ਸਾਂਝੀ ਰਣਨੀਤੀ ਘੜਨ ਲਈ ਸਾਰੇ ਦੇਸ਼ ਹੋਏ ਸਹਿਮਤ
ਨਵੀਂ ਦਿੱਲੀ– ਕਰੋਨਾਵਾਇਰਸ ਮਹਾਮਾਰੀ ਨਾਲ ਨਜਿੱਠਣ ਲਈ ਭਾਰਤ ਨੇ ‘ਸਾਰਕ’ (ਦੱਖਣੀ ਏਸ਼ਿਆਈ ਮੁਲਕਾਂ ਵਿਚਾਲੇ ਖੇਤਰੀ ਸਹਿਯੋਗ ਲਈ ਸੰਗਠਨ) ਮੁਲਕਾਂ ਦਾ ਇਕ ਸਾਂਝਾ ਹੰਗਾਮੀ ਫੰਡ ਕਾਇਮ ਕਰਨ ਦੀ ਤਜਵੀਜ਼ ਰੱਖੀ ਹੈ। ਇਸ ਦੇ ਨਾਲ ਹੀ ਭਾਰਤ ਨੇ ਇਕ ਕਰੋੜ ਅਮਰੀਕੀ ਡਾਲਰ ਦੇਣ ਦੀ ਪੇਸ਼ਕਸ਼ ਵੀ ਕੀਤੀ ਹੈ। ਵਿਸ਼ਵ ਵਿਆਪੀ ਕੂਟਨੀਤੀ ਦੇ ਇਤਿਹਾਸ ’ਚ ਇਕ ਅਨੋਖੇ ‘ਵੈੱਬ ਸਿਖ਼ਰ ਸੰਮੇਲਨ’ (ਵੀਡੀਓ ਕਾਨਫ਼ਰੰਸ) ’ਚ ‘ਸਾਰਕ ਮੁਲਕ’ ਕਰੋਨਾਵਾਇਰਸ ਦੇ ਖ਼ਤਰੇ ਨਾਲ ਕਾਰਗਰ ਢੰਗ ਨਾਲ ਨਜਿੱਠਣ ਲਈ ਸਾਂਝੀ ਰਣਨੀਤੀ ਘੜਨ ਲਈ ਸਹਿਮਤ ਹੋਏ ਹਨ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਣੇ ਗੁਆਂਢੀ ਦੇਸ਼ਾਂ ਦੇ ਆਗੂਆਂ ਨੇ ਅੱਜ ਸਾਂਝੀ ਰਣਨੀਤੀ ਉਤੇ ਅਮਲ ਕਰਨ ’ਤੇ ਵਿਚਾਰ-ਵਟਾਂਦਰਾ ਕੀਤਾ। ਵਿਸ਼ਵ ਸਿਹਤ ਸੰਗਠਨ ਵੱਲੋਂ ਇਕੱਠਾਂ ਤੋਂ ਦੂਰੀ ਬਣਾਉਣ ਦੀ ਸਲਾਹ ’ਤੇ ਅਮਲ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਇਹ ਵੀਡੀਓ ਕਾਨਫ਼ਰੰਸ ਕੀਤੀ। ਜ਼ਿਕਰਯੋਗ ਹੈ ਕਿ ਵਾਇਰਸ ਦੁਨੀਆ ਭਰ ’ਚ 5,000 ਜਾਨਾਂ ਲੈ ਚੁੱਕਾ ਹੈ। ਵੀਡੀਓ ਕਾਨਫ਼ਰੰਸ ’ਚ ਸ੍ਰੀਲੰਕਾ ਦੇ ਰਾਸ਼ਟਰਪਤੀ ਗੋਟਬਾਯਾ ਰਾਜਪਕਸਾ, ਮਾਲਦੀਵਜ਼ ਦੇ ਰਾਸ਼ਟਰਪਤੀ ਇਬਰਾਹਿਮ ਮੁਹੰਮਦ ਸੋਲੀਹ, ਨੇਪਾਲ ਦੇ ਪ੍ਰਧਾਨ ਮੰਤਰੀ ਕੇਪੀ ਸ਼ਰਮਾ ਓਲੀ, ਭੂਟਾਨ ਦੇ ਪ੍ਰਧਾਨ ਮੰਤਰੀ ਲੋਟੇ ਸ਼ੇਰਿੰਗ, ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ਼ ਹਸੀਨਾ, ਅਫ਼ਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ਼ ਗ਼ਨੀ ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਵਿਸ਼ੇਸ਼ ਸਹਾਇਕ (ਸਿਹਤ ਮਾਮਲੇ) ਜ਼ਫ਼ਰ ਮਿਰਜ਼ਾ ਹਾਜ਼ਰ ਸਨ। ਕਾਨਫ਼ਰੰਸ ਦੀ ਸ਼ੁਰੂਆਤ ’ਚ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਦੱਖਣੀ ਏਸ਼ਿਆਈ ਖਿੱਤੇ ’ਚ 150 ਤੋਂ ਘੱਟ ਮਾਮਲੇ ਸਾਹਮਣੇ ਆਏ ਹਨ ਪਰ ‘ਸਾਨੂੰ ਚੌਕਸ ਰਹਿਣ ਦੀ ਲੋੜ ਹੈ। ‘ਤਿਆਰੀ ਰੱਖੀਏ, ਪਰ ਘਬਰਾਈਏ ਨਾ।’ ਵਾਇਰਸ ਨਾਲ ਨਜਿੱਠਣ ਲਈ ਭਾਰਤ ਇਸ ਮੰਤਰ ’ਤੇ ਅਮਲ ਕਰ ਰਿਹਾ ਹੈ। ਮੋਦੀ ਨੇ ਕਿਹਾ ਕਿ ਭਾਰਤ ਨੇ ਜਨਵਰੀ ਅੱਧ ’ਚ ਮੁਲਕ ’ਚ ਦਾਖ਼ਲ ਹੋ ਰਹੇ ਲੋਕਾਂ ਦੀ ਜਾਂਚ-ਪਰਖ਼ ਸ਼ੁਰੂ ਕਰ ਦਿੱਤੀ ਸੀ ਤੇ ਹੌਲੀ-ਹੌਲੀ ਯਾਤਰਾ ਪਾਬੰਦੀਆਂ ਦਾ ਦਾਇਰਾ ਵਧਾਇਆ ਗਿਆ ਹੈ। ਇਸ ਤਰ੍ਹਾਂ ਇਕ-ਇਕ ਕਰ ਕੇ ਚੁੱਕੇ ਕਦਮਾਂ ਨਾਲ ਸਹਿਮ ਫ਼ੈਲਣ ਨੂੰ ਰੋਕਣ ’ਚ ਮਦਦ ਮਿਲੀ ਹੈ। ਸੰਵੇਦਨਸ਼ੀਲ ਸਮੂਹਾਂ ਵੱਲ ਖ਼ਾਸ ਧਿਆਨ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਭਾਰਤ ਨੇ ਵਿਦੇਸ਼ਾਂ ’ਚੋਂ ਵੀ ਆਪਣੇ ਨਾਗਰਿਕਾਂ ਨੂੰ ਕੱਢਣ ’ਚ ਫੁਰਤੀ ਦਿਖਾਈ ਤੇ ਕਰੀਬ 1400 ਲੋਕ ਵੱਖ-ਵੱਖ ਮੁਲਕਾਂ ਵਿਚੋਂ ਕੱਢੇ ਗਏ। ਕਰੋਨਾ ਪ੍ਰਭਾਵਿਤ ਮੁਲਕਾਂ ’ਚੋਂ ਕੁਝ ਗੁਆਂਢੀ ਮੁਲਕਾਂ ਦੇ ਨਾਗਰਿਕਾਂ ਨੂੰ ਵੀ ਭਾਰਤ ਨੇ ਕੱਢਿਆ ਹੈ। ਭਾਰਤੀ ਪ੍ਰਧਾਨ ਮੰਤਰੀ ਨੇ ਕਿਹਾ ਕਿ ਕੋਵਿਡ-19 (ਕਰੋਨਾਵਾਇਰਸ) ਦੇ ਆਰਥਿਕ ਪ੍ਰਭਾਵਾਂ ਦੀ ਵੀ ਮੈਂਬਰ ਮੁਲਕਾਂ ਨੂੰ ਸਾਂਝੇ ਪੱਧਰ ’ਤੇ ਸਮੀਖ਼ਿਆ ਕਰਨੀ ਚਾਹੀਦੀ ਹੈ। ਸਥਾਨਕ ਵਪਾਰ ਤੇ ਕੀਮਤਾਂ ਦੀ ਲੜੀ ਨੂੰ ਇਸ ਤੋਂ ਬਚਾਉਣ ’ਤੇ ਜ਼ੋਰ ਦੇਣਾ ਚਾਹੀਦਾ ਹੈ। ਭਾਰਤੀ ਪ੍ਰਧਾਨ ਮੰਤਰੀ ਨੇ ਸ਼ੁੱਕਰਵਾਰ ਨੂੰ ਸਾਂਝੀ ਰਣਨੀਤੀ ’ਤੇ ਅਮਲ ਕਰਨ ਉਤੇ ਜ਼ੋਰ ਦਿੱਤਾ ਸੀ, ਜਿਸ ਦੀ ਸਾਰੇ ਮੈਂਬਰ ਮੁਲਕਾਂ ਨੇ ਹਮਾਇਤ ਕੀਤੀ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਸੀ ਕਿ ਅੱਠ ਮੈਂਬਰੀ ‘ਸਾਰਕ’ ਸਮੂਹ ਨੂੰ ਦੁਨੀਆ ਲਈ ਮਿਸਾਲ ਬਣਨਾ ਚਾਹੀਦਾ ਹੈ ਤੇ ਕਰੋਨਾਵਾਇਰਸ ਦਾ ਮੁਕਾਬਲਾ ਕਰਨ ਲਈ ਸਾਂਝੀ ਮਜ਼ਬੂਤ ਰਣਨੀਤੀ ਘੜਨੀ ਚਾਹੀਦੀ ਹੈ। ਉਨ੍ਹਾਂ ਦੀ ਅਪੀਲ ’ਤੇ ਸ੍ਰੀਲੰਕਾ, ਮਾਲਦੀਵਜ਼, ਨੇਪਾਲ, ਭੂਟਾਨ, ਬੰਗਲਾਦੇਸ਼ ਤੇ ਅਫ਼ਗਾਨ ਆਗੂਆਂ ਨੇ ਤੁਰੰਤ ਸਹਿਮਤੀ ਜਤਾਈ। ਜਦਕਿ ਪਾਕਿਸਤਾਨ ਵਿਦੇਸ਼ ਵਿਭਾਗ ਦੇ ਬੁਲਾਰੇ ਵਜੋਂ ਆਇਸ਼ਾ ਫ਼ਾਰੂਕੀ ਦੀ ਪ੍ਰਤੀਕਿਰਿਆ ਅਖ਼ੀਰ ਵਿਚ ਆਈ। ਫ਼ਾਰੂਕੀ ਨੇ ਕਿਹਾ ਸੀ ਕਿ ਵਾਇਰਸ ਨਾਲ ਬਣੇ ਖ਼ਤਰੇ ਨੂੰ ਆਲਮੀ ਅਤੇ ਖੇਤਰੀ ਪੱਧਰ ’ਤੇ ਤਾਲਮੇਲ ਕਰ ਕੇ ਹੀ ਟਾਲਿਆ ਜਾ ਸਕਦਾ ਹੈ। ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ਼ ਹਸੀਨਾ ਨੇ ਕਿਹਾ ਕਿ ‘ਸਾਰਕ’ ਮੁਲਕਾਂ ਦੇ ਸਿਹਤ ਮੰਤਰੀ ਕਰੋਨਾਵਾਇਰਸ (ਕੋਵਿਡ-19) ਨਾਲ ਜੁੜੇ ਕੁਝ ਮੁੱਦਿਆਂ ’ਤੇ ਵਿਚਾਰ ਲਈ ਵੀਡੀਓ ਕਾਨਫ਼ਰੰਸ ਕਰ ਸਕਦੇ ਹਨ। ਪਾਕਿਸਤਾਨੀ ਪ੍ਰਧਾਨ ਮੰਤਰੀ ਦੇ ਵਿਸ਼ੇਸ਼ ਸਹਾਇਕ ਜ਼ਫ਼ਰ ਮਿਰਜ਼ਾ ਨੇ ਕਿਹਾ ਕਿ ਮੌਜੂਦਾ ਸਥਿਤੀ ਨੂੰ ਕੋਈ ਵੀ ਮੁਲਕ ਕਿਸੇ ਵੀ ਕੀਮਤ ’ਤੇ ਨਜ਼ਰਅੰਦਾਜ਼ ਨਹੀਂ ਕਰ ਸਕਦਾ। ‘ਸਾਰਕ’ ਮੁਲਕਾਂ ਦੀ ਇਹ ਮੀਟਿੰਗ ਇਸ ਲਈ ਵੀ ਮਹੱਤਵਪੂਰਨ ਹੈ ਕਿਉਂਕਿ 2016 ਮਗਰੋਂ ਸੰਗਠਨ ਜ਼ਿਆਦਾ ਸਰਗਰਮ ਨਹੀਂ ਰਿਹਾ ਹੈ।