ਜਲੰਧਰ 23 ਜੂਨ (ਸਮਾਜ ਵੀਕਲੀ) – ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵਲੋਂ ਸ਼ੁਰੂ ਕੀਤੇ ਗਏ ‘ਮਿਸ਼ਨ ਫ਼ਤਿਹ’ ਤਹਿਤ ਕੋਵਿਡ-19 ਮਹਾਂਮਾਰੀ ਦਾ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਮੁਕਾਬਲਾ ਕਰਨ ਵੱਲ ਇਕ ਹੋਰ ਪਹਿਲ ਕਦਮੀ ਕਰਦਿਆਂ ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਘਨਸ਼ਿਆਮ ਮੈਡੀਕਲ ਸਾਇੰਸਸ (ਪਿਮਸ) ਅਤੇ vਡਾ.ਬੀ.ਆਰ.ਅੰਬੇਦਕਰ ਨੈਸ਼ਨਲ ਇੰਸਟੀਚਿਊਟ ਆਫ਼ ਤਕਨਾਲੌਜੀ (ਐਨ.ਆਈ.ਟੀ.) ਨੂੰ ਕੋਵਿਡ ਕੇਅਰ ਸੇਂਟਰ ਵਿੱਚ ਤਬਦੀਲ ਕਰਨ ਕੀਤੇ ਜਾਣ ਵਾਲੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਇਨਾ ਸੰਸਥਾਵਾਂ ਦਾ ਦੌਰਾ ਕੀਤਾ ਗਿਆ।
ਡਿਪਟੀ ਕਮਿਸ਼ਨਰ ਸ੍ਰੀ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਕੋਵਿਡ-19 ਮਹਾਂਮਾਰੀ ਦੌਰਾਨ ਪੈਦਾ ਹੋਣ ਵਾਲੀ ਕਿਸੇ ਵੀ ਸਥਿਤੀ ਦਾ ਸਾਹਮਣਾ ਕਰਨਾ ਲਈ ਪੂਰੀ ਤਰ੍ਹਾਂ ਤਿਆਰ ਹੈ। ਸ੍ਰੀ ਥੋਰੀ ਵਲੋਂ ਪਿਮਸ ਅਤੇ ਡਾ.ਬੀ.ਆਰ.ਅੰਬੇਦਕਰ ਨੈਸ਼ਨਲ ਇੰਸਟੀਚਿਊਟ ਆਫ਼ ਤਕਨਾਲੌਜੀ ਦੇ ਦੌਰੇ ਦੌਰਾਨ ਅਧਿਕਾਰੀਆਂ ਨਾਲ ਮੀਟਿੰਗ ਵੀ ਕੀਤੀ ਗਈ। ਸ੍ਰੀ ਥੋਰੀ ਨੇ ਕਿਹਾ ਕਿ ਜੇਕਰ ਭਵਿੱਖ ਵਿੱਚ ਲੋੜ ਪੈਂਦੀ ਹੈ ਤਾਂ ਇਨ੍ਹਾਂ ਸੰਸਥਾਵਾਂ ਵਿੱਚ ਕੋਵਿਡ ਕੇਅਰ ਸੈਂਟਰ ਸਥਾਪਿਤ ਕਰਕੇ ਬੈਡਾਂ ਦੀ ਗਿਣਤੀ ਵਧਾਈ ਜਾਵੇਗੀ ਅਤੇ ਇਲਾਜ ਦੀ ਸਹੂਲਤ ਮੁਹੱਈਆ ਕਰਵਾਈ ਜਾਵੇਗੀ।
ਸ੍ਰੀ ਥੋਰੀ ਨੇ ਦੱਸਿਆ ਕਿ ਪਿਮਸ ਵਿਖੇ ਕੋਵਿਡ ਕੇਅਰ ਸੈਂਟਰ ਲਈ 350 ਬੈਡਾਂ ਤੱਕ ਦੀ ਸਮੱਰਥਾ ਵਧਾਉਣ ਲਈ ਸੰਭਾਵਨਾਵਾਂ ਤਲਾਸੀਆਂ ਜਾਣਗੀਆਂ ਅਤੇ ਇਹ ਮਾਮਲਾ ਸੂਬਾ ਸਰਕਾਰ ਦੇ ਨਾਲ ਉਠਾਇਆ ਜਾਵੇਗਾ। ਸ੍ਰੀ ਥੋਰੀ ਵਲੋਂ ਵੱਖ-ਵੱਖ ਵਾਰਡਾਂ ਅਤੇ ਆਈ.ਸੀ.ਯੂ ਦਾ ਦੌਰਾ ਕਰਕੇ ਜਰੂਰੀ ਹਦਾਇਤਾਂ ਦਿੱਤੀਆਂ ਗਈਆਂ।
ਡਾ. ਬੀ.ਆਰ. ਅੰਬੇਦਕਰ ਨੈਸ਼ਨਲ ਇੰਸਟੀਚਿਊਟ ਆਫ਼ ਤਕਨਾਲੌਜੀ ਦੇ ਦੌਰੇ ਦੌਰਾਨ ਜਿਥੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕੁਆਰੰਟੀਨ ਸੈਂਟਰ ਬਣਾਇਆ ਗਿਆ ਹੈ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜੇ ਭਵਿੱਖ ਵਿੱਚ ਲੋੜ ਪੈਂਦੀ ਹੈ ਤਾਂ ਇਸ ਸੈਂਟਰ ਵਿਖੇ 1000 ਬੈਡਾਂ ਵਾਲਾ ਕੋਵਿਡ ਕੇਅਰ ਸੈਂਟਰ ਸਥਾਪਿਤ ਕਰਨ ਲਈ ਪਹਿਲਾਂ ਹੀ ਵਿਆਪਕ ਪ੍ਰੋਗਰਾਮ ਉਲੀਕਿਆ ਗਿਆ ਹੈ ਅਤੇ ਸਿਵਲ ਤੇ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀਆਂ ਦੀਆਂ ਪਹਿਲਾਂ ਹੀ ਡਿਊਟੀਆਂ ਲਗਾਈਆਂ ਜਾ ਚੁੱਕੀਆਂ ਹਨ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਆਮ ਲੋਕਾਂ ਦੇ ਸਰਗਰਮ ਸਹਿਯੋਗ ਅਤੇ ਮਦਦ ਨਾਲ ਕੋਰੋਨਾ ਵਾਇਰਸ ਖਿਲਾਫ਼ ਜੰਗ ਨੂੰ ਜਿੱਤ ਲਿਆ ਜਾਵੇਗਾ। ਉਨ੍ਹਾਂ ਲੋਕਾਂ ਨੂੰ ਕਿਹਾ ਕਿ ਉਨਾਂ ਕੋਰੋਨਾ ਵਾਇਰਸ ਸਬੰਧੀ ਪੂਰਨ ਅਹਿਤਿਆਤ ਵਰਤਣੀ ਚਾਹੀਦੀ ਹੈ ਅਤੇ ਉਨਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ।
ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਕੋਵਿਡ-19 ਮਹਾਂਮਾਰੀ ਦੌਰਾਨ ਜ਼ਿਲ੍ਹਾ ਪ੍ਰਸ਼ਾਸਨ ਨੂੰ ਪੂਰਨ ਸਹਿਯੋਗ ਦਿੱਤਾ ਜਾਵੇ ਅਤੇ ਸਮਾਜਿਕ ਦੂਰੀ, ਮਾਸਕ ਪਾਉਣਾ ਅਤੇ ਹੱਥ ਧੋਣ ਦੇ ਨਿਯਮ ਨੂੰ ਅਪਣੀ ਜਿੰਦਗੀ ਵਿੱਚ ਅਪਣਾਇਆ ਜਾਵੇ।
ਇਸ ਮੌਕੇ ਉਪ ਮੰਡਲ ਮੈਜਿਸਟਰੇਟ ਜਲੰਧਰ-2 ਸ੍ਰੀ ਰਾਹੁਲ ਸਿੰਧੂ, ਪੁੱਡਾ ਅਸਟੇਟ ਅਫ਼ਸਰ ਨਵਨੀਤ ਕੌਰ ਬੱਲ ਅਤੇ ਹੋਰ ਵੀ ਹਾਜ਼ਰ ਸਨ।