ਜਲੰਧਰ (ਸਮਾਜਵੀਕਲੀ) – ਮੁਲਕ ਵਿਚ ਆਜ਼ਾਦੀ, ਬਰਾਬਰੀ ਅਤੇ ਨਿਆਂ ਭਰਿਆ ਸਮਾਜ ਸਿਰਜਣ ਲਈ 21 ਅਪਰੈਲ, 1913 ਨੂੰ ਅਮਰੀਕਾ ਵਿਚ ਬਣੀ ਗ਼ਦਰ ਪਾਰਟੀ ਦਾ ਅੱਜ 107ਵਾਂ ਸਥਾਪਨਾ ਦਿਹਾੜਾ ਸਥਾਨਕ ਦੇਸ਼ ਭਗਤ ਯਾਦਗਾਰ ਹਾਲ ’ਚ ਮਨਾਇਆ ਗਿਆ।
ਦੇਸ਼ ਭਗਤ ਯਾਦਗਾਰ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਅਜਮੇਰ ਸਿੰਘ, ਜਨਰਲ ਸਕੱਤਰ ਗੁਰਮੀਤ ਸਿੰਘ, ਕਮੇਟੀ ਮੈਂਬਰ ਅਤੇ ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ, ਕਮੇਟੀ ਮੈਂਬਰ ਮੰਗਤ ਰਾਮ ਪਾਸਲਾ, ਚਰੰਜੀ ਲਾਲ ਕੰਗਣੀਵਾਲ, ਹਰਮੇਸ਼ ਮਾਲੜੀ, ਲਾਇਬ੍ਰੇਰੀ ਕਮੇਟੀ ਦੇ ਕਨਵੀਨਰ ਸੁਰਿੰਦਰ ਕੁਮਾਰੀ ਕੋਛੜ ਆਦਿ ਨੇ ਗ਼ਦਰ ਪਾਰਟੀ ਦੇ ਝੰਡੇ ਨੂੰ ਸੂਹੀ ਸਲਾਮੀ ਦਿੱਤੀ। ਆਗੂਆਂ ਨੇ ਲੋਕ ਲਹਿਰ ’ਤੇ ਧਾਵੇ ਖ਼ਿਲਾਫ਼ ਆਵਾਜ਼ ਚੁੱਕਣ ਦਾ ਸੱਦਾ ਵੀ ਦਿੱਤਾ।
ਇਸ ਮੌਕੇ ਕਮੇਟੀ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਗ਼ਦਰੀ ਅਮਰ ਸ਼ਹੀਦਾਂ ਅਤੇ ਅਥਾਹ ਕੁਰਬਾਨੀਆਂ ਕਰਨ ਵਾਲੇ ਸੂਰਬੀਰਾਂ ਨੂੰ ਸਲਾਮ ਕਰਦਿਆਂ ਕਿਹਾ ਕਿ ਅੱਜ ਜਦੋਂ ਸਾਡਾ ਦੇਸ਼, ਦੁਨੀਆਂ ਭਰ ਦੇ ਮੁਲਕਾਂ ਵਾਂਗ ਕਰੋਨਾਵਾਇਰਸ ਦੀ ਲਪੇਟ ’ਚ ਹੈ ਤਾਂ ਇਸ ਮੌਕੇ ਗ਼ਦਰ ਪਾਰਟੀ ਦੇ ਆਦਰਸ਼ਾਂ ਦਾ ਪਰਚਮ ਬੁਲੰਦ ਕਰਦਿਆਂ ਇਸ ਮਰਜ਼ ’ਤੇ ਵੀ ਜਿੱਤ ਹਾਸਲ ਕੀਤੀ ਜਾ ਸਕਦੀ ਹੈ।
ਉਨ੍ਹਾਂ ਕਿਹਾ ਕਿ ਧਰਮ, ਫ਼ਿਰਕੇ, ਜਾਤ-ਪਾਤ, ਬੋਲੀ, ਇਲਾਕੇ ਆਦਿ ਤੋਂ ਉੱਪਰ ਉੱਠ ਕੇ ਭਾਈਚਾਰਕ ਅਤੇ ਸਮਾਜਿਕ ਨੇੜਤਾ ਹੋਰ ਮਜ਼ਬੂਤ ਕਰਦਿਆਂ ਹੀ ਕਰੋਨਾ, ਭੁੱਖ, ਉਜਾੜੇ, ਤੰਗੀਆਂ ’ਤੇ ਕਾਬੂ ਪਾਇਆ ਜਾ ਸਕਦਾ ਹੈ ਨਾ ਕਿ ਫਿਰਕੂ ਨਫ਼ਰਤ ਦੀਆਂ ਕੰਧਾਂ ਕੱਢ ਕੇ। ਕਮੇਟੀ ਆਗੂਆਂ ਨੇ ਕਿਹਾ ਕਿ ਲੌਕਡਾਊਨ ਦੀ ਆੜ ਹੇਠ ਦੇਸ਼ ਦੇ ਨਾਮਵਰ ਬੁੱਧਜੀਵੀਆਂ ਡਾ. ਆਨੰਦ ਤੈਲਤੁੰਬੜੇ, ਡਾ. ਗੌਤਮ ਨਵਲੱਖਾ ਸਮੇਤ ਸੈਂਕੜੇ ਲੋਕ-ਹਿਤੈਸ਼ੀ ਜਮਹੂਰੀ ਕਾਮਿਆਂ ’ਤੇ ਗੰਭੀਰ ਕੇਸ ਮੜ੍ਹ ਕੇ ਜੇਲ੍ਹੀਂ ਸੁੱਟਿਆ ਜਾ ਰਿਹਾ ਹੈ।
ਉਨ੍ਹਾਂ ਨੇ ‘ਦਿ ਵਾਇਰ’ ਦੇ ਸੰਪਾਦਕ ਸਿਧਾਰਥ ਵਰਧਰਾਜਨ, ਪ੍ਰਸ਼ਾਂਤ ਭੂਸ਼ਨ, ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਅਤੇ ਸ਼ਾਹੀਨ ਬਾਗ਼ ਨਾਲ ਜੁੜੇ ਲੋਕ ਆਗੂਆਂ ’ਤੇ ਝੂਠੇ ਕੇਸ ਦਰਜ ਕਰਨ ਦੀ ਨਿੰਦਾ ਕੀਤੀ। ਕਮੇਟੀ ਆਗੂਆਂ ਨੇ ਮੰਗ ਕੀਤੀ ਕਿ ਮੁਸਲਿਮ ਭਾਈਚਾਰੇ ਨੂੰ ਨਿਸ਼ਾਨਾ ਬਣਾਉਂਦੀ ਯੋਜਨਾਬੱਧ ਤਰੀਕੇ ਨਾਲ ਵਿੱਢੀ ਗਈ ਫਿਰਕੂ ਹਨੇਰੀ ਰੋਕੀ ਜਾਵੇ।
ਸਥਾਪਨਾ ਸਮਾਗਮ ’ਚ ਲੋਕ ਮਸਲਿਆਂ ਸਬੰਧੀ ਲੋਕ ਲਹਿਰ ਖੜ੍ਹੀ ਕਰਨ ਦਾ ਅਹਿਦ ਲਿਆ ਗਿਆ। ਕਮੇਟੀ ਆਗੂਆਂ ਨੇ ਕਿਹਾ ਕਿ ਲੌਕਡਾਊਨ ਦਾ ਆਸਰਾ ਲੈ ਕੇ ਜਨਤਾ ਦੀ ਜ਼ੁਬਾਨਬੰਦੀ ਨਹੀਂ ਹੋ ਸਕੇਗੀ। ਲੋਕ ਆਪਣੇ ਬੁਨਿਆਦੀ ਮਸਲਿਆਂ ਉੱਪਰ ਆਪਣੇ ਗ਼ਦਰੀ, ਇਨਕਲਾਬੀ ਵਿਰਸੇ ਤੋਂ ਰੌਸ਼ਨੀ ਲੈਂਦਿਆਂ ਅਵੱਸ਼ ਅੱਗੇ ਆਉਣਗੇ।