(ਸਮਾਜ ਵਕਿਲੀ)
ਤੇਜ਼ ਰਫ਼ਤਾਰ ਜ਼ਿੰਦਗੀ ਵਿੱਚ ਅੰਨ੍ਹੀ ਦੌੜ ਵਿੱਚ ਭੱਜੇ ਜਾ ਰਹੇ ਹਾਂ ਅਸੀਂ ਸਭ।ਕਿਤੇ ਰੁਕੀਏ ਤੇ ਵੇਖੀਏ ਆਪਣਾ ਆਲਾ ਦੁਆਲਾ ।ਬੜਾ ਖ਼ੂਬਸੂਰਤ ਹੈ ਹਜ਼ੂਰ।ਕੁਦਰਤ ਦੇ ਰੰਗ ਹਨ।ਵੇਖਣ ਵਾਲੀ ਅੱਖ ਚਾਹੀਦੀ ਹੈ।ਸਵੇਰੇ ਸਵੇਰੇ ਪੰਛੀ ਗਾਉਂਦੇ ਵਜਾਉਂਦੇ ਜਾਂਦੇ ਹਨ।ਉਨ੍ਹਾਂ ਦੇ ਸੰਗੀਤ ਸੁਣ ਕੇ ਦੇਖੋ।ਕਿੰਨਾ ਸੁਰੀਲਾ ਹੈ ।ਇਹ ਵੀ ਜ਼ਿੰਦਗੀ ਦੀ ਦੌੜ ਵਿਚ ਹਨ। ਪਰ ਇੰਨੇ ਖ਼ੁਸ਼ ਕਿਉਂ ਹਨ?ਜਨਾਬ ਇਨ੍ਹਾਂ ਨੂੰ ਕੱਲ੍ਹ ਦਾ ਨਹੀਂ ਪਤਾ।ਕੱਲ੍ਹ ਛੱਡੋ ਇਹਨੂੰ ਨੂੰ ਤਾਂ ਅਗਲੇ ਡੰਗ ਦਾ ਵੀ ਨਹੀਂ ਪਤਾ।ਇਨ੍ਹਾਂ ਦੇ ਅੰਦਰ ਵਿਸ਼ਵਾਸ ਹੈ।ਇਸ ਸਮੇਂ ਵਿੱਚ ਜੀ ਰਹੇ ਹਨ।ਸਾਡੇ ਵਾਂਗ ਨਹੀਂ ਜੋ ਹਮੇਸ਼ਾ ਆਉਣ ਵਾਲੇ ਸਮੇਂ ਵਿੱਚ ਜਿਉਂਦੇ ਹਨ।ਇਕ ਡੰਗ ਦੀ ਰੋਟੀ ਦਾ ਇੰਤਜ਼ਾਮ ਹੋ ਜਾਵੇ ਅਸੀਂ ਉਸ ਦਾ ਸੁਆਦ ਲੈਣ ਦੀ ਬਜਾਏ ਅਗਲੇ ਡੰਗ ਦੀ ਫ਼ਿਕਰ ਵਿੱਚ ਪੈ ਜਾਂਦੇ ਹਾਂ।ਭਰੋਸਾ ਰੱਖੋ ਰੱਬ ਤੇ
ਜਬ ਦਾਂਤ ਨਹੀਂ ਥੇ ਦੂਧ ਦੀਆ
ਅਬ ਧਾਂਤ ਦੀਏ ਕਿਆ ਅੰਨ ਨਾ ਦੇਗਾ
ਪਸ਼ੂ ਪੰਛੀਆਂ ਨੂੰ ਜੋਡ਼ਨ ਦੀ ਸਮਝ ਨਹੀਂ।ਅੱਗੇ ਦਾ ਪਤਾ ਨਾ ਹੋਣਾ ਹੀ ਉਨ੍ਹਾਂ ਦੀ ਜ਼ਿੰਦਗੀ ਦਾ ਸਭ ਤੋਂ ਖੁਸ਼ਗਵਾਰ ਪਹਿਲੂ ਹੈ।ਤੁਸੀਂ ਵੀ ਕਦੀ ਇਸ ਪਲ ਵਿੱਚ ਜੀ ਕੇ ਤਾਂ ਦੇਖੋ।ਜੋ ਕਰ ਰਹੇ ਹੋ ਉਸ ਨੂੰ ਖੁਸ਼ ਹੋ ਕੇ ਕਰੋ।ਬੱਧੇ ਰੁੱਧੇ ਜਿਹੇ ਕਿਉਂ ਜਿਊਂਦੇ ਹੋ?ਜਨਾਬ ਜ਼ਿੰਦਗੀ ਹੈ।ਬਥੇਰੇ ਹੋਣਗੇ ਜਿਨ੍ਹਾਂ ਨੇ ਅੱਜ ਦੀ ਸਵੇਰ ਨਹੀਂ ਦੇਖੀ।ਆਪਾਂ ਕਰਮਾਂ ਵਾਲੇ ਹਾਂ।ਚੜ੍ਹਦੇ ਸੂਰਜ ਦੀ ਲਾਲੀ ਵੇਖਾਂਗੇ।ਜ਼ਿੰਦਗੀ ਨੇ ਇਕ ਦਿਨ ਹੋਰ ਦਿੱਤਾ ਹੈ।ਬਸ ਮੇਰੀ ਮੰਨੋ ਅੱਜ ਵਿੱਚ ਜੀ ਕੇ ਦੇਖੋ।ਜੋ ਤੁਹਾਡੇ ਕੋਲ ਹੈ ਉਸ ਲਈ ਪਰਮਾਤਮਾ ਦੇ ਸ਼ੁਕਰਗੁਜ਼ਾਰ ਹੋਵੋ।ਹਰ ਵੇਲੇ ਰੀਂਅ ਰੀਂਅ ਨਾ ਕਰਿਆ ਕਰੋ।ਤੰਦਰੁਸਤ ਹੋ ਫਿਰ ਹੋਰ ਚਾਹੀਦਾ ਵੀ ਕੀ ਹੈ?ਹਜ਼ਾਰਾਂ ਨਿਆਮਤਾਂ ਮਿਲੀਆਂ ਹਨ।ਜਿਹਦੇ ਹੱਥ ਪੈਰ ਸਲਾਮਤ ਹਨ ਉਹਨੂੰ ਹੋਰ ਕੀ ਚਾਹੀਦਾ?ਕੱਪੜੇ ਤਨ ਢਕਣ ਲਈ ਹੁੰਦੇ ਹਨ ਦਿਖਾਵਾ ਕਰਨ ਲਈ ਨਹੀਂ।
ਮਨੁੱਖ ਦੀ ਤੰਦਰੁਸਤੀ ਤੇ ਉਹਦੀ ਸਹਿਜਤਾ ਹੀ ਉਸ ਦਾ ਗਹਿਣਾ ਹੈ।ਵਿਖਾਵੇ ਵਿਚ ਨਾ ਪਵੋ ਤਾਂ ਜ਼ਿੰਦਗੀ ਬੜੀ ਸੁਖਾਲੀ ਹੈ।ਜੋ ਚਮਕਦਾ ਦਮਕਦਾ ਗਹਿਣਿਆਂ ਨਾਲ ਲੱਦਿਆ ਸਾਹਮਣੇ ਘੁੰਮ ਰਿਹਾ ਹੈ ਤੇ ਵੱਡੀ ਗੱਡੀ ਵਿੱਚੋਂ ਉਤਰਿਆ ਹੈ ਕੀ ਪਤਾ ਕਿੰਨੀਆਂ ਬੀਮਾਰੀਆਂ ਢੋਅ ਰਿਹਾ ਹੈ।ਛੱਡੋ ਪਰੇ ਕੀ ਦੂਜਿਆਂ ਵੱਲ ਵੇਖਣਾ।ਮਸਤ ਹੋ ਕੇ ਜ਼ਿੰਦਗੀ ਜੀਓ।ਆਓ ਅੱਜ ਪੰਛੀਆਂ ਦੇ ਸੰਗੀਤ ਤੋਂ ਦਿਨ ਦੀ ਸ਼ੁਰੂਆਤ ਕਰੀਏ।ਸਾਰਾ ਦਿਨ ਇਸੇ ਤਰ੍ਹਾਂ ਚਹਿਚਹਾਉਂਦੇ ਰਹੀਏ।ਜੋ ਮਿਲੇ ਉਸ ਦਾ ਖਿੜੇ ਮੱਥੇ ਸਵਾਗਤ ਕਰੀਏ।ਜੋ ਜਾਵੇ ਉਸ ਨੂੰ ਸ਼ੁੱਭ ਇੱਛਾਵਾਂ ਦੇਈਏ।ਚਲੋ ਤਜਰਬਾ ਕਰਕੇ ਦੇਖਦੇ ਹਾਂ।ਆਓ ਫਿਰ ਅੱਜ ਚਿੜੀਆਂ ਵਾਂਗੂੰ ਚੀਂ ਚੀਂ ਕਰਦੇ ਸੋਹਣਾ ਦਿਨ ਬਿਤਾਈਏ।
ਰੱਬ ਰਾਖਾ
ਹਰਪ੍ਰੀਤ ਕੌਰ ਸੰਧੂ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly