕੀਤੇ ਕੇਸ ਵਿਚ ਹੋਰ ਧਰਾਵਾਂ ਦਾ ਵਾਧਾ ਕੀਤਾ ਜਾਵੇ ਅਤੇ ਫ਼ਰਾਰ ਇੱਕ ਮੁਲਜ਼ਮ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ।
INDIA ਜ਼ਖ਼ਮੀ ਜਗਮੇਲ ਸਿੰਘ ਦੀਆਂ ਦੋਵੇਂ ਲੱਤਾਂ ਕੱਟੀਆਂ