ਹੜ੍ਹ ਪੀੜਤਾਂ ਲਈ 600 ਮੱਛਰਦਾਨੀਆਂ ਅਤੇ 2400 ਸੋਟੀਆਂ ਭੇਜੀਆਂ

ਫਿਲੌਰ, (ਸਮਾਜ ਵੀਕਲੀ ਬਿਊਰੋ)- ਸੀਪੀਆਈ ਦੇ ਸੂਬਾਈ ਆਗੂ ਕਾਮਰੇਡ ਸਵਰਨ ਅਕਲਪੁਰੀ (ਫਿਲੌਰ) ਨੇ ਅੱਜ ਇਥੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅਮਰੀਕਾ ’ਚ ਵੱਸਦੇ ਉਨ੍ਹਾਂ ਦੇ ਮਿੱਤਰ ਸਰਵਣ ਸਿੰਘ ਬੜਿੰਗ ਵਲੋਂ ਹੜ੍ਹ ਪੀੜਤਾਂ ਦੀ ਮਦਦ ਲਈ ਇਕ ਲੱਖ ਰੁਪਏ ਭੇਜੇ ਗਏ ਸਨ। ਕਾਮਰੇਡ ਅਕਲਪੁਰੀ ਨੇ ਦੱਸਿਆ ਕਿ ਉਨ੍ਹਾਂ ਨੇ ਉਕਤ ਮਾਮਲੇ ਵਿਚ ਡਿਪਟੀ ਕਮਿਸ਼ਨਰ ਜਲੰਧਰ ਵਰਿੰਦਰ ਕੁਮਾਰ ਸ਼ਰਮਾ ਨਾਲ ਸੰਪਰਕ ਕੀਤਾ। ਡੀਸੀ ਸ਼ਰਮਾ ਨੇ ਉਨ੍ਹਾਂ ਨੂੰ ਦੱਸਿਆ ਕਿ ਹੜ੍ਹ ਪੀੜਤਾਂ ਦੀ ਮਦਦ ਲਈ ਵੱਖ-ਵੱਖ ਸੰਸਥਾਵਾਂ ਅਤੇ ਦਾਨੀ ਸੱਜਣਾਂ ਨੇ ਨਿੱਜੀ ਤੌਰ ’ਤੇ ਆਟਾ, ਦਾਲਾਂ, ਸਬਜ਼ੀਆਂ, ਰਾਸ਼ਨ ਅਤੇ ਪੀਣ ਲਈ ਪਾਣੀ ਆਦਿ ਬਹੁਤ ਵੱਡੀ ਮਾਤਰਾ ਵਿਚ ਭੇਜ ਦਿੱਤਾ ਹੈ, ਇਸ ਲਈ ਰਾਸ਼ਨ ਪਾਣੀ ਦੀ ਫਿਲਹਾਲ ਹੋਰ ਜ਼ਰੂਰਤ ਨਹੀਂ ਹੈ, ਜੇ ਹੋ ਸਕਦਾ ਹੈ ਤਾਂ ਪਾਣੀ ਦੀ ਮਾਰ ’ਚ ਆਏ ਇਲਾਕਿਆਂ ’ਚ ਬੈਠੇ ਸੈਂਕੜੇ ਲੋਕਾਂ ਨੂੰ ਮੱਛਰਦਾਨੀਆਂ ਦੀ ਡਾਢੀ ਲੋੜ ਹੈ ਕਿਉਂਕਿ ਪਾਣੀ ਖੜ੍ਹ ਜਾਣ ਕਾਰਨ ਮੱਛਰ ਬਹੁਤ ਜ਼ਿਆਦਾ ਹੋ ਗਿਆ ਹੈ। ਕਾਮਰੇਡ ਅਕਲਪੁਰੀ ਨੇ ਦੱਸਿਆ ਕਿ ਡੀਸੀ ਸ਼ਰਮਾ ਦੀ ਨੇਕ ਸਲਾਹ ਦੇ ਮੱਦੇਨਜ਼ਰ ਉਨ੍ਹਾਂ ਨੇ ਇਕ ਲੱਖ ਰੁਪਏ ਮੁੱਲ ਦੀਆਂ ਚੰਗੀ ਕੁਆਲਟੀ ਦੀਆਂ 600 ਮੱਛਰਦਾਨੀਆਂ ਅਤੇ ਮੱਛਰਦਾਨੀਆਂ ਟੰਗਣ ਲਈ 2400 ਸੋਟੀਆਂ ਖ਼ਰੀਦ ਕੇ ਲੋਹੀਆਂ ਦੇ ਪਾਰਕਲੈਂਡ ਪੈਲੇਸ ਵਿਖੇ ਨੋਡਲ ਅਫ਼ਸਰ ਪਰਮਵੀਰ ਸਿੰਘ (ਆਈਏਐਸ) ਅਤੇ ਵਰਜੀਤ ਸਿੰਘ ਵਾਲੀਆ (ਆਈਏਐਸ) ਕੋਲ ਜਾ ਕੇ ਜਮਾਂ ਕਰਵਾ ਦਿੱਤੀਆਂ ਹਨ, ਉਹ ਇਹ ਸੋਟੀਆਂ ਸਮੇਤ ਮੱਛਰਦਾਨੀਆਂ ਲੋੜਵੰਦਾਂ ਤੱਕ ਜ਼ਿੰਮੇਵਾਰੀ ਨਾਲ ਪਹੁੰਚਾ ਦੇਣਗੇ। ਉਨ੍ਹਾਂ ਦੱਸਿਆ ਕਿ ਨੋਡਲ ਅਫ਼ਸਰ ਪਰਮਵੀਰ ਸਿੰਘ ਅਤੇ ਵਰਜੀਤ ਸਿੰਘ ਵਾਲੀਆ ਨੇ ਸਰਵਣ ਸਿੰਘ ਬੜਿੰਗ ਵਲੋਂ ਭੇਜੇ ਇਕ ਲੱਖ ਰੁਪਏ ਨਾਲ ਖਰੀਦੀਆਂ ਮੱਛਰਦਾਨੀਆਂ ਅਤੇ ਸੋਟੀਆਂ ਲਈ ਕੀਤੇ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਰਾਸ਼ਨ ਪਾਣੀ ਤਾਂ ਬਹੁਤ ਜਮਾਂ ਹੋ ਚੁੱਕਿਆ ਸੀ ਪਰ ਹੁਣ ਪਾਣੀ ਦੀ ਮਾਰ ’ਚ ਆਏ ਸੈਂਕੜੇ ਲੋਕਾਂ ਨੂੰ ਮੱਛਰਾਂ ਤੋਂ ਬਚਣ ਲਈ ਸੱਚਮੁੱਚ ਮੱਛਰਦਾਨੀਆਂ ਦੀ ਬਹੁਤ ਜ਼ਿਆਦਾ ਲੋੜ ਸੀ। ਭੇਜੀਆਂ ਗਈਆਂ ਇਹ ਮੱਛਰਦਾਨੀਆਂ ਲੋੜਵੰਦਾਂ ਦੀ ਵੱਡੀ ਮਦਦ ਸਾਬਤ ਹੋਣਗੀਆਂ।

Previous article82 ਹੜ ਪ੍ਰਭਾਵਿਤ ਪਿੰਡਾ ਵਿੱਚ ਕਿਸਾਨਾਂ ਦੇ ਹੋਏ ਨੁਕਸਾਨ ਦੇ ਹੱਲ ਲਈ ਗਿਰਦਾਵਰੀ ਦੀ ਸ਼ੁਰੂਆਤ, ਸਬ ਡਵੀਜ਼ਨ ਸ਼ਾਹੋਕਟ ਦੇ 52 ਪਿੰਡ ਅਤੇ ਸਬ ਡਵੀਜ਼ਨ ਫਿਲੌਰ ਦੇ 30 ਪਿੰਡਾਂ ਨੂੰ ਮਿਲੇਗੀ ਰਾਹਤ
Next articleਹੜ੍ਹ ਪੀੜਤਾਂ ਦੀਆਂ ਮੰਗਾਂ ਲਈ ਜ਼ਿਲ੍ਹਾ ਜਲੰਧਰ ਵਿੱਚ ਵਿਸ਼ਾਲ ਅਤੇ ਰੋਹ ਭਰਪੂਰ ਧਰਨੇ, ਮੰਗਾਂ ਪਰਵਾਨ ਹੋਣ ਤੱਕ ਸੰਘਰਸ਼ ਜਾਰੀ ਰਹੇਗਾ – ਕਾਮਰੇਡ ਤੱਗੜ