ਲੁਧਿਆਣਾ (ਸਮਾਜਵੀਕਲੀ): ਪਿੰਡ ਭੱਟੀਆ ’ਚ ਸ਼ੁੱਕਰਵਾਰ ਦੀ ਦੁਪਹਿਰ ਨੂੰ ਜ਼ਮੀਨੀ ਵਿਵਾਦ ਕਾਰਨ ਦੋ ਧੜੇ ਆਪਸ ’ਚ ਉਲਝ ਗਏ। ਇਸੇ ਦੌਰਾਨ ਇੱਕ ਧੜੇ ਨੇ ਪਿਸਤੌਲ ਕੱਢੀ ਤੇ ਸਿੱਧੀ ਗੋਲੀ ਚਲਾ ਦਿੱਤੀ, ਜੋ ਕੋਲ ਖੜ੍ਹੇ ਇੱਕ ਨੌਜਵਾਨ ਵਿਅਕਤੀ ਨੂੰ ਲੱਗ ਗਈ, ਜਿਸ ਦਾ ਇਸ ਝਗੜੇ ਨਾਲ ਕੋਈ ਲੈਣਾ-ਦੇਣਾ ਨਹੀਂ। ਗੋਲੀ ਲੱਗਦੇ ਹੀ ਮੁਲਜ਼ਮਾਂ ਨੇ ਪੀੜਤ ਤੇ ਜ਼ਖਮੀ ਨੌਜਵਾਨ ਨੂੰ ਅਗਵਾ ਕੀਤਾ ਤੇ ਕਾਰ ’ਚ ਬਿਠਾ ਕੇ ਸੀਐੱਮਸੀ ਹਸਪਤਾਲ ਦੇ ਬਾਹਰ ਸੁੱਟ ਕੇ ਫ਼ਰਾਰ ਹੋ ਗਏ।
ਸੂਚਨਾ ਮਿਲਣ ਮਗਰੋਂ ਪੁਲੀਸ ਦੇ ਉੱਚ ਅਧਿਕਾਰੀ ਤੇ ਥਾਣਾ ਸਲੇਮ ਟਾਬਰੀ ਦੀ ਪੁਲੀਸ ਮੌਕੇ ’ਤੇ ਪੁੱਜ ਗਈ। ਪੁਲੀਸ ਨੇ ਇਸ ਮਾਮਲੇ ’ਚ ਅੰਮ੍ਰਿਤਸਰ ਬਿਆਸ ਦੇ ਰਹਿਣ ਵਾਲੇ ਜਸਵਿੰਦਰ ਸਿੰਘ ਦੀ ਸ਼ਿਕਾਇਤ ’ਤੇ ਜਗਮੋਹਨ ਸਿੰਘ ਅਤੇ ਉਸਦੇ ਤਿੰਨ ਸਾਥੀਆਂ ’ਤੇ ਕਤਲ ਦੀ ਕੋਸ਼ਿਸ਼ ਸਮੇਤ ਅਗਵਾ ਦਾ ਕੇਸ ਦਰਜ ਕਰ ਲਿਆ ਹੈ। ਪੁਲੀਸ ਨੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਉਧਰ, ਗੋਲੀ ਲੱਗਣ ਤੋਂ ਬਾਅਦ ਜ਼ਖਮੀ ਹੋਏ ਪਿੰਡ ਭੱਟੀਆ ਵਾਸੀ ਜਸਵਿੰਦਰ ਸਿੰਘ ਉਰਫ਼ ਜੱਸੀ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।
ਥਾਣਾ ਸਲੇਮ ਟਾਬਰੀ ਦੇ ਐੱਸਐੱਚਓ ਇੰਸਪੈਕਟਰ ਕ੍ਰਿਸ਼ਨ ਗੋਪਾਲ ਨੇ ਦੱਸਿਆ ਕਿ ਤਰਨਤਾਰਨ ਦੇ ਰਹਿਣ ਵਾਲੇ ਜਸਵੰਤ ਸਿੰਘ ਦੀ ਪਿੰਡ ਭੱਟੀਆਂ ’ਚ ਪੁਰਾਣੀ ਜ਼ਮੀਨ ਪਈ ਹੈ। ਉਸ ਨੇ ਜ਼ਮੀਨ ਦਾ ਬਿਆਨਾ ਬਿਆਸ ਦੇ ਰਹਿਣ ਵਾਲੇ ਜਸਵਿੰਧਰ ਸਿੰਘ ਨਾਲ ਕਰ ਲਿਆ। ਸ਼ੁੱਕਰਵਾਰ ਨੂੰ ਜਸਵਿੰਦਰ ਸਿੰਘ ਆਪਣੇ ਕੁਝ ਸਾਥੀਆਂ ਨਾਲ ਜ਼ਮੀਨ ’ਤੇ ਪੁੱਜਿਆ ਤੇ ਉਥੇ ਮਿੱਟੀ ਸੁੱਟਵਾ ਦਿੱਤੀ।
ਜੱਸੀ ਉਥੇ ਖੜ੍ਹਾ ਦੇਖ ਰਿਹਾ ਸੀ। ਇਸੇ ਦੌਰਾਨ ਪਿੰਡ ਭੱਟੀਆ ਦਾ ਹੀ ਰਹਿਣ ਵਾਲਾ ਜਗਮੋਹਨ ਸਿੰਘ ਆਪਣੇ ਸਾਥੀਆਂ ਨਾਲ ਉਥੇ ਪੁੱਜ ਗਿਆ ਤੇ ਜਸਵਿੰਦਰ ਸਿੰਘ ਨੂੰ ਜ਼ਮੀਨ ’ਚੋਂ ਮਿੱਟੀ ਸੁੱਟਣ ਤੋਂ ਰੋਕਣ ਲੱਗਿਆ। ਇਸੇ ਦੌਰਾਨ ਜਸਵਿੰਦਰ ਤੇ ਜਗਮੋਹਨ ਵਿੱਚ ਲੜਾਈ ਹੋ ਗਈ। ਦੋਵੇਂ ਧੜੇ ਆਪਸ ’ਚ ਉਲਝ ਗਏ। ਇਸੇ ਦੌਰਾਨ ਜਸਮੋਹਨ ਨੇ ਪਿਸਤੌਲ ਕੱਢੀ ਤੇ ਸਾਹਮਣੇ ਵੱਲ ਗੋਲੀ ਚਲਾ ਦਿੱਤੀ। ਬਿਆਨਾ ਵਾਸੀ ਜਸਵਿੰਦਰ ਸਿੰਘ ਬਚ ਗਿਆ ਪਰ ਗੋਲੀ ਜੱਸੀ ਦੇ ਪੈਰ ’ਚ ਜਾ ਲੱਗੀ, ਜਿਸ ਕਾਰਨ ਉਹ ਖੂਨ ਨਾਲ ਲਥਪਥ ਹੋ ਗਿਆ।
ਮੁਲਜ਼ਮਾਂ ਨੇ ਉਥੋਂ ਭੱਜਣ ਦੀ ਬਜਾਏ ਜਸਵਿੰਦਰ ਨੂੰ ਕਾਰ ’ਚ ਪਾਇਆ ਤੇ ਅਗਵਾ ਕਰ ਕੇ ਫ਼ਰਾਰ ਹੋ ਗਏ। ਬਾਅਦ ਵਿੱਚ ਮੁਲਜ਼ਮ ਦੋਵਾਂ ਨੂੰ ਸੀਐੱਸਸੀ ਹਸਪਤਾਲ ਅੱਗੇ ਸੁੱਟ ਕੇ ਫ਼ਰਾਰ ਹੋ ਗਏ।
ਜਸਵਿੰਦਰ ਕ੍ਰਿਸ਼ਨ ਗ਼ੋਪਾਲ ਨੇ ਦੱਸਿਆ ਕਿ ਮੁਲਜ਼ਮ ਹਾਲੇ ਪੁਲੀਸ ਗ੍ਰਿਫ਼ਤ ’ਚੋਂ ਬਾਹਰ ਹੈ, ਉਨ੍ਹਾਂ ਦੀ ਭਾਲ ’ਚ ਛਾਪੇ ਮਾਰੇ ਜਾ ਰਹੇ ਹਨ ਅਤੇ ਜਲਦੀ ਹੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।