ਹੱਲੋਮਾਜਰਾ ਨੇੜੇ ਕਾਰ ਤੇ ਆਟੋ ਦੀ ਟੱਕਰ; ਇਕ ਜ਼ਖ਼ਮੀ

ਹੱਲੋਮਾਜਰਾ ਚੌਕ ਤੋਂ ਟ੍ਰਿਬਿਊਨ ਚੌਕ ਤੱਕ ਆ ਰਹੀ ਸੜਕ ’ਤੇ ਤੇਜ਼ ਰਫਤਾਰ ਸਵਿੱਫਟ ਕਾਰ ਨੇ ਪੌਲਟਰੀ ਫਾਰਮ ਚੌਂਕ ਨੇੜੇ ਆਟੋਰਿਕਸ਼ਾ ਨੂੰ ਫੇਟ ਮਾਰ ਦਿੱਤੀ। ਹਾਦਸੇ ਕਾਰਨ ਆਟੋ ਚਾਲਕ ਜ਼ਖ਼ਮੀ ਹੋ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਵੀਰਵਾਰ ਨੂੰ ਰਾਤ ਸਾਢੇ ਅੱਠ ਵਜੇ ਦੇ ਕਰੀਬ ਇੱਕ ਆਟੋਰਿਕਸ਼ਾ ਨੂੰ ਕਾਰ ਨੇ ਫੇਟ ਮਾਰ ਦਿੱਤੀ। ਫੇਟ ਵੱਜਣ ਨਾਲ ਆਟੋਰਿਕਸ਼ਾ ਪਲਟੀਆਂ ਖਾਂਦਾ ਹੋਇਆ ਉਥੋਂ ਲੰਘ ਰਹੀ ਇੱਕ ਕਰੇਟਾ ਕਾਰ ਨਾਲ ਜਾ ਟਕਰਾਇਆ ਅਤੇ ਆਟੋ ਚਾਲਕ ਬਿਮਲੇਸ਼ (32) ਵਾਸੀ ਢਕੋਲੀ ਫੱਟੜ ਹੋ ਗਿਆ। ਬਿਮਲੇਸ਼ ਨੇ ਦੱਸਿਆ ਕਿ ਉਹ ਗੈਸ ਸਟੇਸ਼ਨ ਤੋਂ ਆ ਰਿਹਾ ਸੀ ਅਤੇ ਉਸ ਦਾ ਆਟੋ ਆਪਣੀ ਲੇਨ ਵਿੱਚ ਜਾ ਰਿਹਾ ਸੀ। ਇਸੇ ਦੌਰਾਨ ਅਚਾਨਕ ਇਕ ਤੇਜ਼ ਰਫ਼ਤਾਰ ਕਾਰ ਨੇ ਉਸ ਦੇ ਆਟੋ ਨੂੰ ਪਿੱਛਲੇ ਪਾਸੇ ਤੋਂ ਟੱਕਰ ਮਾਰ ਦਿੱਤੀ ਤੇ ਆਟੋ ਉਥੋਂ ਲੰਘ ਰਹੀ ਕਰੇਟਾ ਕਾਰ ਨਾਲ ਜਾ ਟਕਰਾਇਆ। ਕਰੇਟਾ ਕਾਰ ਚਾਲਕ ਜਤਿੰਦਰ ਕੁਮਾਰ ਨੇ ਦੱਸਿਆ ਕਿ ਆਟੋਰਿਕਸ਼ਾ ਉਸ ਦੀ ਕਾਰ ਵਿੱਚ ਜ਼ੋਰ ਨਾਲ ਟਕਰਾਇਆ। ਪੁਲੀਸ ਨੂੰ ਸ਼ੱਕ ਹੈ ਕਿ ਸਵਿੱਫਟ ਕਾਰ ਚਾਲਕ ਨਸ਼ੇ ਵਿੱਚ ਸੀ। ਪੁਲੀਸ ਨੇ ਉਸ ਨੂੰ ਹਿਰਾਸਤ ਵਿੱਚ ਲੈਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਹਾਦਸੇ ਵਿੱਚ ਫੱਟੜ ਹੋਏ ਆਟੋਰਿਕਸ਼ਾ ਚਾਲਕ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਹਾਦਸੇ ਕਾਰਨ ਸੜਕ ’ਤੇ ਜਾਮ ਲੱਗ ਗਿਆ। ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਜਾਮ ਖੁੱਲ੍ਹਵਾਇਆ। ਐਸਏਐਸ ਨਗਰ (ਦਰਸ਼ਨ ਸਿੰਘ ਸੋਢੀ): ਇੱਥੋਂ ਦੇ ਸਨਅਤੀ ਏਰੀਆ ਫੇਜ਼-2 ਅਤੇ ਮੁਹਾਲੀ ਨਿਗਮ ਅਧੀਨ ਆਉਂਦੇ ਪਿੰਡ ਸ਼ਾਹੀਮਾਜਰਾ ਨੂੰ ਵੰਡਦੀ ਸੜਕ ’ਤੇ ਵੀਰਵਾਰ ਨੂੰ ਬਾਅਦ ਦੁਪਹਿਰ ਕਰੀਬ ਤਿੰਨ ਵਜੇ ਤੇਜ਼ ਰਫ਼ਤਾਰ ਔਡੀ ਕਾਰ ਅਚਾਨਕ ਬੇਕਾਬੂ ਹੋ ਕੇ ਖੰਭੇ ਨਾਲ ਜਾ ਟਕਰਾਈ। ਇਸ ਕਾਰਨ ਕਾਰ ਚਾਲਕ ਗੰਭੀਰ ਜ਼ਖ਼ਮੀ ਹੋ ਗਿਆ ਅਤੇ ਕਾਰ ਵੀ ਨੁਕਸਾਨੀ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਹਰਿਆਣਾ ਨੰਬਰ ਦੀ ਔਡੀ ਕਾਰ ਅੱਜ ਪਿੰਡ ਬਲੌਂਗੀ ਵਾਲੇ ਪਾਸਿਓਂ ਸ਼ਾਹੀਮਾਜਰਾ ਵੱਲ ਆ ਰਹੀ ਸੀ। ਕਾਰ ਦੀ ਰਫ਼ਤਾਰ ਜ਼ਿਆਦਾ ਹੋਣ ਕਾਰਨ ਚਾਲਕ ਕਾਰ ਦੇ ਸੰਤੁਲਨ ’ਤੇ ਕਾਬੂ ਨਹੀਂ ਰੱਖ ਸਕਿਆ। ਪਹਿਲਾਂ ਇਹ ਕਾਰ ਸੜਕ ’ਤੇ ਜਾ ਰਹੀ ਇੰਡੀਕਾ ਕਾਰ ਨਾਲ ਟਕਰਾਉਣ ਲੱਗੀ ਪਰ ਬਚਾਅ ਹੋ ਗਿਆ। ਇਸ ਮਗਰੋਂ ਸੜਕ ਤੋਂ ਲੰਘ ਰਹੇ ਇੱਕ ਟਰੈਕਟਰ ਨੂੰ ਓਵਰਟੇਕ ਕਰਦੇ ਸਮੇਂ ਇਹ ਕਾਰ ਸੜਕ ਕਿਨਾਰੇ ਬਿਜਲੀ ਦੇ ਖੰਭੇ ਵਿੱਚ ਜਾ ਵੱਜੀ ਤੇ ਚਾਲਕ ਜ਼ਖ਼ਮੀ ਹੋ ਗਿਆ। ਉਸ ਨੂੰ ਸ਼ਹਿਰ ਦੇ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਇਸ ਹਾਦਸੇ ਵਿੱਚ ਕਾਰ ਦਾ ਅਗਲਾ ਹਿੱਸਾ ਚਕਨਾਚੂਰ ਹੋ ਗਿਆ। ਸੂਚਨਾ ਮਿਲਦੇ ਹੀ ਪੁਲੀਸ ਮੌਕੇ ’ਤੇ ਪਹੁੰਚੀ ਅਤੇ ਹਾਦਸਾਗ੍ਰਸਤ ਕਾਰ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

Previous articleਈ ਗਵਰਨੈਂਸ ਵਿਵਸਥਾ ਲਾਗੂ ਕਰੇਗੀ ਸਰਕਾਰ: ਸਿੱਧੂ
Next articleਐਡਵਾਂਸ ਬੰਨ੍ਹ ’ਚ ਪਿਆ ਪਾੜ ਲੋਕਾਂ ਨੇ ਪੂਰਿਆ