ਜਦੋਂ ਵੀ ਕਦੇ ਨਵੀਂ ਤਕਨੀਕ, ਨਵੀਂ ਖੋਜ ਅਤੇ ਨਵੇਂ ਯੰਤਰ ਦੀ ਹੋਂਦ ਸਾਡੇ ਸਾਹਮਣੇ ਆਉਂਦੀ ਹੈ ਤਾਂ ਇੱਕ ਗੱਲ ਜੋ ਕਿ ਵਿਚਾਰਨਯੋਗ ਹੈ ਕਿ ਇਸ ਨਾਲ ਸਾਡਾ ਜੀਵਨ ਪਹਿਲਾਂ ਨਾਲੋਂ ਹੋਰ ਜ਼ਿਆਦਾ ਸੁਖਾਲਾ, ਆਰਾਮਦਾਇਕ ਅਤੇ ਆਨੰਦਦਾਇਕ ਹੋ ਜਾਂਦਾ ਹੈ। ਇਹੋ ਨਿਯਮ ਅਤੇ ਸੋਚ ਮੋਬਾਇਲ ਫੋਨ ‘ਤੇ ਵੀ ਲਾਗੂ ਹੁੰਦੀ ਹੈ, ਪਰ ਅੱਜ ਕੱਲ੍ਹ ਮੋਬਾਇਲ ਫੋਨ ਬਾਰੇ ਜੋ ਗਲਤ ਸੋਚ ਅਖਤਿਆਰ ਕਰ ਲਈ ਗਈ ਹੈ ਉਹ ਸ਼ਾਇਦ ਕਾਫੀ ਹੱਦ ਤੱਕ ਸਹੀ ਨਹੀਂ ਹੈ; ਕਿਉਂਕਿ ਸਮਾਰਟ ਮੋਬਾਇਲ ਫੋਨ ਦੀ ਆਮਦ ਨਾਲ ਸਾਡੀ ਜ਼ਿੰਦਗੀ ਹੀ ਬਦਲ ਗਈ ਹੈ। ਇਸਨੇ ਸਾਡੇ ਸਮੇਂ ਤੇ ਧਨ ਦੀ ਤਾਂ ਬੱਚਤ ਕੀਤੀ ਹੀ ਹੈ, ਨਾਲ ਹੀ ਸਾਨੂੰ ਬੇਲੋੜੀਂਦੀ ਆਵਾਜਾਈ ਤੋਂ ਵੀ ਬਚਾਇਆ ਹੈ, ਅੱਜ ਅਸੀਂ ਜ਼ਰੂਰੀ ਦਸਤਾਵੇਜ਼, ਫੋਟੋਆਂ,ਸੰਦੇਸ਼ ਤੇ ਕਾਗਜ਼ਾਤ ਅੱਖ ਦੇ ਫਿਰੋਕੇ ਨਾਲ ਹਜ਼ਾਰਾਂ – ਲੱਖਾਂ ਕਿਲੋਮੀਟਰ ਦੂਰ ਬੈਠੇ ਆਪਣੇ ਜਾਣਕਾਰ ਜਾਂ ਪਰਿਵਾਰਕ ਮੈਂਬਰਾਂ ਕੋਲ ਪਹੁੰਚਾ ਸਕਣ ਦੇ ਯੋਗ ਹੋ ਗਏ ਹਾਂ। ਇਸ ਤਰ੍ਹਾਂ ਕਰਨ ਨਾਲ ਕਾਗਜ਼ ਅਤੇ ਪੈਟਰੋਲ ਡੀਜ਼ਲ ਦੀ ਖਪਤ ਵੀ ਘਟੀ ਹੈ, ਜਿਸ ਦਾ ਸਿੱਧਾ ਪ੍ਰਭਾਵ ਸਾਡੇ ਵਾਤਾਵਰਨ ‘ਤੇ ਚੰਗਾ ਹੀ ਪਿਆ ਹੈ।
ਮੋਬਾਇਲ ਫੋਨ ਨੇ ਜਿੱਥੇ ਸਮੁੱਚੀ ਦੁਨੀਆਂ ਨੂੰ ਇੱਕ ਪਰਿਵਾਰ ਵਿੱਚ ਤਬਦੀਲ ਕਰ ਦਿੱਤਾ ਹੈ, ਉੱਥੇ ਹੀ ਅਸੀਂ ਆਪਣੇ ਅਤੇ ਆਪਣਿਆਂ ਨਾਲ ਜੁੜ ਕੇ ਨਜ਼ਦੀਕੀਆਂ ਵੀ ਵਧਾ ਸਕਦੇ ਹਾਂ ਅਤੇ ਦੂਰ – ਦੁਰਾਡੇ ਬੈਠੇ ਆਪਣੇ ਪਰਿਵਾਰਕ ਮੈਂਬਰਾਂ ਅਤੇ ਜਾਣਕਾਰਾਂ ਦਾ ਸੁੱਖ – ਸੁਨੇਹਾ ਵੀ ਜਾਣ ਸਕਦੇ ਹਾਂ। ਅਸੀਂ ਆਪਣੇ ਪਰਿਵਾਰ, ਆਪਣਿਆਂ ਅਤੇ ਮਿੱਤਰਾਂ – ਰਿਸ਼ਤੇਦਾਰਾਂ ਨਾਲ ਫੇਸਬੁੱਕ, ਫੇਸਬੁੱਕ ਸਟੋਰੀ, ਇੰਸਟਰਾਗ੍ਰਾਮ, ਸ਼ੇਅਰ ਚੈਟ, ਵਟਸਐਪ, ਵਟਸਐਪ ਸਟੇਟਸ, ਈ – ਮੇਲ ਆਦਿ ਆਦਿ ਸਮਾਰਟਫੋਨ ਦੇ ਭਾਗਾਂ ਰਾਹੀਂ ਜੁੜ ਜਾਂਦੇ ਹਾਂ ,ਇੱਕ ਦੂਸਰੇ ਨੂੰ ਬਹੁਤ ਗਹਿਰਾਈ ਨਾਲ ਸਮਝ ਸਕਦੇ ਹਾਂ ਅਤੇ ਸਭ ਤੋਂ ਵੱਡੀ ਗੱਲ ਇਹ ਕਿ ਜੋ ਕੁਝ ਅਸੀਂ ਕਿਸੇ ਨੂੰ ਦੱਸ ਜਾਂ ਕਹਿ ਵੀ ਪਾਉਂਦੇ, ਅਜਿਹੀ ਸਥਿਤੀ ਤੇ ਹਾਲਾਤਾਂ ਬਾਰੇ ਬਿਨਾਂ ਕਿਸੇ ਕੋਲ ਆਏ – ਗਏ ਤੋਂ ਅਤੇ ਬਿਨਾਂ ਕੁਝ ਕਹੇ ਤੋਂ ਆਖੇ ਤੋਂ ਆਪਣੇ ਮਨ ਦੀਆਂ ਭਾਵਨਾਵਾਂ, ਸਥਿਤੀਆਂ, ਖੁਸ਼ੀਆਂ, ਗ਼ਮੀਆਂ, ਹਰਸ਼ , ਉਲਾਸ , ਗਹਿਰਾਈਆਂ ਤੇ ਗਹਿਰੀਆਂ ਭਾਵਨਾਵਾਂ ਨੂੰ ਵਟਸਐਪ – ਸਟੇਟਸ ਰਾਹੀਂ ਦੂਸਰਿਆਂ ਤੱਕ ਪਹੁੰਚਾ ਸਕਦੇ ਹਾਂ। ਵਟਸਐਪ – ਸਟੇਟਸ ਸਮਾਰਟਫੋਨ ਦਾ ਬਹੁਤ ਹੀ ਉੱਤਮ ਤੇ ਭਰੋਸੇਯੋਗ ਹਿੱਸਾ ਹੈ, ਇਹ ਸਾਨੂੰ ਇੱਕ ਬੜੀ ਸਪੱਸ਼ਟਤਾ ਦੇ ਨਾਲ ਇੱਕ ਦੂਸਰੇ ਦੀਆਂ ਕੋਮਲ ਭਾਵਨਾਵਾਂ ਨੂੰ ਸਮਝਣ ਹਿੱਤ ਸਹਾਈ ਹੁੰਦਾ ਹੈ। ਇਸੇ ਤਰ੍ਹਾਂ ਫੇਸਬੁੱਕ ਸਾਨੂੰ ਵਿਸ਼ਵ ਦੇ ਹਰ ਕੋਨੇ ਵਿੱਚ ਦੂਰ – ਦੁਰਾਡੇ ਤੱਕ ਬੈਠੇ ਆਪਣੇ ਜਾਣਕਾਰਾਂ,ਪਰਿਵਾਰਕ ਮੈਂਬਰਾਂ, ਮਿੱਤਰਾਂ, ਸੱਜਣਾਂ ਅਤੇ ਬਚਪਨ ਦੇ ਦੋਸਤਾਂ ਨਾਲ ਜੋੜ ਦਿੰਦੀ ਹੈ ਅਤੇ ਅਥਾਹ ਗਿਆਨ ਤੋਂ ਜਾਣੂ ਕਰਵਾ ਛੱਡਦੀ ਹੈ। ਫੇਸਬੁੱਕ ਗਰੁੱਪਾਂ ਨਾਲ ਜੁੜ ਕੇ ਵਿਅਕਤੀ ਆਪਣੀ ਰੁਚੀ ਤੇ ਭਾਵਨਾ ਅਨੁਸਾਰ ਜਾਣਕਾਰੀ ਦਾ ਆਦਾਨ- ਪ੍ਰਦਾਨ ਕਰ ਸਕਦਾ ਹੈ ।
ਔਰਤਾਂ ਲਈ ਵੀ ਸੁਰੱਖਿਆਤਮਕ ਐਪ ਆਦਿ ਬਹੁਤ ਸਹਾਇਕ ਸਿੱਧ ਹੁੰਦੇ ਹਨ। ਇਸ ਤੋਂ ਇਲਾਵਾ ਨੈੱਟ – ਬੈਂਕਿੰਗ ਤੇ ਮੋਬਾਇਲ – ਬੈਂਕਿੰਗ ਆਦਿ ਵੀ ਸਮਾਰਟ ਮੋਬਾਇਲ ਫੋਨ ਰਾਹੀਂ ਕਰਨੀ ਬਹੁਤ ਹੀ ਵਧੀਆ ਤਰੀਕਾ ਹੈ । ਮੁੱਕਦੀ ਗੱਲ ਇਹ ਹੈ ਕਿ ਸਮਾਰਟ ਮੋਬਾਇਲ ਫੋਨ ਸਾਨੂੰ ਪੂਰੀ ਦੁਨੀਆਂ ਨਾਲ ਜੋੜ ਦਿੰਦਾ ਹੈ ਤੇ ਇਸ ਨਾਲ ਅੱਜ ਦੇ ਸਮੇਂ ਵਿੱਚ ਗਿਆਨ ਦਾ ਵਿਸਫੋਟ ਜਿਹਾ ਹੋ ਗਿਆ ਹੈ ।ਪਰ ਇੱਕ ਗੱਲ ਜ਼ਰੂਰ ਵਿਚਾਰਨਯੋਗ ਹੈ ਕਿ ਅਸੀਂ ਵਿਗਿਆਨ ਦੀ ਇਸ ਬਹੁਮੁੱਲੀ ਅਤੇ ਅਦਭੁੱਤ ਖੋਜ ਨੂੰ ਸੀਮਿਤ ਹੱਦ ਤੇ ਸਮੇਂ ਵਿੱਚ ਰਹਿ ਕੇ ਉਪਯੋਗ ਕਰਨਾ ਹੁੰਦਾ ਹੈ ਅਤੇ ਇਸ ਦੇ ਗੁਲਾਮ ਨਹੀਂ ਬਣ ਜਾਣਾ ਹੈ। ਇਸ ਲਈ ਅੱਜ ਸਮਾਰਟ ਮੋਬਾਇਲ ਫੋਨ ਨੇ ਸਾਡੀ ਜ਼ਿੰਦਗੀ ਵਿੱਚ ਜ਼ਿੰਦਾਦਿਲੀ , ਪ੍ਰੇਮ — ਪਿਆਰ, ਭਾਵਨਾਵਾਂ, ਅਹਿਸਾਸਾਂ, ਕਲਪਨਾਵਾਂ, ਸਾਡੀ ਸੋਚ, ਦਿਲ ਦੀਆਂ ਡੂੰਘੀਆਂ ਰਮਜ਼ਾਂ ਨੂੰ ਵਿਸ਼ੇਸ਼ ਤਵੱਜੋ ਦੇ ਕੇ ਸਾਨੂੰ ਬਹੁਤ ਵੱਡੀ ਸੌਗਾਤ, ਸਾਕਾਰਾਤਮਕਤਾ ਅਤੇ ਗਿਆਨ ਪ੍ਰਦਾਨ ਕੀਤਾ ਹੈ ।ਸਾਨੂੰ ਚਾਹੀਦਾ ਹੈ ਕਿ ਢੰਗ ਤਰੀਕੇ ਨਾਲ ਇਸ ਦੀ ਵਰਤੋਂ ਕਰੀਏ ਅਤੇ ਅਤੇ ਨਵੀਂ ਪੀੜ੍ਹੀ ਨੂੰ ਵੀ ਇਸ ਅਦੁੱਤੀ ਤਕਨੀਕ ਬਾਰੇ ਨਾਲ ਜੁੜਨ ਦੇਈਏ ; ਕਿਉਂ ਜੋ ਨਵੀਂ ਤਕਨੀਕ ਸਾਡੇ ਜੀਵਨ ਨੂੰ ਕੁਝ ਨਵਾਂ ਪ੍ਰਦਾਨ ਕਰਦੀ ਹੈ ।