ਮੇਰੀ ਇਹੋ ਕੋਸ਼ਿਸ਼ ਹੁੰਦੀ ਹੈ ਕਿ ਮੇਰੀ ਕੌੜੀ – ਕੁਸੈਲੀ ਤੇ ਉੂਬੜ – ਖਾਬੜ ਜ਼ਿੰਦਗੀ ਨੇ ਮੈਨੂੰ ਜੋ ਕੁਝ ਸਿਖਾਇਆ ਜਾਂ ਮੇਰੇ ਪਾਸੋਂ ਜ਼ਿੰਦਗੀ ਵਿੱਚ ਜੋ ਕੁਤਾਹੀਆਂ ਜਾਣੇ – ਅਣਜਾਣੇ ਵਿੱਚ ਹੋ ਗਈਆਂ , ਮੈਂ ਉਹ ਆਪਣੇ ਜੀਵਨ – ਤਜਰਬੇ ਆਪਣੇ ਪਾਠਕਾਂ ਅਤੇ ਨਵੀਂ ਪੀੜ੍ਹੀ ਨਾਲ ਸਾਂਝੇ ਕਰਾਂ , ਤਾਂ ਜੋ ਮੇਰੇ ਰਾਹਾਂ ਵਿੱਚ ਆਉਣ ਵਾਲੇ ਨੁਕੀਲੇ ਕੰਡੇ ਕਿਸੇ ਹੋਰ ਦੇ ਜੀਵਨ ਰਾਹ ਵਿੱਚ ਨਾ ਆਵੇ ।
ਦੋਸਤੋ ! ਇਹ ਜੀਵਨ ਪਲ – ਪਲ ਇੱਕ ਸੰਘਰਸ਼ ਹੈ ਅਤੇ ਇਸ ਸੰਘਰਸ਼ ਵਿੱਚ ਸਾਡੇ ਸਿਦਕ , ਸਿਰੜ ਤੇ ਸਹਿਣਸ਼ੀਲਤਾ ਜਿਹੇ ਅਨਮੋਲ ਗੁਣਾਂ ਦੀ ਕਦਮ – ਦਰ – ਕਦਮ ਪਰਖ ਹੁੰਦੀ ਰਹਿੰਦੀ ਹੈ। ਜੋ ਇਨਸਾਨ ਜੀਵਨ ਦੀ ਹਰ ਸਥਿਤੀ ਵਿੱਚ ਅਡੋਲ ਖਲੋਤਾ ਰਹਿੰਦਾ ਹੈ , ਉਹ ਹੀ ਇਹ ਇੱਕ ਦਿਨ ਵਿਜੇ – ਸ਼੍ਰੀ ਪ੍ਰਾਪਤ ਕਰਦਾ ਹੈ ।
ਬਾਕੀ ਮਰ ਮਿਟ ਜਾਂਦੇ ਹਨ ਜਾਂ ਗੁਮਨਾਮ ਪ੍ਰਸਥਿਤੀ ਵਿੱਚ ਸਮਾਹਿਤ ਹੋ ਜਾਂਦੇ ਹਨ । ਜ਼ਿੰਦਗੀ ਵਿੱਚ ਪ੍ਰੇਸ਼ਾਨੀਆਂ ਆਉਂਦੀਆਂ ਵੀ ਹਨ ਤੇ ਇੱਕ ਦਿਨ ਦੇਰ – ਸਵੇਰ ਚਲੀਆਂ ਵੀ ਜਾਂਦੀਆਂ ਹਨ , ਪਰ ਇਸ ਮੁਸ਼ਕਿਲ ਦੌਰ ਨੂੰ ਪਾਰ ਕਰਨਾ ਹੀ ਗਲੇ ਦੀ ਹੱਡੀ ਬਣ ਜਾਂਦਾ ਹੈ। ਇਸ ਤੋਂ ਨਿਜਾਤ ਪਾਉਣ ਤੇ ਚੰਗੇਰਾ ਜੀਵਨ ਹੰਢਾਉਣ ਲਈ ਸਾਨੂੰ ਆਪਣੀ ਦਿਨਚਰਿਆ ਵਿੱਚ ਕੋਈ ਨਾ ਕੋਈ ਸ਼ੌਕ ਜ਼ਰੂਰ ਅਪਣਾਉਣਾ ਚਾਹੀਦਾ ਹੈ । ਇਹ ਸ਼ੌਕ ਸਾਨੂੰ ਸਾਕਾਰਾਤਮਕਤਾ , ਖ਼ੁਸ਼ੀ ਅਤੇ ਸਕੂਨ ਦਿੰਦਾ ਹੈ।
ਜ਼ਿੰਦਗੀ ਵਿੱਚ ਹਮੇਸ਼ਾ ਛੋਟੇ , ਨੀਵੇਂ ਬਣ ਕੇ ਰਹੋ , ਹਮੇਸ਼ਾ ਬੱਚੇ ਬਣ ਕੇ ਰਹੋ , ਆਪਣੇ – ਆਪ ਨੂੰ ਵਿਦਿਆਰਥੀ ਸਮਝੋ ਅਤੇ ਜੀਵਨ ਬਾਰੇ ਨਵਾਂ ਕੁਝ ਸਿੱਖਦੇ ਰਹੋ। ਆਪਣੀਆਂ ਜੀਵਨ ਪ੍ਰਾਪਤੀਆਂ ਇੱਕ ਡਾਇਰੀ ‘ਤੇ ਨੋਟ /ਦਰਜ ਕਰਦੇ ਰਹੋ। ਆਪਣੀਆਂ ਔਕੜਾਂ , ਗਮੀਆਂ ਅਤੇ ਖੁਸ਼ੀਆਂ ਆਪਣੇ ਮਿੱਤਰਾਂ – ਦੋਸਤਾਂ ਦੇ ਨਾਲ ਸਮੇਂ – ਸਮੇਂ ‘ਤੇ ਸਾਂਝੀਆਂ ਕਰਦੇ ਰਹਿਣਾ ਜੀਵਨ ਜਿਊਣ ਲਈ ਬਹੁਤ ਹੀ ਜ਼ਰੂਰੀ ਹੈ। ਸਾਨੂੰ ਆਪਣੀਆਂ ਵੱਖ – ਵੱਖ ਦੁੱਖ ਤਕਲੀਫਾਂ ‘ਤੇ ਹੀ ਧਿਆਨ ਕੇਂਦਰਿਤ ਕਰਕੇ ਨਹੀਂ ਬੈਠੇ ਰਹਿਣਾ ਚਾਹੀਦਾ , ਸਗੋਂ ਆਪਣੇ ਮਨ ਨੂੰ ਕਿਸੇ ਰੁਚੀ , ਸ਼ੌਕ ਤੇ ਖਾਸੀਅਤ ਵਿੱਚ ਲਗਾਈ ਰੱਖਣਾ ਚਾਹੀਦਾ ਹੈ।
ਸਾਈਂ ਬੁੱਲ੍ਹੇ ਸ਼ਾਹ ਜੀ ਨੇ ਵੀ ਕਿਹਾ ਹੈ , ” ਬੁੱਲ੍ਹਿਆ ਮਨ ਦਾ ਕੀ ਸਮਝਾਉਣਾ ? ਇੱਧਰੋਂ ਪੁੱਟਣਾ ਉਧਰ ਲਾਉਂਣਾ ” । ਜ਼ਿੰਦਗੀ ਵਿੱਚ ਲੋਕਾਂ ‘ਤੇ ਨਹੀਂ , ਆਪਣੇ ਆਪ ਤੇ ਭਰੋਸਾ ਰੱਖੋ। ਕਾਦਰ ( ਪ੍ਰਮੇਸ਼ਰ ) ਅਤੇ ਕਾਇਨਾਤ ( ਕੁਦਰਤ ) ‘ਤੇ ਵਿਸ਼ਵਾਸ ਰੱਖੋ। ਉਹ ( ਪਰਮਾਤਮਾ )ਹੈ ਅਤੇ ਸਬਰ ਨਾਲ ਔਖੀ ਘੜੀ ਤੋਂ ਕਿਨਾਰਾ ਕਰ ਜਾਓ।
ਸਿਆਣੇ ਕਹਿ ਗਏ ਹਨ , ” ਵਕਤ ਵਿਚਾਰੇ ਸੋ ਬੰਦਾ ਹੋਏ “। ਜੀਵਨ ਵਿੱਚ ਚੰਗੇ ਸਾਹਿਤ ਅਤੇ ਕੁਦਰਤੀ ਵਰਤਾਰਿਆਂ ਜਿਵੇਂ : ਰੁਮਕਦੀ ਹਵਾ , ਚੰਦ , ਸੂਰਜ , ਤਾਰਿਆਂ , ਪਹਾੜਾਂ , ਨਦੀਆਂ , ਨਾਲਿਆਂ , ਝਰਨਿਆਂ , ਪੰਛੀਆਂ – ਪਰਿੰਦਿਆਂ , ਰੰਗਦਾਰ ਜੀਵਾਂ , ਫੁੱਲਾਂ , ਚਾਨਣੀਆਂ ਤੇ ਹਨੇਰੀਆਂ ਰਾਤਾਂ , ਇਕਾਂਤ ਆਦਿ ਨੂੰ ਨਿਹਾਰੋ , ਦੇਖੋ , ਇਨ੍ਹਾਂ ਨੂੰ ਮਾਣੋ। ਸੰਗੀਤ ਨੂੰ ਆਪਣੀ ਜ਼ਿੰਦਗੀ ਵਿੱਚ ਲਿਆਓ, ਇਸਦਾ ਲੁਤਫ਼ ਉਠਾਓ ।
ਫਿਰ ਦੇਖਣਾ ਤੁਹਾਨੂੰ ਕੁਝ ਵੱਖਰਾ ਮਹਿਸੂਸ ਹੋਵੇਗਾ। ਬਸ ਇਹੋ ਵੱਖਰਾਪਣ ਸਾਨੂੰ ਨਵੀਂ ਜੀਵਨ – ਸੇਧ , ਨਵੀਂ ਤਾਜ਼ਗੀ , ਉਮੰਗ , ਤਰੰਗ , ਨਵਾਂ ਉਤਸ਼ਾਹ ਅਤੇ ਜੀਵਨ ਜਿਊਣ ਦੀ ਪ੍ਰੇਰਨਾ ਦਿੰਦਾ ਹੈ। ਹਮੇਸ਼ਾ ਯਾਦ ਰੱਖਣਾ ਕਿ ਕੋਈ ਵੀ ਮੁਸੀਬਤ ਸਥਾਈ ਤੌਰ ‘ਤੇ ਸਾਡਾ ਰਾਹ ਨਹੀਂ ਰੋਕ ਸਕਦੀ , ਜ਼ਰੂਰਤ ਹੁੰਦੀ ਹੈ ਹੌਸਲਾ ਬਣਾਈ ਰੱਖਣ ਦੀ।
ਸਮਾਂ ਜ਼ਰੂਰ ਬਦਲ ਜਾਂਦਾ ਹੈ। ਸਾਨੂੰ ਆਪਣੇ ਦਿਲ ਦੀਆਂ ਰਮਜ਼ਾਂ ਕਿਸੇ ਨਾ ਕਿਸੇ ਨਾਲ਼ ਜ਼ਰੂਰ ਖੋਲ੍ਹ ਲੈਣੀਆਂ ਚਾਹੀਦੀਆਂ ਹਨ। ਭਾਵਨਾਵਾਂ ਦਾ ਆਦਾਨ – ਪ੍ਰਦਾਨ ਜ਼ਰੂਰ ਹੋਣਾ ਚਾਹੀਦਾ ਹੈ , ਭਾਵੇਂ ਕਿਸੇ ਨਾਲ ਵੀ ਹੋਵੇ। ਖੁਸ਼ੀਆਂ – ਖੇੜੇ ਸਾਡੇ ਆਸ – ਪਾਸ ਕਿਸੇ ਨਾ ਕਿਸੇ ਰੂਪ ਵਿੱਚ ਪਏ ਹੁੰਦੇ ਹਨ , ਬਸ ਜ਼ਰੂਰਤ ਹੁੰਦੀ ਹੈ ਸਾਨੂੰ ” ਜ਼ਿੰਦਗੀ ਦੀ ਜ਼ੀਰੋ ” ਤੋਂ ਬਾਹਰ ਨਿਕਲਣ ਦੀ।
ਇਹ ” ਜ਼ਿੰਦਗੀ ਦੀ ਜ਼ੀਰੋ ” ਉਹ ਸਥਿਤੀ ਹੁੰਦੀ ਹੈ , ਜਦੋਂ ਅਸੀਂ ਕਈ ਪਾਸਿਓਂ ਲਾਚਾਰ , ਮਜਬੂਰ ਜਾਂ ਚਿੰਤਾਵਾਂ ਵਿਚ ਘਿਰ ਜਾਂਦੇ ਹਾਂ ਤੇ ਸਾਨੂੰ ਲਗਦਾ ਹੈ ਕਿ ਹੁਣ ਸਾਡੀ ਕੋਈ ਸੁਣਨ ਵਾਲਾ ਨਹੀਂ ਰਿਹਾ । ਜੋ ਵਿਅਕਤੀ ਇਸ ” ਜ਼ਿੰਦਗੀ ਦੀ ਜ਼ੀਰੋ ” ਤੋਂ ਬਾਹਰ ਆ ਗਿਆ , ਉਹ ਜ਼ਿੰਦਗੀ ਦੇ ਬਦਲਾਅ ਨੂੰ ਵੀ ਸਵੀਕਾਰੇਗਾ , ਉਹ ਚੰਗਾ ਭਵਿੱਖ ਵੀ ਮਾਣੇਗਾ ਤੇ ਉਹ ਕਦੇ ਵੀ ਕੋਈ ਗਲਤ ਕਦਮ ਨਹੀਂ ਚੁੱਕੇਗਾ। ਆਓ ! ” ਜ਼ਿੰਦਗੀ ਦੀ ਜ਼ੀਰੋ ” ਨੂੰ ਤੋੜੀਏ ।