ਰਾਜ ਸਭਾ ’ਚ ਕਾਂਗਰਸ ਦੀ ਅਗਵਾਈ ਹੇਠ ਵਿਰੋਧੀ ਧਿਰ ਵੱਲੋਂ ਕੀਤੇ ਗਏ ਹੰਗਾਮੇ ਕਾਰਨ ਤੀਹਰਾ ਤਲਾਕ ਬਿੱਲ ਪੇਸ਼ ਨਹੀਂ ਹੋ ਸਕਿਆ। ਵਿਰੋਧੀ ਧਿਰ ਨੇ ਮੰਗ ਕੀਤੀ ਕਿ ਬਿੱਲ ਸਿਲੈਕਟ ਕਮੇਟੀ ਹਵਾਲੇ ਕੀਤਾ ਜਾਵੇ। ਦੋਵੇਂ ਧਿਰਾਂ ਨੇ ਇਕ-ਦੂਜੇ ’ਤੇ ਬਿੱਲ ਰਾਹੀਂ ਸਿਆਸਤ ਕਰਨ ਦੇ ਦੋਸ਼ ਲਗਾਏ। ਵਿਰੋਧੀ ਧਿਰ ਅਤੇ ਸਰਕਾਰ ਵਿਚਕਾਰ ਗਰਮਾ-ਗਰਮ ਬਹਿਸ ਕਰਕੇ ਉਪ ਸਭਾਪਤੀ ਹਰਿਵੰਸ਼ ਨਾਰਾਇਣ ਸਿੰਘ ਨੂੰ ਸਦਨ ਦੀ ਕਾਰਵਾਈ ਭਲਕ ਤਕ ਲਈ ਮੁਲਤਵੀ ਕਰਨੀ ਪਈ। ਦੁਪਹਿਰ ਦੇ ਖਾਣੇ ਮਗਰੋਂ ਜਦੋਂ ਸਦਨ ਜੁੜਿਆ ਤਾਂ ਉਪ ਸਭਾਪਤੀ ਨੇ ਲੋਕ ਸਭਾ ਵੱਲੋਂ ਪਾਸ ਕੀਤੇ ਗਏ ਤੀਹਰੇ ਤਲਾਕ ਬਿੱਲ ਨੂੰ ਪੇਸ਼ ਕਰਨ ਲਈ ਕਿਹਾ। ਵਿਰੋਧੀ ਧਿਰ ਦੇ ਆਗੂ ਗ਼ੁਲਾਮ ਨਬੀ ਆਜ਼ਾਦ ਨੇ ਕਿਹਾ ਕਿ ਸਰਕਾਰ ਅਹਿਮ ਬਿੱਲਾਂ ਨੂੰ ਸਟੈਂਡਿੰਗ ਕਮੇਟੀ ਕੋਲ ਨਾ ਭੇਜ ਕੇ ਅਪਮਾਨ ਕਰ ਰਹੀ ਹੈ। ਸ੍ਰੀ ਆਜ਼ਾਦ ਨੇ ਕਿਹਾ ਕਿ ਬਿੱਲ ਦਾ ਕਰੋੜਾਂ ਲੋਕਾਂ ’ਤੇ ਅਸਰ ਪਏਗਾ ਜਿਸ ਦੀ ਸੰਸਦ ਕੋਲੋਂ ਪੜਤਾਲ ਜ਼ਰੂਰੀ ਹੈ। ਤ੍ਰਿਣਮੂਲ ਕਾਂਗਰਸ ਮੈਂਬਰ ਡੈਰੇਕ ਓਬ੍ਰਾਇਨ ਨੇ ਕਿਹਾ ਕਿ ਉਨ੍ਹਾਂ ਬਿੱਲ ਨੂੰ ਸਿਲੈਕਟ ਕਮੇਟੀ ਕੋਲ ਭੇਜਣ ਦਾ ਨੋਟਿਸ ਦਿੱਤਾ ਹੈ। ਸੰਸਦੀ ਰਾਜ ਮੰਤਰੀ ਵਿਜੇ ਗੋਇਲ ਨੇ ਕਿਹਾ ਕਿ ਵਿਰੋਧੀ ਧਿਰ ਜਾਣ-ਬੁੱਝ ਕੇ ਬਿੱਲ ਪਾਸ ਕਰਨ ’ਚ ਦੇਰੀ ਕਰ ਰਹੀ ਹੈ। ਕਾਨੂੰਨ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਕਿਹਾ ਕਿ ਤੀਹਰੇ ਤਲਾਕ ਦਾ ਮੁੱਦਾ ਮਨੁੱਖਤਾ ਨਾਲ ਜੁੜਿਆ ਹੈ ਅਤੇ ਇਸ ’ਚ ਦੇਰੀ ਨਹੀਂ ਹੋਣੀ ਚਾਹੀਦੀ ਹੈ। ਉਪ ਸਭਾਪਤੀ ਨੇ ਪਹਿਲਾਂ 15 ਮਿੰਟਾਂ ਲਈ ਅਤੇ ਫਿਰ ਦਿਨ ਭਰ ਲਈ ਸਦਨ ਨੂੰ ਉਠਾ ਦਿੱਤਾ। ਉਧਰ ਸ੍ਰੀਨਗਰ ’ਚ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੇ ਕਿਹਾ ਕਿ ਤੀਹਰਾ ਤਲਾਕ ਬਿੱਲ ਨਾਲ ਮੁਸਲਿਮ ਔਰਤਾਂ ਨੂੰ ਹੋਰ ਦਿੱਕਤਾਂ ਆਉਣਗੀਆਂ ਅਤੇ ਮੁਸਲਿਮ ਸਮਾਜ ਦੇ ਤਾਣੇ-ਬਾਣੇ ’ਤੇ ਅਸਰ ਪਏਗਾ।
INDIA ਹੰਗਾਮੇ ਕਾਰਨ ਰਾਜ ਸਭਾ ’ਚ ਪੇਸ਼ ਨਾ ਹੋ ਸਕਿਆ ਤੀਹਰਾ ਤਲਾਕ ਬਿੱਲ