ਲੰਡਨ : ਹੱਤਿਆ ਤੇ ਜਬਰ ਜਨਾਹ ਦੇ ਮਾਮਲੇ ‘ਚ ਦੋਸ਼ੀ ਭਾਰਤੀ ਦੀ 10 ਸਾਲ ਬਾਅਦ ਬਰਤਾਨੀਆ ਹਵਾਲਗੀ ਕੀਤੀ ਗਈ। ਲੰਡਨ ਪਹੁੰਚਦੇ ਹੀ ਸਕਾਟਲੈਂਡ ਯਾਰਡ ਪੁਲਿਸ ਨੇ ਉਸ ਨੂੰ ਗਿ੍ਫ਼ਤਾਰ ਕਰ ਲਿਆ।
ਲੰਡਨ ਪੁਲਿਸ ਨੇ ਦੱਸਿਆ ਕਿ 35 ਸਾਲਾ ਅਮਨ ਵਿਆਸ ਨਾਂ ਦਾ ਦੋਸ਼ੀ ਸ਼ੁੱਕਰਵਾਰ ਦੀ ਰਾਤ ਲੰਡਨ ਦੇ ਹੀਥਰੋ ਹਵਾਈ ਅੱਡੇ ‘ਤੇ ਪਹੁੰਚਿਆ ਸੀ। ਵਿਆਸ ਖ਼ਿਲਾਫ਼ ਮਿਸ਼ੇਲ ਸਮਰਵੀਰਾ ਨਾਂ ਦੀ 35 ਸਾਲ ਦੀ ਔਰਤ ਦੀ ਜਬਰ ਜਨਾਹ ਤੋਂ ਬਾਅਦ ਹੱਤਿਆ ਦਾ ਦੋਸ਼ ਹੈ। 30 ਮਈ, 2009 ਨੂੰ ਸਮਰਵੀਰਾ ਦੀ ਲਾਸ਼ ਪੂਰਬੀ ਲੰਡਨ ਦੇ ਵਾਲਥਮਸਟੋਵ ‘ਚ ਇਕ ਪਾਰਕ ‘ਚ ਮਿਲੀ ਸੀ।
ਪੁਲਿਸ ਨੇ ਦੱਸਿਆ ਕਿ ਵਿਆਸ ਖ਼ਿਲਾਫ਼ ਤਿੰਨ ਹੋਰਨਾਂ ਔਰਤਾਂ ਨਾਲ ਜਬਰ ਜਨਾਹ, ਜਿਨਸੀ ਹਮਲਾ, ਹੱਤਿਆ ਦਾ ਯਤਨ ਤੇ ਕੁੱਟਮਾਰ ਕਰਨ ਦੇ ਨਾਲ ਹੀ ਜਨਤਕ ਸਥਾਨ ‘ਤੇ ਹਥਿਆਰ ਰੱਖਣ ਦੇ ਦੋਸ਼ ਹਨ। ਇਹ ਸਾਰੇ ਅਪਰਾਧ ਉਸ ਨੇ ਲੰਡਨ ‘ਚ 24 ਮਾਰਚ ਤੋਂ 30 ਮਈ, 2009 ਦੌਰਾਨ ਕੀਤੇ। ਵਿਆਸ ਸਟੂਡੈਂਟ ਵੀਜ਼ਾ ‘ਤੇ ਲੰਡਨ ਗਿਆ ਸੀ।
ਮੇਰਠ ਦੇ ਰਹਿਣ ਵਾਲੇ ਵਿਆਸ ਨੂੰ 2011 ‘ਚ ਦਿੱਲੀ ਹਵਾਈ ਅੱਡੇ ‘ਤੇ ਗਿ੍ਫ਼ਤਾਰ ਕੀਤਾ ਗਿਆ ਸੀ। ਉਹ ਥਾਈਲੈਂਡ ਜਾਣ ਦੀ ਕੋਸ਼ਿਸ਼ ‘ਚ ਸੀ। ਵਿਆਸ ਦੇ ਵਕੀਲ ਨੇ ਦੱਸਿਆ ਕਿ ਉਸ ਦੇ ਮੁਵੱਕਿਲ ਨੂੰ ਅਮੀਰ ਬਾਪ ਦਾ ਪੁੱਤਰ ਸਮਿਝਆ ਗਿਆ ਸੀ, ਪਰ ਉਹ ਪ੍ਰਾਇਮਰੀ ਸਕੂਲ ਦੇ ਸੇਵਾਮੁਕਤ ਅਧਿਆਪਕ ਦਾ ਪੁੱਤਰ ਹੈ।
ਵਕੀਲ ਨੇ ਦੱਸਿਆ ਕਿ ਸ਼ਰਾਬ ਕਾਰੋਬਾਰੀ ਵਿਜੈ ਮਾਲਿਆ ਨੂੰ ਭਾਰਤ ਲਿਆਉਣ ਦੀ ਕੋਸ਼ਿਸ਼ ‘ਚ ਵਿਆਸ ਨੂੰ ਬਲੀ ਦਾ ਬੱਕਰਾ ਬਣਾਇਆ ਗਿਆ ਹੈ। ਉਹ ਗ਼ਰੀਬ ਸੀ ਇਸ ਲਈ ਭਾਰਤੀ ਅਧਿਕਾਰੀਆਂ ਨੇ ਉਸ ਦੇ ਮਾਮਲੇ ਨੂੰ ਗੰਭੀਰਤਾ ਨਾਲ ਨਹੀਂ ਲਿਆ।