ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਦੀ ਪਤਨੀ ਅੰਮ੍ਰਿਤਾ ਫੜਨਵੀਸ ਨੇ ਕਿਹਾ ਕਿ ਖਰਾਬ ਨੇਤਾ ਮਿਲਣਾ ਮਹਾਰਾਸ਼ਟਰ ਦੀ ਗਲਤੀ ਨਹੀਂ ਹੈ ਪਰ ਉਸ ਨਾਲ ਜੁੜੇ ਰਹਿਣਾ ਗਲਤੀ ਹੈ। ਹਾਲ ਹੀ ’ਚ ਟਵਿੱਟਰ ’ਤੇ ਸ਼ਿਵ ਸੈਨਾ ਦੀ ਅੰਮ੍ਰਿਤਾ ਨਾਲ ਸ਼ਬਦੀ ਜੰਗ ਚੱਲ ਰਹੀ ਸੀ। ਅਸਲ ਵਿੱਚ ਸਾਬਕਾ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਹਿੰਦੂਵਾਦੀ ਪ੍ਰਚਾਰਕ ਵੀਡੀ ਸਾਵਰਕਰ ਸਬੰਧੀ ਕਾਂਗਰਸ ਆਗੂ ਰਾਹੁਲ ਗਾਂਧੀ ਦੀ ਟਿੱਪਣੀ ਦੀ ਨਿੰਦਾ ਕੀਤੀ ਸੀ। ਇਸ ਟਵੀਟ ਦਾ ਜਵਾਬ ਦਿੰਦਿਆਂ ਅੰਮ੍ਰਿਤਾ ਨੇ ਮੁੱਖ ਮੰਤਰੀ ਨੂੰ ਨਿਸ਼ਾਨੇ ’ਤੇ ਲਿਆ ਸੀ। ਇਸ ਤੋਂ ਇੱਕ ਹਫ਼ਤੇ ਬਾਅਦ ਅੰਮ੍ਰਿਤਾ ਵੱਲੋਂ ਇਹ ਟਿੱਪਣੀ ਕੀਤੀ ਗਈ ਹੈ। ਉਨ੍ਹਾਂ ਕਿਹਾ, ‘ਖਰਾਬ ਨੇਤਾ ਮਿਲਣਾ ਮਹਾਰਾਸ਼ਟਰ ਦੀ ਗਲਤੀ ਨਹੀਂ ਹੈ ਪਰ ਉਸ ਨਾਲ ਜੁੜੇ ਰਹਿਣਾ ਮਹਾਰਾਸ਼ਟਰ ਦੀ ਗਲਤੀ ਹੈ। ਜਾਗੋ ਮਹਾਰਾਸ਼ਟਰ।’ ਹਾਲ ਹੀ ’ਚ ਸ਼ਿਵ ਸੈਨਾ ਦੇ ਰਾਜ ਵਾਲੇ ਨਗਰ ਨਿਗਮ ਨੇ ਆਪਣਾ ਤਨਖਾਹ ਖਾਤਾ ਐਕਸਿਸ ਬੈਂਕ ਤੋਂ ਹਟਾ ਕੇ ਇੱਕ ਕੌਮੀਕ੍ਰਿਤ ਬੈਂਕ ’ਚ ਕਰਨ ਦਾ ਫ਼ੈਸਲਾ ਕੀਤਾ ਹੈ। ਅੰਮ੍ਰਿਤਾ ਐਕਸਿਸ ਬੈਂਕ ’ਚ ਸੀਨੀਅਰ ਅਹੁਦੇ ’ਤੇ ਹੈ। ਇਸ ਤੋਂ ਬਾਅਦ ਉਸ ਵੱਲੋਂ ਟਿੱਪਣੀ ਕੀਤੀ ਗਈ ਹੈ। ਆਪਣੇ ਟਵੀਟ ’ਚ ਉਨ੍ਹਾਂ ਖ਼ਬਰ ਵੀ ਟੈਗ ਕੀਤੀ ਹੈ ਜਿਸ ’ਚ ਕਿਹਾ ਗਿਆ ਹੈ ਕਿ ਸ਼ਿਵ ਸੈਨਾ ਦੀ ਅਗਵਾਈ ਹੇਠਲੀ ਸਰਕਾਰ ਸਬੰਧੀ ਕੀਤੀ ਆਲੋਚਨਾ ਨੂੰ ਉਹ ਵਾਪਸ ਨਹੀਂ ਲਵੇਗੀ। ਉਨ੍ਹਾਂ ਇੱਕ ਅਖ਼ਬਾਰ ਨੂੰ ਕਿਹਾ ਸੀ, ‘ਦੇਵੇਂਦਰ ਫੜਨਵੀਸ ਨਾਲ ਵਿਆਹ ਤੋਂ ਪਹਿਲਾਂ ਇਹ ਖਾਤੇ ਐਕਸਿਸ ਬੈਂਕ ਨੂੰ ਮਿਲੇ ਸਨ। ਉਸ ਸਮੇਂ ਕਾਂਗਰਸ-ਐੱਨਸੀਪੀ ਦੀ ਸਰਕਾਰ ਸੀ।’
INDIA ਖ਼ਰਾਬ ਨੇਤਾ ਨਾਲ ਜੁੜੇ ਰਹਿਣਾ ਗਲਤੀ: ਅੰਮ੍ਰਿਤਾ