ਗ਼ਜ਼ਲ

ਬਲਜਿੰਦਰ ਸਿੰਘ "ਬਾਲੀ ਰੇਤਗੜ੍ਹ"
(ਸਮਾਜ ਵੀਕਲੀ)

ਆਪ ਸਮੇਂ ਦੇ ਹਾਕਮਾਂ, ਜੰਮ ਦਿੱਤਾ ਭਗਵਾਨ
ਪੱਥਰ ਘੜਕੇ ਆਪ ਹੀ, ਪੂਜ ਰਹੇ  ਸ਼ੈਤਾਨ

ਲੁੱਟ ਰਹੇ ਨੇ ਦੇਸ਼ ਨੂੰ, ਦੋਵੇਂ ਹੱਥੀਂ ਠੱਗ
ਲੱਚੇ ਲੰਡੇ ਚੌਧਰੀ, ਗੁੰਡੀ ਰੰਨ ਪ੍ਰਧਾਨ

ਕੇਸ ਬਣਾ ਕੇ ਝੂਠ ਦੇ, ਪਰਚੇ ਕਰਨ ਹਜ਼ਾਰ
ਦੇਸ਼-ਧਰੋਹੀ ਆਖ ਕੇ, ਕਰਦੇ ਬੰਦ ਜੁਬਾਨ

ਬੇ-ਪੱਤੀ ਦਾ ਸਿਖ਼ਰ ਹੈ, ਅਫ਼ਸ਼ਰ ਸ਼ਾਹੀ.ਲੁੱਟ
ਪੈਰਾਂ ਵਿੱਚ ਮਧੋਲਿਆ, ਪੱਗਾਂ  ਦਾ ਸਨਮਾਨ

ਬੁੱਚੜ ਬੈਠੇ ਸਾਧ ਬਣ,  ਕਰਦੇ ਨਿੱਤ ਪਖੰਡ
ਜਬਰੀ ਲੁੱਟਣ ਗੋਲ਼ਕਾਂ, ਭੇਖ਼ੀ ਬੇ- ਈਮਾਨ

ਕੁੱਤੇ ਬਣ ਬਣ ਚੱਟਦੇ, ਦੁਸ਼ਮਣ ਦੇ ਨੇ ਪੈਰ
ਕੁੱਤੇ ਵੀ  ਹੋ   ਦੇਖਦੇ, ਕੌਣ ਇਹੇ ਮਹਿਮਾਨ

ਸੱਤਾ ਦੇ  ਸਭ ਲਾਲਸੀ, ਚੱਲਣ ਟੇਡੀ ਚਾਲ
ਕੁਲ਼ਫੀ ਵੇਚਣ ਗਰਮ ਕਰ, ਭੰਡ ਪਣੇ ਵਿਚ ਮਾਨ

ਕੰਗ਼ਾਲੀ ਦੀ ਦੌਰ ਨੇ, ਵਿਕਦੈ ਮੇਰਾ ਦੇਸ਼
ਉੱਲੂ ਬੈਠੇ ਤਖ਼ਤ ਤੇ, ਵੇਚਣਗੇ ਸ਼ਮਸ਼ਾਨ

ਸਾਹ ਜਿਉਂਦੇ ਦੇ ਘੁੱਟ ਕੇ, ਮੁਰਦਾ ਦੇਣ ਕਰਾਰ
ਗੁਰਦੇ ਵੇਚਣ ਡਾਕਟਰ, ਹੱਥ ਜਿਨਾਂ ਦੇ ਜਾਨ

ਠੇਕੇਦਾਰ ਸ਼ਰਾਬ ਦੇ, ਵਰਦੀ, ਬੱਤੀ ਲਾਲ
ਨਸ਼ਿਆਂ ਨੂੰ ਖੁਦ ਵੇਚਦੇ,  ਮੌਤਾਂ ਦੇ ਰਥਵਾਨ

ਜਾਗੋ ਮੇਰੇ ਵੀਰਿਓ,  ਪਾ ਲਉ  ਨੱਕੀਂ ਨੱਥ
ਹਾਕਮ ‘ਬਾਲੀ ਰੇਤਗੜ੍ਹ’, ਮੁਜ਼ਰਿਮ ਨੇ ਬਲਵਾਨ

  ਬਲਜਿੰਦਰ ਸਿੰਘ”ਬਾਲੀ ਰੇਤਗੜ੍ਹ”
    94651-29168

Previous articleमायानगरी का काला सच
Next articleਗ਼ਜ਼ਲ