(ਸਮਾਜ ਵੀਕਲੀ)
ਨਿਸ਼ਚੇ ਕਰ ਕਰਨੀ ਜਿੱਤ, ਨਾ ਕਦਮ ਉਠਾਉਣਾ ਪਿੱਛੇ ਨੂੰ,
ਵੱਧਣਾ ਵੱਲ ਅਗਾਂਹ ਦੇ,ਨਾ ਪਰਤ ਕੇ ਆਉਣਾ ਪਿੱਛੇ ਨੂੰ,
ਸੀਸ ਤਲੀ ‘ਤੇ ਧਰ ਖੰਡੇ ਖੜਕਾਉਣੇ ਪੈਂਦੇ ਨੇ।
ਮੰਗਿਆਂ ਹੱਕ ਨਾ ਮਿਲਦੇ ਇਹ ਤਾਂ ਖੋਹਣੇ ਪੈਂਦੇ ਨੇ।
ਜਿੱਤਿਆ ਸਦਾ ਮੈਦਾਨ ਪਰਬਤੋਂ ਭਾਰੀ ਜੇਰਿਆਂ ਨੇ,
ਚਾਨਣ ਦੇ ਸੰਗ ਕਦੇ ਨਿਭਾਈ ਨਹੀਂ ਹਨ੍ਹੇਰਿਆਂ ਨੇ,
ਹਿੰਮਤ ਹੋਂਸਲੇ ਵਾਲੇ ਦੀਪ ਜਗਾਉਣੇ ਪੈਂਦੇ ਨੇ।
ਮੰਗਿਆਂ ਹੱਕ…………………………..।
ਤੇਰੀ ਮਿਹਨਤ ਉਤੋਂ ਮਲਾਈ ਹਾਕਮ ਲਾਹਉਣ ਲੱਗੇ.
ਕਿਰਤ ਕਮਾਈ ਤੇਰੀ ਵੱਸ ਬਿਗਾਨੇ ਪਾਉਣ ਲੱਗੇ,
ਦੇ ਕੇ ਪਹਿਰਾ ਆਪਣੇ ਬੋਹਲ ਬਚਾਉਣੇ ਪੈਂਦੇ ਨੇ।
ਮੰਗਿਆਂ ਹੱਕ………………………….।
ਧਰਤੀ ਉਪਰ ਲਿਆਉਣ ਲਈ ਹੰਕਾਰੀ ਅਰਸ਼ਾਂ ਨੂੰ,
ਜਥੇਬੰਦ ਹੋ ਤਿੱਖਾ ਕਰਨਾ ਪਏ ਸੰਘਰਸ਼ਾਂ ਨੂੰ,
ਵਿਚ ਮੈਦਾਨੇ ਯੁੱਧ ਦੇ ਬਿਗਲੇ ਵਜਾਉਣੇ ਪੈਂਦੇ ਨੇ।
ਮੰਗਿਆਂ ਹੱਕ……………………………..।
ਨੀਤੀਵਾਨ ਨਾ ਸਮਝਣ ਤੇਰੀ ਦਰਦ ਕਹਾਣੀ ਨੂੰ,
ਧੱਕੇ ਨਾਲ ਲੰਘਾਉਂਦੇ ਪੁੱਲ ਦੇ ਉਪਰੋਂ ਪਾਣੀ ਨੂੰ,
ਕੁਰਬਾਨੀ ਦੇ ਨਾਲ ਹੇਠਾਂ ਵੱਲ ਵਗਾਉਣੇ ਪੈਂਦੇ ਨੇ।
ਮੰਗਿਆਂ ਹੱਕ……………………………..।
ਹਾਕਮ ਧਿਰ ਹੰਕਾਰ ਦਾ ਚਰਖਾ ਡਾਹੀ ਬੈਠੀ ਹੈ,
ਜਾਣ ਬੁੱਝ ਕੇ ਤੰਦਾਂ ਨੂੰ ਉਹ ਉਲਝਾਈ ਬੈਠੀ ਹੈ,
ਇੱਕ ਮੁੱਠਤਾ ਨਾਲ ਉਲਝਏ ਤੰਦ ਸੁਲਝਾਉਣੇ ਪੈਂਦੇ ਨੇ।
ਮੰਗਿਆਂ ਹੱਕ……………………………………।
ਕਾਰਪੋਰੇਟ ਘਰਾਣਿਆਂ ਕੋਲੋਂ ਖ਼ੁਸ਼ੀਆਂ ਪਾਉਣ ਲਈ,
ਤੇਰਾ ਧੰਦਾ ਚਾਹੁੰਦੇ ਦਾਅ ਦੇ ਉਪਰ ਲਗਾਉਣ ਲਈ,
ਲੁਕਵੇਂ ਜੋ ਮਨਸੂਬੇ ਪ੍ਰਤੱਖ ਕਰਾਉਣੇ ਪੈਂਦੇ ਨੇ।
ਮੰਗਿਆਂ ਹੱਕ…………………………..।
ਬਾਜ ਕਰਾਰੇ ਹੱਥ ਦੇ ਵੈਰੀ ਮਿੱਤ ਨਹੀਂ ਹੁੰਦੇ,
ਲੜਿਆਂ ਬਿੰਨਾ ਮੈਦਾਨ ਕਦੇ ਵੀ ਜਿੱਤ ਨਹੀਂ ਹੁੰਦੇ,
ਸੂਰਮਿਆਂ ਨੂੰ ਤਲੀ ‘ਤੇ ਸੀਸ ਟਿਕਾਉਣੇ ਪੈਂਦੇ ਨੇ।
ਮੰਗਿਆਂ ਹੱਕ………………………………।
ਖੇਤੀ ਨੂੰ ਵਡਿਆਇਆ ਸਾਡੇ ਵੱਡੇ ਬਾਬੇ ਨੇ,
ਹੱਥੀਂ ਹੱਲ ਚਲਾਇਆ ਸਾਡੇ ਵੱਡੇ ਬਾਬੇ ਨੇ,
ਕਦੇ ਸਮੇਂ ਨੂੰ ਮੁੜ ਇਤਹਾਸ ਦੁਹਰਉਣੇ ਪੈਂਦੇ ਨੇ।
ਮੰਗਿਆਂ ਹੱਕ……………………………..।
ਸੱਚੇ ਪਾਤਸ਼ਾਹ ਅੱਗੇ ਇਹ ਅਰਦਾਸ ਹੈ ‘ਚੋਹਲੇ’ ਦੀ,
ਕੂੜ ਨਿਖੁੱਟੂ ਇੱਕ ਦਿਨ ਵੱਡੀ ਆਸ ਹੈ ‘ਚੋਹਲੇ’ ਦੀ,
‘ਰਮੇਸ਼ ਬੱਗੇ’ ਨੂੰ ਲਿਖਕੇ ਕਾਵਿ ਛਪਾਉਣੇ ਪੈਂਦੇ ਨੇ।
ਮੰਗਿਆਂ ਹੱਕ ਨਹੀਂ ਮਿਲਦੇ ਇਹ ਤਾਂ ਖੋਹਣੇ ਪੈਂਦੇ ਨੇ।
—-੦—
-ਰਮੇਸ਼ ਬੱਗਾ ਚੋਹਲਾ
#1348/17/1 ਗਲੀ ਨੰ:8
ਰਿਸ਼ੀ ਨਗਰ ਐਕਸਟੈਂਸ਼ਨ (ਲੁਧਿ:)
ਮੋ:9463132719