ਨੰਗਲ : ਜਵਾਹਰ ਮਾਰਕੀਟ ਦੀ ਰਹਿਣ ਵਾਲੀ ਬਬਲੀ, ਜਿਸਦਾ ਤਕਰੀਬਨ ਅੱਠ ਸਾਲ ਪਹਿਲਾਂ ਪਿੰਡ ਸੈਂਸੋਵਾਲ ਦੇ ਰਾਕੇਸ਼ ਕੁਮਾਰ ਨਾਲ ਵਿਆਹ ਹੋਇਆ ਸੀ। ਬੀਤੇ ਸ਼ੁੱਕਰਵਾਰ ਨੂੰ ਹੋਈ ਉਸਦੀ ਹੱਤਿਆ ਦੇ ਮਾਮਲੇ ਨੇ ਉਸ ਸਮੇਂ ਨਵਾਂ ਮੋੜ ਲੈ ਲਿਆ, ਜਦੋਂ ਇਹ ਪਤਾ ਲੱਗਾ ਕਿ ਬਬਲੀ ਦੇ ਪਤੀ ਦੀ ਚਾਚੀ ਨੇ ਆਪਣੀ ਨੂੰਹ ਸਮੇਤ ਦੋ ਹੋਰ ਨਾਲ ਮਿਲ ਕੇ ਬਬਲੀ ਦਾ ਕਤਲ ਕੀਤਾ ਸੀ। ਸ਼ਨਿਚਰਵਾਰ ਸ਼ਾਮ ਪੁਲਿਸ ਅਧਿਕਾਰੀਆਂ ਨੇ ਮਾਮਲੇ ਦੀ ਗੰਭੀਰਤਾ ਨੂੰ ਵੇਖਦੇ ਹੋਏ ਬਬਲੀ ਦੇ ਭਰਾ ਦੀਪਕ ਕੁਮਾਰ ਦੇ ਬਿਆਨਾਂ ‘ਤੇ ਮ੍ਰਿਤਕਾ ਦੀ ਚਾਚੀ ਸੱਸ ਚੰਚਲਾ, ਚਾਚੀ ਸੱਸ ਦੀ ਨੂੰਹ ਸ਼ਿਖਾ, ਪਿੰਡ ਦੀ ਸਰਪੰਚ ਊਸ਼ਾ ਰਾਣੀ ਅਤੇ ਸਰਪੰਚ ਦੇ ਪਤੀ ਖ਼ਿਲਾਫ਼ ਹੱਤਿਆ ਦਾ ਮਾਮਲਾ ਦਰਜ ਕੀਤਾ ਹੈ।
ਮ੍ਰਿਤਕਾ ਬਬਲੀ ਦੀ ਮਾਂ ਪ੍ਰਵੀਨ ਕੁਮਾਰੀ ਨੇ ਦੱਸਿਆ ਕਿ ਉਸਦੀ ਧੀ ਦਾ ਕਤਲ ਸਹੁਰੇ ਘਰ ‘ਚ ਜ਼ਮੀਨ ਦੀ ਵੰਡ ਨੂੰ ਲੈ ਕੇ ਕੀਤਾ ਗਿਆ ਹੈ। ਉਸਨੇ ਦੱਸਿਆ ਕਿ ਬਬਲੀ ਨੂੰ ਉਸਦੀ ਹੱਤਿਆ ਤੋਂ ਕੁਝ ਘੰਟੇ ਪਹਿਲਾਂ ਸ਼ੱਕ ਹੋ ਗਿਆ ਸੀ ਕਿ ਉਸਦੀ ਹੱਤਿਆ ਦੀ ਸਾਜ਼ਿਸ਼ ਰਚੀ ਗਈ ਹੈ। ਮਿ੍ਤਕਾ ਬਬਲੀ ਦੀ ਮਾਂ ਪ੍ਰਵੀਨ ਕੁਮਾਰੀ ਨੇ ਕਿਹਾ ਕਿ ਪਿਛਲੇ ਕਈ ਦਿਨਾਂ ਤੋਂ ਬਬਲੀ ਦੀ ਚਾਚੀ ਸੱਸ ਅਤੇ ਉਸਦੇ ਪਰਿਵਾਰ ਵਾਲੇ ਜ਼ਮੀਨ ਦੀ ਵੰਡ ਨੂੰ ਲੈ ਕੇ ਝਗੜਾ ਕਰ ਰਹੇ ਸਨ।
ਪ੍ਰਵੀਨ ਕੁਮਾਰੀ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਉਸਦੀ ਧੀ ਬਬਲੀ ਨੇ 12.30 ਵਜੇ ਦੁਪਹਿਰ ਨੂੰ ਫੋਨ ਕੀਤਾ ਸੀ। ਫੋਨ ‘ਤੇ ਹੀ ਬਬਲੀ ਨੇ ਦੱਸਿਆ ਕਿ ਇਹ ਲੋਕ ਉਸ ਨੂੰ ਅੱਜ ਮਾਰ ਦੇਣਗੇ।ਉਸਨੇ ਦੱਸਿਆ ਸੀ ਕਿ ਚਾਚੀ ਸੱਸ ਚੰਚਲਾ ਨਾਲ ਸ਼ੁੱਕਰਵਾਰ ਨੂੰ ਲੜਾਈ ਹੋਈ ਤਾਂ ਉਸ ਸਮੇਂ ਚਾਚੀ ਸੱਸ ਦੇ ਦੋ ਰਿਸ਼ਤੇਦਾਰ ਤੇ ਇਕ ਹੋਰ ਵਿਅਕਤੀ ਨੇ ਧਮਕੀ ਦਿੱਤੀ ਕਿ ਬਸ 20 ਮਿੰਟ ਦੀ ਖੇਡ ਰਹਿ ਗਈ ਹੈ।
ਬਾਅਦ ‘ਚ ਬਬਲੀ ਦੇ ਪਤੀ ਨੇ ਉਨ੍ਹਾਂ ਨੂੰ ਦੱਸਿਆ ਕਿ ਉਹ ਢਾਈ ਵਜੇ ਜਦੋਂ ਆਪਣੀ ਧੀ ਨੂੰ ਸਕੂਲ ਤੋਂ ਲੈ ਕੇ ਆਇਆ ਤਾਂ ਉਸਨੇ ਬਬਲੀ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਨਹੀਂ ਉੱਠੀ। ਉਹ ਬੱਬਲੀ ਨੂੰ ਲੈ ਕੇ ਬੀਬੀਐੱਮਬੀ ਹਸਪਤਾਲ ਪਹੁੰਚੇ ਤਾਂ ਉੱਥੇ ਡਾਕਟਰਾਂ ਨੇ ਉਸ ਨੂੰ ਮਿ੍ਤਕ ਕਰਾਰ ਦੇ ਦਿੱਤਾ ਸੀ। ਬਬਲੀ ਦਾ ਕਤਲ ਉਸਦਾ ਗਲ਼ਾ ਦਬਾ ਕੇ ਕੀਤਾ ਗਿਆ ਸੀ। ਉਸਦੇ ਗਲ਼ੇ ‘ਤੇ ਨਿਸ਼ਾਨ ਬਣੇ ਹੋਏ ਸੀ।