(ਸਮਾਜ ਵੀਕਲੀ)
ਮੇਰੇ ਮਾਲਕ ਅਗਰ ਏਨਾ ਤੂੰ ਬਖਸ਼ਣਹਾਰ ਨਾ ਹੁੰਦਾ।
ਤੇਰੇ ਫਿਰ ਨਾਮ ਤੇ ਲੁੱਟ ਦਾ ਇਵੇਂ ਬਾਜ਼ਾਰ ਨਾ ਹੁੰਦਾ।
ਬਿਨਾਂ ਗੋਲਕ ਭਰੇ ਸੁਣਦੈ ਅਗਰ ਆਵਾਜ਼ ਤੂੰ ਸਭ ਦੀ,
ਗਰੀਬਾਂ ਦਾ ਇਹ ਜੀਵਨ ਇਸ ਤਰ੍ਹਾਂ ਲਾਚਾਰ ਨਾ ਹੁੰਦਾ।
ਅਗਰ ਕਣ ਕਣ ‘ਚ ਤੂੰ ਰਹਿੰਦੈ, ਰਜ਼ਾ ਤੇਰੀ ਚ ਹਰ ਸ਼ੈਅ ਏ,
ਤਾਂ ਇਸ ਦੁਨੀਆ ‘ਚ ਏਨਾ ਫੇਰ ਅੱਤਿਆਚਾਰ ਨਾ ਹੰਦਾ।
ਤੇਰਾ ਕੀ ਰੂਪ ਏ ਕੀ ਰੰਗ ਕੋਈ ਜਾਣਦਾ ਨਾ ਕੁਝ,
ਸ਼ਿਲਾ ਤੋਂ ਮੂਰਤੀ ਘੜਨਾ ਅਗਰ ਰੁਜ਼ਗਾਰ ਨਾ ਹੁੰਦਾ।
ਨਾ ਕਰਮਾਂ ਨੂੰ ਕੋਈ ਰੋਂਦਾ, ਨਾ ਖਾਂਦਾ ਮੁਫਤ ਦੀ ਕੋਈ,
ਜੇ ਅੰਨ੍ਹੀ ਆਸਥਾ ਤੋਂ ਆਦਮੀ ਬੀਮਾਰ ਨਾ ਹੁੰਦਾ।
ਸਧਾਰਨ ਸੂਝ ਦੇ ਘਾਟੇ ਤੇਰੇ ਬੰਦੇ ਨਾ ਜੇ ਸਹਿੰਦੇ,
ਤੇਰਾ ਹਰ ਮੋੜ ਤੇ ਜਬਰਨ ਕੋਈ ਦਰਬਾਰ ਨਾ ਹੁੰਦਾ।
ਬਿਨਾਂ ਗੰਗਾ ਨਹਾਏ ਵੀ ਮਨਾਂ ਦੀ ਮੈਲ ਧੁਲ ਜਾਂਦੀ,
ਮਨਾਂ ਵਿਚ ‘ਗਰ ਨਸ਼ਾ ਦੌਲਤ ਦਾ ਹੱਦ ਤੋਂ ਪਾਰ ਨਾ ਹੁੰਦਾ।
ਬਿਸ਼ੰਬਰ ਅਵਾਂਖੀਆ
ਮੋ-9781825255, ਪਿੰਡ/ਡਾ-ਅਵਾਂਖਾ
ਜ਼ਿਲ੍ਹਾ/ਤਹਿ–ਗੁਰਦਾਸਪੁਰ