“ਅੰਮੀ ਨੂੰ”

(ਸਮਾਜ ਵੀਕਲੀ)

ਅੰਮੀ ਮੇਰਾ ਦਿਲ ਕਰਦਾ ਏ,
ਗੀਤ ਕੋਈ ਤੇਰੀ ਖ਼ਾਤਰ ਗਾਵਾਂ
ਸੁੱਚੇ ਹਰਫ਼ਾਂ ਨੂੰ ਚੁਣ ਚੁਣ ਕੇ,
ਤੇਰੇ ਪੈਰੀਂ ਅਰਘ ਚੜਾਵਾਂ
ਨਿੱਤ ਸਵੇਰਾਂ ਜੋਤ ਜਗਾਵਣ,
ਮਹਿਕਾਂ ਸੰਦਲੀ ਦੇਣ ਹਵਾਵਾਂ
ਸ਼ਾਮ ਸੰਧੂਰੀ ਚੁੰਨੀ ਸਿਰ ਲੈ ਕੇ
ਨਿੱਤ ਤੇਰੀ ਚੌਂਕੀ ਭਰਨੇ ਲਾਵਾਂ
ਸੋਨੇ ਰੰਗੀਆਂ ਕਿਰਨਾਂ ਦਾ ਮੈਂ
ਤੇਰੇ ਸਿਰ ਤੇ ਛਤਰ ਝੁਲਾਵਾਂ
ਲਿਖਾਂ ਆਰਤੀ ਐਸੀ ਕੋਈ ਮਿੱਠੜੀ
ਕੁੱਲ ਕੁਦਰਤ ਦੇ ਹੋਠੀਂ ਲਾਵਾਂ।

ਅੰਮੀਏ ਦਿਲ ਕਰਦਾ ਏ ਮੇਰਾ,
ਪੈੜ ਤੇਰੀ ਨੂੰ ਤੀਰਥ ਕਰ ਜਾਵਾਂ
ਤਿੰਨ ਲੋਕਾਂ ਦੀ ਕਰਾਂ ਪ੍ਰੀਕਰਮਾ
ਸਿਰ ਤੇ ਤੇਰੀਆਂ ਰੱਖ ਖੜਾਵਾਂ
ਮੰਦਿਰ ਮਸਜਿਦ ਗੁਰੂਘਰ ਅੱਗੇ
ਨਿੱਤ ਉੱਚੀ ਉੱਚੀ ਹੌਕਾ ਲਾਵਾਂ
ਇੱਥੋਂ ਰੱਬ ਵੀ ਤਾਹੀਓਂ ਮਿਲਣਾ
ਜੇਕਰ ਸੀਸ ਪਲੋਸਣ ਮਾਵਾਂ
ਰੱਬ ਤੋਂ ਉੱਚਾ ਪਲੰਘ ਥਿਆ ਕੇ,
ਰੱਬ ਦੀ ਥਾਵੇਂ ਤੈਨੂੰ ਬਿਠਾਵਾਂ।
ਸੂਰਜ ਚੰਨ ਤੇ ਤਾਰਿਆਂ ਨੂੰ ਮਾਂ
ਤੇਰੇ ਦਰ ਦਾ ਪਹਿਰੇਦਾਰ ਬਣਾਵਾਂ

ਕਦੀ ਕਦੀ ਦਿਲ ਕਰਦੈ ਅੰਮੀਏ
ਮੁੜ ਤੋਂ ਮੈਂ ਬੱਚਾ ਹੋ ਜਾਵਾਂ।
ਤੇਰੀ ਮਮਤਾ ਦੀ ਛਾਵੇਂ ਨਿੱਤ
ਬੇਫਿਕਰੀ ਦੀ ਮੁੜ ਜੂਨ ਹੰਢਾਵਾਂ
ਕਰਾਂ ਸ਼ਰਾਰਤ ਲੋਰ ਚ ਆ ਕੇ,
ਤੈਥੋਂ ਫਿਰ ਝਿੜਕੀ ਜਿਹੀ ਖਾਵਾਂ।
ਰੁੱਠ ਰੁੱਠ ਬੈਠਾਂ ਤੇਰੇ ਕੋਲੋਂ
ਸੀਨੇ ਤੇਰੇ ਲੱਗਣਾ ਵੀ ਚਾਹਵਾਂ।
ਤੂੰ ਪੁਚਕਾਰੇ ਪਿਆਰ ਨਾਲ ਮੈਨੂੰ
ਝੱਟ ਤੇਰੀ ਕੁਛੜ ਚੜ ਜਾਵਾਂ
ਫਿਰ ਚੁੰਮੇ ਮੁੱਖ ਤੂੰ ਮੁੜ ਮੁੜ ਮੇਰਾ
ਉਮਰੋਂ ਲੰਮੀਆਂ ਦਵੇਂ ਦੁਆਵਾਂ।

ਅੰਮੀ ਮੇਰਾ ਦਿਲ ਕਰਦਾ ਏ,
ਮਹਿਕਾਂ ਤੇਰੇ ਰਾਹ ਵਿੱਚ ਵਿਛਾਵਾਂ
ਗਮ ਦੇ ਰੋੜ ਚੁੱਭਣ ਤੋਂ ਪਹਿਲਾਂ
ਮੈਂ ਪੀਸ ਕੇ ਨੈਣੀਂ ਸੂਰਮਾ ਪਾਵਾਂ
ਰੂਹ ਤੇ ਵੱਟਣਾ ਮਲਾਂ ਤੇਰੇ ਹੰਝ ਦਾ
ਆਪਣੇ ਸਿਰ ਤੇ ਲਵਾਂ ਬਲਾਵਾਂ।
ਤੇਰੀ ਹਰ ਇਕ ਪੀੜ ਨੂੰ ਆਪਣੇ
ਗੱਲ ਦੀ ਗਾਨੀ ਵਾਂਗ ਸਜਾਵਾਂ।
ਮਿਲੇ ਲਿਖਾਰੀ ਜੇ ਕਰਮਾਂ ਦਾ
ਮੈਂ ਗਹਿਣੇ ਪਾ ਦੇਵਾਂ ਇਹ ਸਾਹਵਾਂ
ਮੱਸਿਆ ਦੇ ਟੁੱਕ ਝੋਲ ਪਵਾ ਕੇ
ਪੁੰਨਿਆ ਤੇਰੇ ਨਾਂ ਲਿਖਵਾਵਾਂ

ਸੁਣ ਅੰਮੜੀਏ, ਮੇਰੀ ਇਹੋ ਤਮੰਨਾ
ਮੈਂ ਜਦ ਵੀ ਇਸ ਧਰਤੀ ਤੇ ਆਵਾਂ
ਲੇਖਾਂ ਵਿੱਚ ਕੁੱਖ ਹੋਵੇ ਤੇਰੀ ਹੀ
ਮਾਣਾਂ ਨਿੱਤ ਮਮਤਾ ਦੀਆਂ ਛਾਵਾਂ
ਤੂੰ ਗੁਰੂਘਰ ਦੀ ਪਰਿਕਰਮਾ ਵਰਗੀ
ਜਿਉਂ ਮੱਕੇ ਦੀਆਂ ਪਾਕ ਫਿਜ਼ਾਵਾਂ
ਅਸੀਸ ਤੇਰੀ ਗੰਗਾ ਦੀਆਂ ਧਾਰਾਂ
ਕਿਉਂ ਤੀਰਥ ਤੇ ਭਟਕਣ ਖਾਵਾਂ?
“ਮੁਸਾਫ਼ਿਰ” ਅਜ਼ਲੋਂ ਨਫਸ ਹੈ ਮੈਲੀ
ਧੋ ਦਿੰਦੀਆਂ ਮਾਂ ਦੀਆਂ ਦੁਆਵਾਂ
ਮਾਏ ਨੀ ਮੇਰੀ ਕਲਮ ਵੀ ਊਣੀ
ਸਿਫਤ ਤੇਰੀ ਕਿੰਝ ਆਖ ਸੁਣਾਵਾਂ?

ਨਰਪਿੰਦਰ ਸਿੰਘ ਮੁਸਾਫ਼ਿਰ

ਖਰੜ

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗ਼ਜ਼ਲ
Next articleਕਵਿਤਾ